ਮਲਸੀਆਂ, 17 ਮਈ (ਸੁਖਦੀਪ ਸਿੰਘ) ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ, ਤਲਵੰਡੀ ਮਾਧੋ (ਜਲੰਧਰ) ਦੇ ਪਿ੍ੰਸੀਪਲ ਅਰੁਣ ਕੁਮਾਰ ਦੀ ਅਗਵਾਈ ਅਤੇ ਪੀ.ਈ.ਟੀ. ਵਿਨੈ ਕੁਮਾਰ ਤੇ ਸਾਬਿਆ ਸਿੱਧੂ ਦੀ ਦੇਖ-ਰੇਖ ਹੇਠ ਵਿਦਿਆਲਿਆ ਦੇ ਖਿਡਾਰੀਆਂ ਨੇ ਰੀਜ਼ਨਲ ਲੈਵਲ ਵੱਖ-ਵੱਖ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਮ ਰੌਸ਼ਨ ਕੀਤਾ ਹੈ, ਜਿੰਨ੍ਹਾਂ ਦਾ ਵਾਪਸ ਪਰਤਣ 'ਤੇ ਵਿਦਿਆਲਿਆ ਪਰਿਵਾਰ ਵਲੋਂ ਮੈਡਲ ਪਹਿਨਾ ਕੇ ਸਵਾਗਤ ਕੀਤਾ ਗਿਆ | ਪਿ੍ੰਸੀਪਲ ਅਰੁਣ ਕੁਮਾਰ ਨੇ ਦੱਸਿਆ ਕਿ ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ਚੰਡੀਗੜ੍ਹ ਰੀਜ਼ਨ ਅਧੀਨ ਰੀਜ਼ਨਲ ਲੈਵਲ ਦੇ ਬਾਸਕਟਬਾਲ, ਵਾਲੀਬਾਲ, ਕਬੱਡੀ, ਅਥਲੈਟਿਕਸ, ਜੂਡੋ, ਚੈੱਸ ਆਦਿ ਦੇ ਮੁਕਾਬਲੇ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਵਿਦਿਆਲਿਆ 'ਚ ਕਰਵਾਏ ਗਏ, ਜਿੰਨ੍ਹਾਂ 'ਚ ਇਸ ਵਿਦਿਆਲਿਆ ਦੇ ਖਿਡਾਰੀਆਂ ਨੇ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤੇ ਤੇ ਕਈ ਇਨਾਮ ਜਿੱਤੇ | ਉਨ੍ਹਾਂ ਦੱਸਿਆ ਕਿ ਰੀਜ਼ਨਲ ਲੈਵਲ 'ਤੇ ਜੇਤੂ ਖਿਡਾਰੀ ਹੁਣ ਨੈਸ਼ਨਲ ਲੈਵਲ ਮੁਕਾਬਲਿਆਂ 'ਚ ਭਾਗ ਲੈਣਗੇ | ਉਨ੍ਹਾਂ ਕਿਹਾ ਕਿ ਵਿਦਿਆਲਿਆ ਦੇ ਪੀ.ਈ.ਟੀ. ਵਿਨੈ ਕੁਮਾਰ ਤੇ ਸਾਬਿਆ ਸਿੱਧੂ ਵੱਲੋਂ ਖਿਡਾਰੀਆਂ ਨੂੰ ਖੇਡਾਂ ਲਈ ਬਹੁਤ ਵਧੀਆ ਤਿਆਰੀ ਕਰਵਾਈ ਜਾ ਰਹੀ ਹੈ, ਜਿੰਨ੍ਹਾਂ ਦੀ ਬਦੌਲਤ ਖਿਡਾਰੀਆਂ ਨੇ ਇਹ ਜਿੱਤ ਹਾਸਲ ਕੀਤੀ ਹੈ | ਇਸ ਮੌਕੇ ਵਾਇਸ ਪਿ੍ੰਸੀਪਲ ਸਾਹਿਲ ਜੈਨ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ |