ਸ੍ਰੀ ਦੇਵੀ ਤਲਾਬ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਅਜੀਤ ਡੈਸਕ
05-06-2026
ਅਫਵਾਹਾਂ ਫੈਲਾਉਣ ਵਾਲੇ ਅਜੇ ਵੀ ਕਾਨੂੰਨ ਦੀ ਪਕੜ ਤੋਂ ਦੂਰ
ਸਾਈਬਰ ਮਾਧਿਅਮਾਂ ਰਾਹੀਂ ਧਮਕੀ ਭਰੇ ਸੰਦੇਸ਼ ਭੇਜਣ ਵਾਲੇ ਅਨਸਰਾਂ ਦੀ ਪਛਾਣ ਅਤੇ ਗਿ੍ਫ਼ਤਾਰੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ | ਲਗਾਤਾਰ ਸਾਹਮਣੇ ਆ ਰਹੇ ਅਜਿਹੇ ਮਾਮਲਿਆਂ ਦੇ ਬਾਵਜੂਦ ਬਹੁਤ ਘੱਟ ਮੌਕਿਆਂ 'ਤੇ ਦੋਸ਼ੀਆਂ ਤੱਕ ਪਹੁੰਚ ਬਣ ਸਕੀ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਸੰਦੇਸ਼ ਸਿਰਫ਼ ਸੁਰੱਖਿਆ ਏਜੰਸੀਆਂ ਲਈ ਹੀ ਨਹੀਂ, ਸਗੋਂ ਆਮ ਲੋਕਾਂ ਵਿੱਚ ਬੇਲੋੜਾ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰਨ ਦਾ ਕਾਰਨ ਵੀ ਬਣਦੇ ਹਨ | ਪਹਿਲਾਂ ਸਾਈਬਰ ਅਪਰਾਧ ਜ਼ਿਆਦਾਤਰ ਆਰਥਿਕ ਠੱਗੀਆਂ ਤੱਕ ਸੀਮਤ ਨਜ਼ਰ ਆਉਂਦੇ ਸਨ, ਪਰ ਹੁਣ ਈ-ਮੇਲਾਂ ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਅਫਵਾਹਾਂ ਫੈਲਾ ਕੇ ਜਨਤਕ ਜੀਵਨ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ ਵੀ ਵਧ ਰਹੇ ਹਨ | ਲੋਕਾਂ ਦੀ ਮੰਗ ਹੈ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਮਾਜ ਵਿੱਚ ਡਰ ਦਾ ਮਾਹੌਲ ਨਾ ਬਣੇ |
ਆਏ ਦਿਨ ਧਮਕੀ ਭਰੀਆਂ ਈ-ਮੇਲਾਂ ਨਾਲ ਬਣ ਰਿਹਾ ਡਰ ਦਾ ਮਾਹੌਲ
ਪਿਛਲੇ ਕੁਝ ਸਮੇਂ ਤੋਂ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਕੂਲਾਂ, ਧਾਰਮਿਕ ਸਥਾਨਾਂ ਅਤੇ ਸਰਕਾਰੀ ਇਮਾਰਤਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਕਈ ਮੌਕਿਆਂ 'ਤੇ ਪ੍ਰੀਖਿਆਵਾਂ ਦੌਰਾਨ ਸਕੂਲਾਂ ਨੂੰ ਧਮਕੀ ਭਰੇ ਸੰਦੇਸ਼ ਮਿਲਣ ਕਾਰਨ ਵਿਦਿਆਰਥੀਆਂ ਨੂੰ ਤੁਰੰਤ ਘਰ ਭੇਜਣਾ ਪਿਆ ਅਤੇ ਪੜ੍ਹਾਈ ਵੀ ਪ੍ਰਭਾਵਿਤ ਹੋਈ | ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਜਾਂਚ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ, ਪਰ ਅਜਿਹੀਆਂ ਖਬਰਾਂ ਦੇ ਸੋਸ਼ਲ ਮੀਡੀਆ 'ਤੇ ਫੈਲਦੇ ਹੀ ਮਾਪਿਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਜਾਂਦਾ ਹੈ | ਹੁਣ ਧਾਰਮਿਕ ਸਥਾਨਾਂ ਨੂੰ ਮਿਲੀਆਂ ਧਮਕੀਆਂ ਨੇ ਵੀ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਅਤੇ ਸੁਰੱਖਿਆ ਏਜੰਸੀਆਂ ਨੂੰ ਵਾਰ-ਵਾਰ ਅਲਰਟ ਰਹਿਣਾ ਪੈ ਰਿਹਾ ਹੈ |