ਜੰਡਿਆਲਾ ਮੰਜਕੀ, 17 ਮਈ (ਸੁਰਜੀਤ ਸਿੰਘ ਜੰਡਿਆਲਾ) ਪਹਿਲਾਂ ਪਹਿਲ ਝੋਨੇ ਦੀ ਫਸਲ ਦੀ ਰਹਿੰਦ ਕੂੰਦ ਨਾੜ ਨੂੰ ਅੱਗ ਲਗਾਉਣ ਦਾ ਰੁਝਾਨ ਆਮ ਦੇਖਿਆ ਜਾਂਦਾ ਸੀ | ਪ੍ਰੰਤੂ ਹੁਣ ਕਣਕ ਦੀ ਕਟਾਈ ਤੋਂ ਬਾਅਦ ਅਤੇ ਰੀਪਰ ਨਾਲ ਤੂੜੀ ਬਣਾਉਣ ਦੇ ਬਾਵਜੂਦ ਵੀ ਬਚੀ ਰਹਿੰਦ ਖੂੰਦ ਨੂੰ ਅੱਗ ਲਗਾਉਣ ਦਾ ਰੁਝਾਨ ਵਧਦਾ ਹੀ ਨਜ਼ਰ ਆ ਰਿਹਾ ਹੈ | ਅੱਗ ਲਗਾਉਣ ਵਾਲੇ ਕਿਸਾਨਾਂ ਦੀ ਫਰਦ ਵਿੱਚ ਲਾਲ ਲਕੀਰ ਦਰਜ ਕਰਨ ਦੇ ਦਾਅਵੇ ਕਰਨ ਵਾਲੇ ਅਧਿਕਾਰੀ ਵੀ ਇਸ ਵਰਤਾਰੇ ਸਬੰਧੀ ਚੁੱਪ ਹਨ | ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਜ਼ਮੀਨ ਲਈ ਲੁੜੀਂਦੇ ਮਿੱਤਰ ਕੀੜੇ ਸੜ ਜਾਂਦੇ ਹਨ ਉਥੇ ਸੜਕਾਂ ਕਿਨਾਰੇ ਲਾਏ ਗਏ ਹਰੇ ਕਚੂਰ ਰੁੱਖ ਵੀ ਸੜ ਜਾਂਦੇ ਹਨ ਅਤੇ ਸੜਕਾਂ ਉੱਪਰ ਫੈਲਿਆ ਧੂਆਂ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ | ਕੱਲ ਦੇਰ ਸ਼ਾਮ ਜੰਡਿਆਲਾ-ਜਲੰਧਰ ਆਵਾਜਾਈ ਭਰਪੂਰ ਮੁੱਖ ਸੜਕ ਤੇ ਜਗ੍ਹਾ ਜਗ੍ਹਾ ਲਗਾਈ ਗਈ ਅੱਗ ਅਧਿਕਾਰੀਆਂ ਦਾ ਮੂੰਹ ਚਿੜਾ ਰਹੀ ਜਾਪਦੀ ਸੀ ਪੁਲਿਸ ਚੌਂਕੀ ਦੇ ਬਿਲਕੁਲ ਨਾਲ ਹੀ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਸੀ | ਇਸੇ ਤਰਾਂ ਕੁਝ ਫਰਲਾਂਗ ਤੇ ਖੇਤਾਂ ਵਿੱਚ ਲਗਾਈ ਗਈ ਅੱਗ ਦਰਖਤਾਂ ਨੂੰ ਸਾੜ ਕੇ ਸੜਕ ਉੱਪਰ ਫੈਲ ਰਹੀ ਸੀ ਅਤੇ ਰਾਹਗੀਰ ਬਚ ਬਚ ਕੇ ਲੰਘ ਰਹੇ ਸਨ | ਇਥੋਂ ਨਿਕਲਦੀਆਂ ਵੱਖ-ਵੱਖ ਸੰਪਰਕ ਸੜਕਾਂ ਕਿਨਾਰੇ ਖੇਤਾਂ ਵਿੱਚ ਲਗਾਈ ਗਈ ਅੱਗ ਅਧਿਕਾਰੀਆਂ ਦੇ ਅੱਗ ਨਾ ਲਗਾਉਣ ਦੇ ਦਾਅਵਿਆਂ ਦੀ ਫੂਕ ਕੱਢਦੀ ਨਜ਼ਰ ਆ ਰਹੀ ਸੀ | ਵਾਤਾਵਰਨ ਪ੍ਰੇਮੀ ਅਤੇ ਗਾਇਕ ਪਰਮਿੰਦਰ ਮਣਕੀ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਨਾੜ ਸਾੜ ਕੇ ਵਾਤਾਵਰਨ ਨੂੰ ਪਲੀਤ ਅਤੇ ਧਰਤੀ ਨੂੰ ਅਪਵਿੱਤਰ ਕਰਨ ਦਾ ਹੱਕ ਕਿਸ ਵੱਲੋਂ ਕਿਸ ਨੂੰ ਦਿੱਤਾ ਗਿਆ ਹੈ ਸਵਾਲ ਖੜੇ ਕਰਦਾ ਹੈ | ਵਾਤਾਵਰਨ ਪ੍ਰੇਮੀਆਂ ਨੇ ਪ੍ਰਦੂਸ਼ਣ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਪਾਸੇ ਧਿਆਨ ਦੇਣ ਅਤੇ ਸਖਤ ਕਾਰਵਾਈ ਕਰਨ ਲਈ ਆਖਿਆ ਹੈ |