ਜਲੰਧਰ, 4 ਜੂਨ (ਸ਼ਿਵ)-ਨਗਰ ਨਿਗਮ ਜਲੰਧਰ ਨੇ ਜਨਗਣਨਾ-2027 ਦੇ ਫ਼ੀਲਡ ਵਰਕ ਵਿਚ ਸ਼ਾਨਦਾਰ ਪ੍ਰਾਪਤੀ ਦਰਜ ਕਰਦੇ ਹੋਏ ਪੰਜਾਬ ਦੇ ਸਮੂਹ ਨਗਰ ਨਿਗਮਾਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਹ ਉਪਲਬਧੀ ਆਰ.ਪੀ. ਸਿੰਘ, ਸੰਯੁਕਤ ਡਾਇਰੈਕਟਰ ਜਨਗਣਨਾ ਵਿਭਾਗ ਦੀ ਰਹਿਨੁਮਾਈ ਅਤੇ ਸੰਦੀਪ ਰਿਸ਼ੀ ਆਈ.ਏ.ਐੱਸ. ਕਮਿਸ਼ਨਰ-ਕਮ-ਪਿ੍ੰਸੀਪਲ ਸੈਂਸਸ ਅਫ਼ਸਰ, ਨਗਰ ਨਿਗਮ ਜਲੰਧਰ ਅਤੇ ਡਾ. ਸੁਮਨਦੀਪ ਕੌਰ, ਪੀ.ਸੀ.ਐੱਸ., ਸੰਯੁਕਤ ਕਮਿਸ਼ਨਰ-ਕਮ-ਸਿਟੀ ਸੈਂਸਸ ਅਫ਼ਸਰ, ਨਗਰ ਨਿਗਮ ਜਲੰਧਰ ਦੀ ਅਗਵਾਈ ਹੇਠ ਸੰਭਵ ਹੋਈ ਹੈ | ਵਿਕਰਾਂਤ ਵਰਮਾ ਸਹਾਇਕ ਕਮਿਸ਼ਨਰ-ਕਮ-ਚਾਰਜ ਅਫ਼ਸਰ2 ਨੇ ਆਪਣੀ ਚਾਰਜ ਅਧੀਨ ਜਨਗਣਨਾ ਦਾ 100 ਫੀਸਦੀ ਫ਼ੀਲਡ ਵਰਕ ਸਫਲਤਾਪੂਰਵਕ ਮੁਕੰਮਲ ਕਰਕੇ ਨਾ ਸਿਰਫ਼ ਨਗਰ ਨਿਗਮ ਜਲੰਧਰ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਪੰਜਾਬ ਦੇ ਸਾਰੇ ਨਗਰ ਨਿਗਮਾਂ ਵਿਚੋਂ ਸਰਵੋਤਮ ਕਾਰਗੁਜ਼ਾਰੀ ਦਾ ਮਾਣ ਵੀ ਹਾਸਲ ਕੀਤਾ ਹੈ | ਤਿੰਨ ਦਿਨਾਂ ਦੇ ਜਲੰਧਰ ਦੌਰੇ ਦੌਰਾਨ ਆਰ.ਪੀ. ਸਿੰਘ ਨੇ ਫ਼ੀਲਡ ਵਿਚ ਜਾ ਕੇ ਜਨਗਣਨਾ ਦੇ ਕੰਮਾਂ ਦਾ ਜਾਇਜ਼ਾ ਲਿਆ, ਸੁਪਰਵਾਈਜ਼ਰਾਂ ਅਤੇ ਐਨਿਊਮਰੇਟਰਾਂ ਨਾਲ ਗੱਲਬਾਤ ਕੀਤੀ ਅਤੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਚਾਰਜ ਅਫ਼ਸਰ2 ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਬੇਮਿਸਾਲ ਮਿਹਨਤ ਦੀ ਸ਼ਲਾਘਾ ਕਰਦਿਆਂ ਇਸ ਪ੍ਰਾਪਤੀ ਨੂੰ ਹੋਰ ਨਗਰ ਨਿਗਮਾਂ ਲਈ ਇੱਕ ਮਿਸਾਲ ਕਰਾਰ ਦਿੱਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਜਨਗਣਨਾ ਕਾਰਜਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਨੂੰ ਰਾਸ਼ਟਰਪਤੀ ਪੁਰਸਕਾਰ ਲਈ ਵੀ ਵਿਚਾਰਿਆ ਜਾਂਦਾ ਹੈ | ਉਨ੍ਹਾਂ ਨੇ ਨਗਰ ਨਿਗਮ ਜਲੰਧਰ ਦੀ ਸਮੂਹ ਜਨਗਣਨਾ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ |