ਜਲੰਧਰ, 3 ਜੂਨ (ਐੱਮ. ਐੱਸ. ਲੋਹੀਆ) ਬੀਤੇ ਦਿਨੀਂ ਬਸਤੀ ਮਿੱਠੂ 'ਚ ਧਰਮ ਪਰਿਵਰਤਨ ਨੂੰ ਲੈ ਕੇ ਹੋਏ ਵਿਵਾਦ 'ਚ ਸਿੱਖ ਜਥੇਬੰਦੀਆਂ ਤੇ ਕ੍ਰਿਸ਼ਚੀਅਨ ਭਾਈਚਾਰੇ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ | ਸਿੱਖ ਜਥੇਬੰਦੀਆਂ ਵਲੋਂ ਜਿੱਥੇ ਬੀਤੇ ਦਿਨ ਬਸਤੀ ਮਿੱਠੂ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਭਾਰੀ ਇਕੱਤਰਤਾ ਕਰਕੇ ਇਸ ਮਾਮਲੇ 'ਤੇ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਕ੍ਰਿਸ਼ਚੀਅਨ ਭਾਈਚਾਰੇ ਦੇ ਆਗੂਆਂ ਵਲੋਂ ਵੀ ਆਪਣੇ ਤੌਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਅੱਜ ਸ਼ਹਿਰ ਦੀਆਂ ਸਮੂਹ ਸਿੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨਾਲ ਮੁਲਾਕਾਤ ਕੀਤੀ | ਉਨ੍ਹਾਂ ਦੋਸ਼ ਲਗਾਏ ਹਨ ਕਿ ਇਸਾਈ ਭਾਈਚਾਰੇ ਵਲੋਂ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਬਾਰੇ ਮਾੜੀ ਸ਼ਬਦਾਵਲੀ ਬੋਲ ਕੇ ਸਿੱਖ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚਾਈ ਗਈ ਹੈ | ਉਨ੍ਹਾਂ ਕਿਹਾ ਕਿ ਇਸਾਈ ਭਾਈਚਾਰੇ ਵਲੋਂ ਲੋਕਾਂ 'ਚ ਗੁੰਮਰਾਹਕੁੰਨ ਪ੍ਰਚਾਰ ਕਰਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਪੁਲਿਸ ਕਮਿਸ਼ਨਰਾਂ ਤੋਂ ਮੰਗ ਕੀਤੀ ਕਿ ਨਿਰਪੱਖ ਜਾਂਚ ਕਰਕੇ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਰਣਜੀਤ ਸਿੰਘ ਰਾਣਾ (ਸਿੱਖ ਚੜ੍ਹਦੀ ਕਲਾ ਫਰੰਟ), ਹਰਜਿੰਦਰ ਸਿੰਘ ਜਿੰਦਾ (ਆਵਾਜ਼-ਏ-ਕੌਮ), ਸੁਖਮਿੰਦਰ ਸਿੰਘ ਰਾਜਪਾਲ, ਬਾਬਾ ਭਵਨਦੀਪ ਸਿੰਘ (ਤਰਨਾ ਦਲ ਹਰੀਆਂ ਵੇਲਾਂ), ਜਤਿੰਦਰ ਸਿੰਘ ਮਝੈਲ, ਬਲਦੇਵ ਸਿੰਘ (ਗਤਕਾ ਮਾਸਟਰ), ਦਲਜੀਤ ਸਿੰਘ (ਲੰਮਾ ਪਿੰਡ), ਬਹਾਦਰ ਸਿੰਘ (ਜੈਮਲ ਨਗਰ), ਜਥੇਦਾਰ ਅਜੀਤ ਸਿੰਘ, ਜਥੇਦਾਰ ਵਰਿਆਮ ਸਿੰਘ, ਗੁਰਵਿੰਦਰ ਸਿੰਘ ਪਰਹਾਰ, ਮਨਜੀਤ ਸਿੰਘ (ਕਰਤਾਰਪੁਰ), ਮੰਗਲ ਸਿੰਘ, ਕੁਲਦੀਪ ਸਿੰਘ ਰਾਜੂ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ (ਮਿੱਠੂ ਬਸਤੀ), ਗਿਆਨ ਸਿੰਘ (ਮਿੱਠੂ ਬਸਤੀ) ਤੇ ਹੋਰ ਹਾਜ਼ਰ ਸਨ |