ਨੂਰਮਹਿਲ, 4 ਜੂਨ (ਤਜਿੰਦਰ ਕੁਮਾਰ)-ਸਮਾਜ ਸੇਵਾ ਅਤੇ ਮਨੁੱਖਤਾ ਦਾ ਸੁੰਦਰ ਸੰਦੇਸ਼ ਦਿੰਦਿਆਂ ਨੂਰਮਹਿਲ ਦੇ ਬਜ਼ਾਰ ਵਿੱਚ ਅੱਜ ਛੋਟੇ-ਛੋਟੇ ਬੱਚਿਆਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਬੱਚਿਆਂ ਨੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਠੰਢਾ ਮਿੱਠਾ ਜਲ ਪਿਲਾਇਆ ਅਤੇ ਛੋਲਿਆਂ ਦਾ ਪ੍ਰਸ਼ਾਦ ਵੀ ਵੰਡਿਆ | ਖਾਸ ਗੱਲ ਇਹ ਰਹੀ ਕਿ ਬੱਚਿਆਂ ਨੇ ਇਸ ਸੇਵਾ ਕਾਰਜ ਦੀ ਪੂਰੀ ਜ਼ਿੰਮੇਵਾਰੀ ਆਪ ਸੰਭਾਲੀ ਅਤੇ ਬੜੇ ਉਤਸ਼ਾਹ ਨਾਲ ਛਬੀਲ ਦੀ ਸੇਵਾ ਨਿਭਾਈ | ਰਾਹਗੀਰਾਂ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜ ਬੱਚਿਆਂ ਵਿੱਚ ਸੇਵਾ ਭਾਵਨਾ, ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖਤਾ ਦੇ ਗੁਣਾਂ ਨੂੰ ਪ੍ਰਫੁੱਲਤ ਕਰਦੇ ਹਨ | ਇਸ ਮੌਕੇ ਅਨੂਸ਼ੀ, ਰਿਆਨ, ਬਰਦਾਨ, ਹਰਸ਼, ਗਿਤਾਂਸ਼, ਡਾਇਨਾ, ਹਿਮਾਨੀ, ਤਨਿਸ਼, ਰੀਸ਼ੀਕਾ ਅਤੇ ਸਵਿਕਾ ਸਮੇਤ ਹੋਰ ਬੱਚਿਆਂ ਨੇ ਛਬੀਲ ਦੀ ਸੇਵਾ ਲਈ ਆਪਣਾ ਸਹਿਯੋਗ ਦਿੱਤਾ ਅਤੇ ਆਉਣ ਵਾਲੇ ਲੋਕਾਂ ਦੀ ਸੇਵਾ ਕੀਤੀ | ਬੱਚਿਆਂ ਦੇ ਇਸ ਨੇਕ ਉਪਰਾਲੇ ਨੇ ਇਲਾਕੇ ਵਿੱਚ ਸੇਵਾ ਅਤੇ ਭਾਈਚਾਰਕ ਸਾਂਝ ਦਾ ਸੁੰਦਰ ਸੰਦੇਸ਼ ਦਿੱਤਾ |