ਜਲੰਧਰ, 4 ਜੂਨ (ਐੱਮ.ਐੱਸ. ਲੋਹੀਆ)ਸ੍ਰੀ ਸਹਿਜ ਪਾਠ ਸੇਵਾ ਕਮੇਟੀ ਅੰਮਿ੍ਤਸਰ ਦੀ ਸਮੁੱਚੀ ਪੰਜਾਬ ਟੀਮ ਵਲੋਂ ਪਿੱਛਲੇ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨਾਈ ਗਈ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਉਸ ਸਮੇਂ ਦੇ ਉਲੀਕੇ ਹੋਏ ਪ੍ਰੋਗਰਾਮ ਤਹਿਤ ਕੀਤੀਆਂ ਸੇਵਾਵਾਂ ਤੇ ਕਾਰਜਾਂ ਨੂੰ ਮੱੁਖ ਰੱਖ ਕੇ ਤਿੰਨ ਰੋਜ਼ਾ ਧਾਰਮਿਕ ਵਰਕਸ਼ਾਪ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਈ ਗਈ, ਜਿਸ ਦੌਰਾਨ ਪੰਜਾਬ ਭਰ ਤੋਂ ਪਹੁੰਚੇ ਸੰਸਥਾ ਦੇ ਪ੍ਰਚਾਰਕਾਂ ਨੇ ਸਵੈ ਪੜਚੋਲ ਕਰਦਿਆਂ ਭਵਿੱਖ ਦੀ ਰਣਨੀਤੀ ਤਿਆਰ ਕਰਨ ਸਬੰਧੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਆਪਣੇ ਸੰਬੋਧਨ 'ਚ ਜਥੇਦਾਰ ਮੰਨਣ ਨੇ ਕਿਹਾ ਕਿ ਸ੍ਰੀ ਸਹਿਜ ਪਾਠ ਸੇਵਾ ਕਮੇਟੀ ਅੰਮਿ੍ਤਸਰ ਦੀ ਟੀਮ ਨੇ 350 ਸਾਲਾ ਸ਼ਹੀਦੀ ਸ਼ਤਾਬਦੀ ਦੌਰਾਨ 35 ਹਜ਼ਾਰ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪਹੁਲ ਛੱਕ ਕੇ ਗੁਰੂ ਵਾਲੇ ਬਣਨ ਦਾ ਟੀਚਾ ਰੱਖਿਆ ਸੀ, ਜੋ ਉਨ੍ਹਾਂ ਵਲੋਂ ਪੂਰਾ ਕਰਕੇ, ਸਿੱਖੀ ਨੂੰ ਪ੍ਰਫੁਲਤ ਕਰਨ ਲਈ ਵੱਡਾ ਕਾਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਤਾਬਦੀ ਸਮੇਤ ਬਹੁਤ ਸਾਰੀਆਂ ਹੋਰ ਵੀ ਸ਼ਤਾਬਦੀਆਂ ਵੱਡੇ ਪੱਧਰ 'ਤੇ ਮਨਾਈਆਂ ਗਈਆਂ, ਜਿੱਥੇ 3 ਲੱਖ ਤੋਂ ਵੱਧ ਸੰਗਤ ਨੇ ਵੱਖ-ਵੱਖ ਸਮੇਂ ਦੌਰਾਨ ਸਹਿਜ ਪਾਠ ਦੇ ਭੋਗ ਪਾ ਕੇ ਆਪਣਾ ਜੀਵਨ ਸਫ਼ਲ ਕੀਤਾ | ਇਸ ਮੀਟਿੰਗ 'ਚ ਰਾਜਪਾਲ ਸਿੰਘ ਅੰਮਿ੍ਤਸਰ, ਸਤਨਾਮ ਸਿੰਘ ਲੁਧਿਆਣਾ, ਜਤਿੰਦਰ ਪਾਲ ਸਿੰਘ ਅੰਮਿ੍ਤਸਰ, ਭਾਈ ਦਿਲਬਾਗ ਸਿੰਘ ਜਲੰਧਰ, ਭਾਈ ਤਰਜਿੰਦਰ ਸਿੰਘ ਸੋਹਲ ਗੁਰਦਾਸਪੁਰ, ਰਤਨ ਸਿੰਘ ਮੋਗਾ, ਮਨਜੀਤ ਸਿੰਘ ਅੰਮਿ੍ਤਸਰ, ਜਗਜੀਤ ਸਿੰਘ ਪਟਿਆਲਾ, ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਮੈਨੇਜਰ ਅਵਤਾਰ ਸਿੰਘ, ਚੜ੍ਹਦੀ ਕਲਾ ਫਰੰਟ ਦੇ ਮੈਂਬਰ ਰਣਜੀਤ ਸਿੰਘ ਰਾਣਾ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਭਾਈ ਹਰਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |