ਜਲੰਧਰ, 4 ਜੂਨ (ਜਤਿੰਦਰ ਪੰਮੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 'ਮੇਰੀ ਰਸੋਈ' ਸਕੀਮ ਤਹਿਤ ਰਾਸ਼ਨ ਕਿੱਟਾਂ ਭਰਨ ਦੇ ਕੰਮ ਤੋਂ ਕੱਢੇ 100 ਦੇ ਕਰੀਬ ਮਜ਼ਦੂਰਾਂ ਦੀ ਬਹਾਲੀ ਦੇ ਮਸਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੇਬਰ ਦਫਤਰ ਵਿਖੇ ਬੁਲਾਈ ਤਿੰਨ ਧਿਰੀ ਮੀਟਿੰਗ ਵਿੱਚ ਫੈਕਟਰੀ ਦੇ ਮਾਲਕ ਤੇ ਹਿੱਸੇਦਾਰਾਂ ਵਲੋਂ ਜਾਣਬੁੱਝ ਕੇ ਕਿਸੇ ਤਣ-ਪੱਤਣ ਨਾਲ ਲੱਗਣ ਕਾਰਨ ਮਸਲਾ ਹੱਲ ਨਹੀਂ ਹੋ ਸਕਿਆ | ਸਹਾਇਕ ਕਿਰਤ ਕਮਿਸ਼ਨਰ ਕੁੰਵਰ ਡਾਬਰ ਦੀ ਅਗਵਾਈ ਹੇਠ ਉਨ੍ਹਾਂ ਦੇ ਦਫਤਰ 'ਚ ਹੋਈ ਬੈਠਕ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸਮੀਰ ਸਿੰਘ ਘੁੱਗਸ਼ੋਰ, ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਸੂਬਾ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੇਬਰ ਇੰਸਪੈਕਟਰ ਚੰਦਨ ਗਿੱਲ, ਲੇਬਰ ਇੰਸਪੈਕਟਰ ਗੌਰਵ ਸ਼ਾਰਦਾ, ਨਾਇਬ ਤਹਿਸੀਲਦਾਰ ਦਮਨਪ੍ਰੀਤ ਸਿੰਘ, ਜ਼ਿਲ੍ਹਾ ਮੈਨੇਜਰ ਫੈਕਟਰੀਜ਼, ਜਨਰਲ ਮੈਨੇਜਰ ਮਾਰਕਫੈੱਡ ਜਗਦੀਪ ਸਿੰਘ, ਡੀ. ਐੱਸ. ਪੀ. (ਡੀ) ਦਿਹਾਤੀ ਲਖਵਿੰਦਰ ਸਿੰਘ, ਏ. ਸੀ. ਪੀ. ਰਾਜੇਸ਼ ਠਾਕੁਰ, ਇੰਸਪੈਕਟਰ ਰਵਿੰਦਰ ਕੁਮਾਰ ਅਤੇ ਫੈਕਟਰੀ ਪ੍ਰਬੰਧਕਾਂ ਵਲੋਂ ਮੀਣਾ ਸ਼ਾਮਲ ਹੋਏ | ਗੈਰਕਾਨੂੰਨੀ ਢੰਗ ਨਾਲ ਕੰਮ ਤੋਂ ਕੱਢੇ 160 ਮਜ਼ਦੂਰਾਂ ਚੋਂ 2 ਜੂਨ ਨੂੰ ਭਾਵੇਂ 56 ਮਜ਼ਦੂਰਾਂ ਨੂੰ ਕੰਮ ਉੱਤੇ ਬਹਾਲ ਕਰ ਲਿਆ ਗਿਆ | ਇਸ ਤੋਂ ਇਲਾਵਾ ਕਾਫੀ ਲੰਬੀ ਵਿਚਾਰ ਚਰਚਾ ਉਪਰੰਤ ਵੀ ਫੈਕਟਰੀ ਪ੍ਰਬੰਧਕ ਬਾਕੀ ਰਹਿੰਦੇ ਮਜ਼ਦੂਰਾਂ ਨੂੰ ਬਹਾਲ ਕਰਨ ਤੋਂ ਇਨਕਾਰੀ ਹਨ | ਓਧਰ ਯੂਨੀਅਨ ਆਗੂ ਬਾਕੀ ਮਜ਼ਦੂਰਾਂ ਨੂੰ ਕੰਮ ਉੱਤੇ ਬਹਾਲ ਕਰਨ ਅਤੇ ਟੁੱਟੇ ਦਿਨਾਂ ਦਾ ਕਾਨੂੰਨ ਅਨੁਸਾਰ ਬਣਦਾ ਮੁਆਵਜ਼ਾ ਦੇਣ 'ਤੇ ਅੜੇ ਹੋਏ ਹਨ | ਮੀਟਿੰਗ ਵਿੱਚ ਹਾਜ਼ਰ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ 2 ਦਿਨਾਂ ਵਿੱਚ ਮਸਲੇ ਨੂੰ ਹੱਲ ਨਾ ਕੀਤਾ ਗਿਆ ਤਾਂ ਸੋਮਵਾਰ ਤੋਂ ਫੈਕਟਰੀ ਅੱਗੇ ਧਰਨਾ ਪ੍ਰਦਰਸਨ ਕੀਤਾ ਜਾਵੇਗਾ | ਸਹਾਇਕ ਲੇਬਰ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨੂੰ ਦੋ ਦਿਨਾਂ ਵਿੱਚ ਮਸਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ | ਮੀਟਿੰਗ ਉਪਰੰਤ ਜ਼ਿਲ੍ਹਾ ਪ੍ਰਸਾਸਕੀ ਕੰਪਲੈਕਸ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਫੈਕਟਰੀ ਪ੍ਰਬੰਧਕਾਂ ਦੇ ਅੜੀਅਲ ਵਤੀਰੇ ਦੀ ਨਿੰਦਾ ਕੀਤੀ ਗਈ ਅਤੇ ਪ੍ਰਸਾਸਨ ਅਤੇ ਸੂਬਾ ਸਰਕਾਰ ਉੱਤੇ ਮਾਲਕਾਂ ਦਾ ਪੱਖ ਪੂਰਨ ਦਾ ਦੋਸ਼ ਲਾਇਆ | ਇਸ ਮੌਕੇ ਜੀ ਐੱਸ ਅਟਵਾਲ, ਕਸ਼ਮੀਰ ਮੰਡਿਆਲਾ ਅਤੇ ਇਸਤਰੀ ਜਾਗਿ੍ਤੀ ਮੰਚ ਦੇ ਸੂਬਾਈ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਵੀ ਮੌਜੂਦ ਸਨ |