ਜਲੰਧਰ, 4 ਜੂਨ (ਐੱਮ. ਐੱਸ. ਲੋਹੀਆ)ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਬਸਤੀ ਸ਼ੇਖ, ਜਲੰਧਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੀਰੀ ਪੀਰੀ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਬੜੀ ਸ਼ਰਧਾ, ਭਾਵਨਾ ਅਤੇ ਪਿਆਰ ਸਹਿਤ ਮਨਾਏ ਜਾ ਰਹੇ ਹਨ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ 6 ਜੂਨ ਨੂੰ ਅੰਮਿ੍ਤ ਵੇਲੇ 4.30 ਵਜੇ ਪ੍ਰਭਾਤ ਫੇਰੀਆਂ ਆਰੰਭ ਹੋਣਗੀਆਂ ਅਤੇ 6 ਜੂਨ ਰਾਤ ਨੂੰ ਆਪ੍ਰੇਸ਼ਨ ਬਲਿਊ ਸਟਾਰ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਢਾਡੀ ਦਰਬਾਰ ਹੋਵੇਗਾ, ਜਿਸ 'ਚ ਰਾਤ 8 ਵਜੇ ਤੋਂ 9.30 ਵਜੇ ਤੱਕ ਗਿਆਨੀ ਦੀਦਾਰ ਸਿੰਘ (ਸੰਗਤਪੁਰੀ), ਢਾਡੀ ਵਾਰਾਂ ਦੁਆਰਾ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਗੇ | ਇਸੇ ਤਰ੍ਹਾਂ 7 ਜੂਨ ਨੂੰ ਸਵੇਰੇ 7 ਤੋਂ 10 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜ਼ਾਰ ਬਾਂਸਾਂ ਵਲੋਂ ਹਫ਼ਤਾਵਾਰੀ ਸਮਾਗਮ ਹੋਣਗੇ ਅਤੇ ਰਾਤ ਦੇ ਦੀਵਾਨ ਕਵੀ ਦਰਬਾਰ ਦੇ ਰੂਪ 'ਚ ਸਜਾਏ ਜਾਣਗੇ, ਜਿਸ 'ਚ ਪੰਜਾਬੀ ਲਿਖਾਰੀ ਸਭਾ ਦੇ ਕਵੀ ਛੇਵੇਂ ਪਾਤਿਸ਼ਾਹ ਦੀ ਉਸਤਤ 'ਚ ਆਪਣੀਆਂ ਰਚਨਾਵਾਂ ਪੇਸ਼ ਕਰਨਗੇ | 8 ਜੂਨ ਸੋਮਵਾਰ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ 'ਚ ਮਾਤਾ ਕੌਲਾਂ ਜੀ ਸੇਵਾ ਸਿਮਰਨ ਸੁਸਾਇਟੀ ਬ੍ਰਾਂਚ ਜਲੰਧਰ ਵਲੋਂ ਭਾਈ ਗਗਨਜੋਤ ਸਿੰਘ ਕੀਰਤਨ ਅਤੇ ਨਾਮ ਬਾਣੀ ਦੀ ਛਹਿਬਰ ਦੁਆਰਾ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨਗੇ |