ਆਦਮਪੁਰ, 17 ਮਈ (ਹਰਪ੍ਰੀਤ ਸਿੰਘ)-ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਜਿੱਥੇ ਸਮੁੱਚੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਉੱਥੇ ਹੀ ਆਦਮਪੁਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਸਥਿਤੀ ਬਹੁਤ ਹੀ ਹੈਰਾਨੀਜਨਕ ਬਣੀ ਹੋਈ ਹੈ | ਚੋਣਾਂ ਜਿੱਤਣ ਅਤੇ ਨਗਰ ਕੌਂਸਲ 'ਤੇ ਕਬਜ਼ਾ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਦੇਸ਼ ਦੀ ਇਸ ਸਭ ਤੋਂ ਵੱਡੀ ਨੈਸ਼ਨਲ ਪਾਰਟੀ ਨੂੰ ਆਦਮਪੁਰ ਦੇ ਕਈ ਵਾਰਡਾਂ ਵਿੱਚ ਚੋਣ ਲੜਾਉਣ ਲਈ ਉਮੀਦਵਾਰ ਤੱਕ ਨਸੀਬ ਨਹੀਂ ਹੋ ਰਹੇ | ਸਥਾਨਕ ਲੋਕਾਂ ਅਤੇ ਸਿਆਸੀ ਮਾਹਰਾਂ ਵਿੱਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਸਿਰਫ਼ ਮੀਟਿੰਗਾਂ ਕਰਨ ਅਤੇ ਸੋਸ਼ਲ ਮੀਡੀਆ 'ਤੇ ਫੋਟੋਆਂ ਪਾਉਣ ਤੱਕ ਹੀ ਸੀਮਤ ਰਹਿ ਗਏ ਹਨ | ਜ਼ਮੀਨੀ ਪੱਧਰ 'ਤੇ ਪਾਰਟੀ ਦਾ ਢਾਂਚਾ ਇੰਨਾ ਕਮਜ਼ੋਰ ਨਜ਼ਰ ਆ ਰਿਹਾ ਹੈ ਕਿ ਚੋਣ ਮੈਦਾਨ ਵਿੱਚ ਉਤਾਰਨ ਲਈ ਚਿਹਰੇ ਲੱਭਣੇ ਮੁਸ਼ਕਿਲ ਹੋ ਰਹੇ ਹਨ | ਕੁਝ ਦਿਨ ਪਹਿਲਾਂ ਤੱਕ ਭਾਜਪਾ ਆਗੂਆਂ ਵੱਲੋਂ ਆਦਮਪੁਰ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਜਿੱਤਣ ਅਤੇ ਆਪਣਾ ਨਗਰ ਕੌਂਸਲ ਪ੍ਰਧਾਨ ਬਣਾਉਣ ਦੇ ਅਸਮਾਨੀ ਦਾਅਵੇ ਕੀਤੇ ਜਾ ਰਹੇ ਸਨ | ਪਰ ਹੁਣ ਜਦੋਂ ਨਾਮਜ਼ਦਗੀਆਂ ਅਤੇ ਚੋਣਾਂ ਦਾ ਅਸਲੀ ਸਮਾਂ ਆਇਆ ਹੈ, ਤਾਂ ਕਈ ਵਾਰਡਾਂ ਵਿੱਚ ਉਮੀਦਵਾਰ ਨਾ ਮਿਲਣ ਕਾਰਨ ਪਾਰਟੀ ਦੀ ਸਿਆਸੀ ਪੁਜ਼ੀਸ਼ਨ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ | ਵਿਰੋਧੀ ਧਿਰਾਂ ਵੱਲੋਂ ਭਾਜਪਾ ਤੇ ਤਨਜ਼ ਕਿਹਾ ਕਿ ਬੰਗਾਲ ਦੀ ਜਿੱਤ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਲੈਣ ਭਾਜਪਾ ਦੀ ਹਾਲਤ ਐਨੀ ਮਾੜੀ ਹੈ ਕਿ ਨਗਰ ਕੌਸਲ ਚੋਣਾਂ 'ਚ ਪਾਰਟੀ ਕੋਲ ਵਾਰਡਾਂ ਵਿੱਚ ਖੜ੍ਹੇ ਕਰਨ ਲਈ ਬੰਦੇ ਨਹੀਂ ਹਨ, ਉਹ ਪ੍ਰਧਾਨ ਬਣਾਉਣ ਦੇ ਸੁਪਨੇ ਦੇਖ ਰਹੀ ਹੈ |