07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਦੇਸ਼ ਦੀ ਯੋਜਨਾਬੰਦੀ, ਵਿਕਾਸ ਅਤੇ ਭਵਿੱਖ ਦੀ ਨਵੀਂ ਦਿਸ਼ਾ ਤੈਅ ਕਰੇਗੀ ਜਨਗਣਨਾ-ਅੰਜੂ ਬਾਲਾ

ਅਜੀਤ ਡੈਸਕ 23-05-2026
ਗੁਰਾਇਆ, 22 ਮਈ (ਬਲਵਿੰਦਰ ਸਿੰਘ)-ਭਾਰਤੀ ਜਨਗਣਨਾ ਸਿਰਫ਼ ਦੇਸ਼ ਦੇ ਨਾਗਰਿਕਾਂ ਜਾਂ ਲੋਕਾਂ ਦੀ ਗਿਣਤੀ ਕਰਨ ਦੀ ਪ੍ਰਕਿਰਿਆ ਨਹੀਂ, ਸਗੋਂ ਦੇਸ਼ ਦੀ ਯੋਜਨਾਬੰਦੀ, ਵਿਕਾਸ ਅਤੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਾਲਾ ਮਹੱਤਵਪੂਰਨ ਰਾਸ਼ਟਰੀ ਅਭਿਆਨ ਹੈ | ਇਹ ਕਾਰਜ ਤਦ ਹੀ ਸਫਲ ਹੋ ਸਕਦਾ ਹੈ ਜਦੋਂ ਇਸ ਨਾਲ ਜੁੜੇ ਕਰਮਚਾਰੀ ਆਪਣੀ ਡਿਊਟੀ ਨੂੰ ਦੇਸ਼ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣਗੇ | ਇਹ ਸ਼ਬਦ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਗੁਰਾਇਆ ਦੀ ਮੁੱਖ ਅਧਿਆਪਕਾ ਅਤੇ ਸਟੇਟ ਐਵਾਰਡੀ ਅੰਜੂ ਬਾਲਾ ਨੇ ਕੀਤਾ ਜੋ ਜਨਗਣਨਾ 2027 ਦੀ ਡਿਊਟੀ ਨਿਭਾ ਰਹੇ ਹਨ | ਉਨ੍ਹਾਂ ਕਿਹਾ ਕਿ ਭਾਰਤ ਵਿਚ ਜਨਗਣਨਾ ਦੀ ਪ੍ਰਥਾ ਕਾਫ਼ੀ ਪੁਰਾਣੀ ਹੈ | ਆਜ਼ਾਦੀ ਤੋਂ ਬਾਅਦ ਹਰ ਦਸ ਸਾਲ ਬਾਅਦ ਹੋਣ ਵਾਲੀ ਜਨਗਣਨਾ ਦੇਸ਼ ਦੀ ਆਬਾਦੀ, ਸਿੱਖਿਆ ਦਰ, ਰੋਜ਼ਗਾਰ, ਆਰਥਿਕ ਹਾਲਾਤ ਅਤੇ ਸਮਾਜਿਕ ਬਣਤਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਦੀ ਹੈ | ਸਰਕਾਰ ਵੱਲੋਂ ਬਣਾਈਆਂ ਜਾਣ ਵਾਲੀਆਂ ਨੀਤੀਆਂ ਅਤੇ ਵਿਕਾਸ ਯੋਜਨਾਵਾਂ ਦਾ ਅਧਾਰ ਵੀ ਇਹੀ ਅੰਕੜੇ ਹੁੰਦੇ ਹਨ | ਇਸ ਲਈ ਜਨਗਣਨਾ ਨੂੰ ਲੋਕਤੰਤਰ ਦੀ ਮਜ਼ਬੂਤ ਨੀਂਹ ਮੰਨਿਆ ਜਾਂਦਾ ਹੈ | ਦੇਸ਼ ਦੀ ਤਰੱਕੀ ਲਈ ਸਹੀ ਅੰਕੜਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ | ਜਨਗਣਨਾ ਰਾਹੀਂ ਸਰਕਾਰ ਨੂੰ ਇਹ ਪਤਾ ਲੱਗਦਾ ਹੈ ਕਿ ਕਿਸ ਖੇਤਰ ਵਿਚ ਸਕੂਲਾਂ, ਹਸਪਤਾਲਾਂ, ਸੜਕਾਂ ਜਾਂ ਹੋਰ ਸੁਵਿਧਾਵਾਂ ਦੀ ਲੋੜ ਹੈ | ਇਸ ਤਰ੍ਹਾਂ ਜਨਗਣਨਾ ਸਿੱਧੇ ਤੌਰ 'ਤੇ ਲੋਕਾਂ ਦੀ ਭਲਾਈ ਨਾਲ ਜੁੜੀ ਹੋਈ ਹੈ | ਜਦੋਂ ਇਸ ਕਾਰਜ ਵਿਚ ਜੁੜੇ ਕਰਮਚਾਰੀ ਪੂਰੀ ਇਮਾਨਦਾਰੀ ਅਤੇ ਦੇਸ਼ ਭਗਤੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ, ਤਦ ਹੀ ਇਹ ਮਹਾਂ ਅਭਿਆਨ ਕਾਮਯਾਬ ਬਣਦਾ ਹੈ | ਅੰਜੂ ਬਾਲਾ ਨੇ ਅਖੀਰ ਵਿਚ ਕਿਹਾ ਉਹ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਆਪਨ ਕਾਲ ਦੇ ਅਖੀਰਲੇ ਪੜਾਅ ਵਿਚ ਇਹ ਦੇਸ਼ ਸੇਵਾ ਵੀ ਉਨ੍ਹਾਂ ਦੇ ਹਿੱਸੇ ਆਈ ਹੈ ਤੇ ਮੈਂ ਖ਼ੁਸ਼ੀ - ਖ਼ੁਸ਼ੀ ਇਹ ਸੇਵਾ ਨਿਭਾ ਰਹੀ ਹਾਂ |
ਪਿਛਲੀ ਖ਼ਬਰ ਮਹਿੰਦਰ ਸਿੰਘ ਕੇ ਪੀ ਵਲੋਂ ਕਰਤਾਰਪੁਰ 'ਚ ਅਕਾਲੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਗਲੈਕਸੀ ਹੌਂਡਾ 'ਚ ਲਾਂਚ ਹੋਈ ਨਵੀਂ ਹੌਂਡਾ ਸਿਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।