22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸਿੱਖ ਧਰਮ 'ਚ ਰਿਵਾਇਤੀ ਹਥਿਆਰਾਂ ਦਾ ਧਾਰਮਿਕ ਅਤੇ ਇਤਿਹਾਸਕ ਮਹੱਤਵ-ਇੰਟਰਨੈਸ਼ਨਲ ਸਿੱਖ ਕੌਂਸਲ

ਅਜੀਤ ਡੈਸਕ 04-06-2026
ਜਲੰਧਰ, 3 ਜੂਨ (ਐੱਮ. ਐੱਸ. ਲੋਹੀਆ)-ਇੰਟਰਨੈਸ਼ਨਲ ਸਿੱਖ ਕੌਂਸਲ ਨੇ ਮਹਾਂਰਾਸ਼ਟਰ ਦੇ ਨਾਂਦੇੜ 'ਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨੇੜੇ ਸਥਾਨਕ ਪ੍ਰਸ਼ਾਸਨ ਵਲੋਂ ਰਿਵਾਇਤੀ ਸਿੱਖ ਹਥਿਆਰਾਂ ਦੀ ਜ਼ਬਤੀ ਤੋਂ ਬਾਅਦ ਸਿੱਖ ਸ਼ਰਧਾਲੂਆਂ, ਹਥਿਆਰ ਵਪਾਰੀਆਂ ਅਤੇ ਆਮ ਲੋਕਾਂ ਵਿਰੁੱਧ ਪੁਲਿਸ ਵਲੋਂ ਕੇਸ ਦਰਜ ਕਰਨ ਦੀ ਨਿੰਦਾ ਕੀਤੀ ਹੈ | ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਮਿੱਠੂ ਅਤੇ ਐਡਵੋਕੇਟ ਮਨਪ੍ਰੀਤ ਸਿੰਘ ਗਾਬਾ ਨੇ ਕਿਹਾ ਕਿ ਸਿੱਖ ਧਰਮ 'ਚ ਰਿਵਾਇਤੀ ਹਥਿਆਰਾਂ ਦਾ ਧਾਰਮਿਕ ਅਤੇ ਇਤਿਹਾਸਕ ਮਹੱਤਵ ਹੈ, ਪਰ ਭਾਜਪਾ ਦੀ ਅਗਵਾਈ ਵਾਲੀ ਮਹਾਂਰਾਸ਼ਟਰ ਦੀ ਸੂਬਾ ਸਰਕਾਰ ਵਲੋਂ ਸਿੱਖ ਧਾਰਮਿਕ ਰਿਵਾਇਤਾਂ ਦੀ ਪਰਵਾਹ ਕੀਤੇ ਬਿਨਾਂ, ਕੀਤੀ ਗਈ ਇਹ ਕਾਰਵਾਈ ਨੇ ਪੂਰੀ ਦੁਨੀਆਂ 'ਚ ਵਸਦੇ ਸਿੱਖ ਭਾਈਚਾਰੇ 'ਚ ਰੋਸ ਪੈਦਾ ਕੀਤਾ ਹੈ | ਮਿੱਠੂ ਤੇ ਗਾਬਾ ਨੇ ਕਿਹਾ ਕਿ ਇਹ ਵਿਵਾਦ ਨਾਂਦੇੜ ਦੀ ਪੁਲਿਸ ਵਲੋਂ 6 ਮਈ ਨੂੰ ਵਜ਼ੀਰਾਬਾਦ ਅਤੇ ਇਟਵਾੜਾ ਪੁਲਿਸ ਸਟੇਸ਼ਨ ਦੀ ਹੱਦ 'ਚ ਪੈਂਦੇ ਇਲਾਕਿਆਂ 'ਚ ਕੀਤੇ ਗਏ, ਇਕ ਸਰਚ ਆਪ੍ਰੇਸ਼ਨ ਤੋਂ ਪੈਦਾ ਹੋਇਆ ਹੈ, ਜਿਸ ਦੌਰਾਨ 4800 ਦੇ ਕਰੀਬ ਸਿੱਖ ਰਿਵਾਇਤੀ ਹਥਿਆਰ ਜ਼ਬਤ ਕੀਤੇ ਗਏ ਸਨ | ਉਨ੍ਹਾਂ ਮਹਾਂਰਾਸ਼ਟਰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਮਾਮਲੇ ਸਬੰਧੀ ਦਰਜ ਕੀਤੇ ਗਏ ਕੇਸਾਂ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਸਦੀਆਂ ਤੋਂ ਸਿੱਖ ਕੌਮ ਜਾਤ, ਨਸਲ, ਧਰਮ ਜਾਂ ਕੌਮੀਅਤ ਦੀ ਪਰਵਾਹ ਕੀਤੇ ਬਿਨਾਂ ਸਾਰੇ ਭਾਈਚਾਰਿਆਂ ਦੇ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਨਿਆਂ ਦੀ ਰੱਖਿਆ ਕਰਨ 'ਚ ਸਭ ਤੋਂ ਅੱਗੇ ਰਹੀ ਹੈ | ਸਿੱਖ ਇਤਿਹਾਸ ਨਾ ਸਿਰਫ਼ ਸਿੱਖ ਧਰਮ ਸਗੋਂ ਹਰ ਪਿਛੋਕੜ ਦੇ ਦੱਬੇ-ਕੁਚਲੇ ਅਤੇ ਕਮਜ਼ੋਰ ਲੋਕਾਂ ਦੀ ਸੁਰੱਖਿਆ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਜ਼ਬਤ ਕੀਤੇ ਰਿਵਾਇਤੀ ਸਿੱਖ ਹਥਿਆਰ, ਜਿਨ੍ਹਾਂ 'ਚ ਕਿਰਪਾਨਾਂ ਅਤੇ ਹੋਰ ਇਤਿਹਾਸਕ ਹਥਿਆਰ ਸ਼ਾਮਿਲ ਹਨ, ਸਿਰਫ਼ ਵਸਤੂਆਂ ਨਹੀਂ ਹਨ, ਸਗੋਂ ਸਿੱਖ ਧਰਮ 'ਚ ਇਨ੍ਹਾਂ ਦਾ ਬਹੁਤ ਵੱਡਾ ਧਾਰਮਿਕ, ਅਧਿਆਤਮਿਕ ਅਤੇ ਇਤਿਹਾਸਕ ਮਹੱਤਵ ਹੈ | ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਸਿੱਖ ਧਾਰਮਿਕ ਰਿਵਾਇਤਾਂ ਸਬੰਧੀ ਕਿਸੇ ਵੀ ਪ੍ਰਬੰਧਕੀ ਜਾਂ ਕਾਨੂੰਨੀ ਕਾਰਵਾਈ ਨੂੰ ਸੰਵੇਦਨਸ਼ੀਲਤਾ, ਸਲਾਹ-ਮਸ਼ਵਰੇ ਅਤੇ ਧਾਰਮਿਕ ਆਜ਼ਾਦੀ ਦੀਆਂ ਸੰਵਿਧਾਨਿਕ ਗਰੰਟੀਆਂ ਦੇ ਸਤਿਕਾਰ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ਼ਾਂਤਮਈ ਸ਼ਰਧਾਲੂਆਂ 'ਚ ਡਰ, ਨਾਰਾਜ਼ਗੀ ਜਾਂ ਗ਼ਲਤਫ਼ਹਿਮੀ ਪੈਦਾ ਕਰਨ ਵਾਲੀਆਂ ਕਾਰਵਾਈਆਂ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਭਾਈਚਾਰਿਆਂ ਅਤੇ ਅਧਿਕਾਰੀਆਂ ਵਿਚਕਾਰ ਵਿਸ਼ਵਾਸ਼ ਨੂੰ ਕਮਜ਼ੋਰ ਕਰ ਸਕਦੀਆਂ ਹਨ | ਆਗੂਆਂ ਨੇ ਮਹਾਂਰਾਸ਼ਟਰ ਸਰਕਾਰ ਅਤੇ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਸਿੱਖ ਪ੍ਰਤੀਨਿਧੀਆਂ ਨਾਲ ਰਚਨਾਤਮਕ ਗੱਲਬਾਤ ਕਰਨ, ਇਸ ਮਾਮਲੇ 'ਚ ਦਰਜ ਮਾਮਲਿਆਂ ਦੀ ਸਮੀਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ, ਕਿ ਸਿੱਖ ਧਾਰਮਿਕ ਰਿਵਾਇਤਾਂ ਦਾ ਭਾਰਤ ਦੇ ਸੰਵਿਧਾਨ ਅਤੇ ਧਾਰਮਿਕ ਆਜ਼ਾਦੀ ਦੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਿਧਾਂਤਾਂ ਅਨੁਸਾਰ ਸਤਿਕਾਰ ਅਤੇ ਸੁਰੱਖਿਆ ਕੀਤੀ ਜਾਵੇ | ਇਸ ਮੌਕੇ ਸ਼ੇਰ ਸਿੰਘ ਨਿਹੰਗ (ਬੁੱਢਾ ਦਲ), ਅਮਨਦੀਪ ਸਿੰਘ, ਬੂਟਾ ਸਿੰਘ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ 'ਚ ਕਾਨੂੰਨ ਵਿਵਸਥਾ ਕੰਟਰੋਲ ਤੋਂ ਹੋਈ ਬਾਹਰ-ਸੁਰਿੰਦਰ ਕੌਰ ਅਗਲੀ ਖ਼ਬਰ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ ਉੱਚ ਅੰਕ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦਾ ਪੁਲਿਸ ਡੀ.ਏ.ਵੀ. ਸਕੂਲ 'ਚ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।