ਜਲੰਧਰ, 18 ਮਈ (ਸ਼ਿਵ)-ਸੋਮਵਾਰ ਨੂੰ ਕਹਿਰ ਦੀ ਗਰਮੀ ਪੈਣ ਨਾਲ ਨਾ ਸਿਰਫ਼ ਜਨਜੀਵਨ ਪ੍ਰਭਾਵਿਤ ਰਿਹਾ ਜਿਸ ਕਰਕੇ ਸ਼ਹਿਰ ਦੀ ਕਈ ਸੜਕਾਂ 'ਤੇ ਦੁਪਹਿਰ ਵੇਲੇ ਸੁੰਨ ਪਸਰੀ ਹੋਈ ਸੀ, ਸਗੋਂ ਬਿਜਲੀ ਦੇ ਬਾਰ-ਬਾਰ ਕੱਟ ਲੱਗਣ ਨਾਲ ਵੀ ਲੋਕਾਂ ਨੂੰ ਕਹਿਰ ਦੀ ਗਰਮੀ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਕਹਿਰ ਦੀ ਗਰਮੀ ਕਰਕੇ ਜਿੱਥੇ ਸੜਕਾਂ 'ਤੇ ਸੁੰਨ ਪਈ ਹੋਈ ਸੀ ਸਗੋਂ ਭੀੜ-ਭਾੜ ਵਾਲੇ ਬਾਜ਼ਾਰਾਂ ਵਿਚ ਵੀ ਸੁੰਨ ਪਸਰੀ ਹੋਈ ਸੀ ਤਾਂ ਗਾਹਕਾਂ ਦੀ ਗਿਣਤੀ ਕਾਫ਼ੀ ਘੱਟ ਸੀ | ਅੱਜ ਦਿਨ ਭਰ ਤੇਜ਼ ਧੁੱਪ ਰਹੀ ਤਾਂ ਆਸਮਾਨ ਬਿਲਕੁਲ ਸਾਫ਼ ਸੀ | ਉਂਜ ਵੀ ਇਸ ਗਰਮੀ ਵਿਚ ਬਾਜ਼ਾਰਾਂ ਵਿਚ ਦੁਪਹਿਰ ਦੀ ਥਾਂ ਗਾਹਕ ਸ਼ਾਮ ਨੂੰ ਖ਼ਰੀਦਦਾਰੀ ਕਰਦੇ ਹਨ | ਚੌਕ ਸੂਦਾਂ ਦੇ ਇਕ ਦੁਕਾਨਦਾਰ ਲਾਡੀ ਸ਼ਰਮਾ ਨੇ ਦੱਸਿਆ ਕਿ ਇਸ ਗਰਮੀ ਵਿਚ ਦੁਪਹਿਰ ਵੇਲੇ ਗਾਹਕ ਕਾਫੀ ਘੱਟ ਗਿਣਤੀ ਵਿਚ ਆਉਂਦੇ ਹਨ | ਉਂਜ ਦੁਪਹਿਰ ਵੇਲੇ ਜਦੋਂ ਜ਼ਿਆਦਾ ਗਰਮੀ ਪੈਂਦੀ ਹੈ ਤਾਂ ਉਸ ਵੇਲੇ ਬਾਰ-ਬਾਰ ਕੱਟ ਲੱਗਣ ਨਾਲ ਦੁਕਾਨਾਂ 'ਤੇ ਬੈਠਣਾ ਵੀ ਔਖਾ ਹੋ ਜਾਂਦਾ ਹੈ | ਉਧਰ ਮੌਸਮ ਮਾਹਿਰਾਂ ਨੇ ਕੁੱਝ ਦਿਨ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ 22 ਮਈ ਤੱਕ ਲੋਕਾਂ ਨੂੰ ਲੂ ਦਾ ਸਾਹਮਣਾ ਕਰਨਾ ਪਵੇਗਾ ਤੇ ਅੱਜ ਲੋਕਾਂ ਨੂੰ ਭਾਰੀ ਗਰਮੀ ਦਾ ਅਹਿਸਾਸ ਹੋਇਆ ਤਾਂ ਸ਼ਹਿਰ ਵਿਚ ਕਈ ਲੋਕ ਛਤਰੀਆਂ ਤੋਂ ਇਲਾਵਾ ਸਿਰ ਮੰੂਹ ਢੱਕ ਕੇ ਲੰਘ ਰਹੇ ਸੀ | ਸ਼ਹਿਰ ਵਿਚ ਅੱਜ ਕਰੀਬ 42 ਡਿਗਰੀ ਤਾਪਮਾਨ ਦਰਜ ਕੀਤਾ ਗਿਆ | ਮੌਸਮ ਮਾਹਿਰਾਂ ਵਲੋਂ 22 ਮਈ ਤੱਕ ਲੂ ਚੱਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ, ਜਿਸ ਕਰਕੇ ਇਸ ਹਫ਼ਤੇ ਲੋਕਾਂ ਨੂੰ ਭਾਰੀ ਗਰਮੀ ਕਰਕੇ ਪੇ੍ਰਸ਼ਾਨੀ ਹੋਵੇਗੀ | ਜਿੱਥੇ ਅੱਜ ਕਹਿਰ ਦੀ ਗਰਮੀ ਨਾਲ ਲੋਕ ਬੇਹਾਲ ਸਨ ਪਰ ਦੂਜੇ ਪਾਸੇ ਇਸ ਭਾਰੀ ਗਰਮੀ ਵਿਚ ਬਿਜਲੀ ਦੇ ਬਾਰ-ਬਾਰ ਕੱਟਾਂ ਕਰਕੇ ਵੀ ਲੋਕਾਂ ਪੇ੍ਰਸ਼ਾਨ ਰਹੇ | ਚਾਹੇ ਕੁੱਝ ਹਿੱਸਿਆਂ ਵਿਚ ਬਿਜਲੀ ਦੇ ਕੱਟ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ ਸਾਰਾ ਦਿਨ ਕਹਿਰ ਦੀ ਗਰਮੀ ਕਾਰਨ ਵਾਰ-ਵਾਰ ਬਿਜਲੀ ਦੇ ਕੱਟ ਲੱਗ ਰਹੇ ਸਨ | ਇਕ ਜਾਣਕਾਰੀ ਮੁਤਾਬਕ ਕਹਿਰ ਦੀ ਗਰਮੀ ਵਿਚ ਬਿਜਲੀ ਦੀ ਮੰਗ ਵਿਚ ਕਾਫੀ ਜ਼ਿਆਦਾ ਵਧ ਗਈ ਸੀ ਜਿਸ ਕਰਕੇ ਪਾਵਰਕਾਮ ਨੂੰ ਇਸ ਗਰਮੀ ਵਿਚ ਪੂਰੀ ਬਿਜਲੀ ਸਪਲਾਈ ਨਾ ਹੋਣ ਕਰਕੇ ਕੱਟ ਲਗਾਉਣੇ ਪੈਂਦੇ ਹਨ | ਇਸ ਤਰਾਂ ਦੇ ਅਣਐਲਾਨੇ ਕੱਟ ਬਿਜਲੀ ਦੀ ਕਮੀ ਕਰਕੇ ਹੀ ਲਗਾਉਣੇ ਪੈਂਦੇ ਹਨ | ਮੌਸਮ ਮਾਹਿਰਾਂ ਵਲੋ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ, ਉਸ ਨਾਲ ਆਉਣ ਵਾਲੇ ਦਿਨਾਂ ਵਿਚ ਗਰਮੀ ਵਿਚ ਲੋਕਾਂ ਦੀ ਪੇ੍ਰਸ਼ਾਨੀ ਵਧਣ ਦੀ ਸ਼ੰਕਾ ਹੈ ਕਿਉਂਕਿ ਇਸ ਗਰਮੀ ਵਿਚ ਜਦੋਂ ਬਿਜਲੀ ਦੇ ਵਾਰ-ਵਾਰ ਕੱਟ ਲੱਗਦੇ ਹਨ ਤਾਂ ਉਸ ਵੇਲੇ ਲੋਕਾਂ ਲਈ ਘਰਾਂ ਅੰਦਰ ਬੈਠਣਾ ਵੀ ਹੋਰ ਮੁਸ਼ਕਲ ਹੋ ਗਿਆ ਸੀ |