ਨਿਊ ਰੂਬੀ ਹਸਪਤਾਲ ਵਿਖੇ ਲਗਾਇਆ ਬੀ.ਐੱਮ.ਡੀ. ਅਤੇ ਫਾਈਬਰੋ ਸਕੈਨ ਕੈਂਪ
ਡਾ. ਐੱਸ.ਪੀ.ਐੱਸ. ਗਰੋਵਰ ਮਰੀਜ਼ ਦੀ ਜਾਂਚ ਕਰਦੇ ਹੋਏ | ਤਸਵੀਰ : ਮੁਨੀਸ਼
<br/>
07-06-2026
ਜਲੰਧਰ, 6 ਜੂਨ (ਐੱਮ. ਐੱਸ. ਲੋਹੀਆ) - ਰੋਟਰੀ ਕਲੱਬ ਜਲੰਧਰ ਵੈੱਸਟ ਅਤੇ ਇਨਰਵ੍ਹੀਲ ਕਲੱਬ ਦੇ ਮੈਂਬਰਾਂ ਵਲੋਂ ਨਿਊ ਰੂਬੀ ਹਸਪਤਾਲ, ਲਿੰਕ ਰੋਡ, ਲਾਜਪਤ ਨਗਰ, ਜਲੰਧਰ ਵਿਖੇ ਹੱਡੀਆਂ ਦੀ ਸਿਹਤ (ਬੀ.ਐੱਮ.ਡੀ.) ਅਤੇ ਜਿਗਰ ਦੀ ਸਿਹਤ (ਫਾਈਬਰੋ ਸਕੈਨ) ਜਾਂਚ ਲਈ ਮੁਫ਼ਤ ਕੈਂਪ ਲਗਾਇਆ, ਜਿਸ ਦੌਰਾਨ 100 ਦੇ ਕਰੀਬ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ | ਇਸ ਮੌਕੇ ਡਾ. ਐੱਸ.ਪੀ.ਐੱਸ. ਗਰੋਵਰ ਨੇ ਦੱਸਿਆ ਕਿ ਹੱਡੀਆਂ ਦੀ ਮਜ਼ਬੂਤੀ ਜਾਣਨ ਲਈ ਹੱਡੀਆਂ ਦੀ ਖਣਿਜ ਘਣਤਾ ਜਾਂਚ ਇਕ ਬਹੁਤ ਮਹੱਤਵਪੂਰਨ ਟੈੱਸਟ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਓਸਟੀਓਪੇਨਿਕ ਜਾਂ ਓਸਟੀਓਪੋਰੋਸਿਸ ਹੁੰਦਾ ਹੈ, ਜਿਸ ਕਰਕੇ ਉਨ੍ਹਾਂ ਦੇ ਮਾਮੂਲੀ ਡਿੱਗਣ ਨਾਲ ਹੀ ਹੱਡੀਆਂ ਦੇ ਟੁੱਟਣ ਦਾ ਖ਼ਤਰਾ ਹੁੰਦਾ ਹੈ | ਇਸ ਟੈੱਸਟ ਨਾਲ ਸ਼ੁਰੂਆਤੀ ਪੜਾਅ 'ਤੇ ਹੀ ਓਸਟੀਓਪੇਨੀਆ ਅਤੇ ਓਸਟੀਓਪੋਰੋਸਿਸ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਮਰੀਜ਼ ਦਾ ਕੈਲਸ਼ੀਅਮ ਅਤੇ ਵਿਟਾਮਿਨ ਡੀ-3 ਨਾਲ ਸਾਧਾਰਨ ਇਲਾਜ ਕਰਕੇ, ਉਸ ਨੂੰ ਗੰਭੀਰ ਪ੍ਰੇਸ਼ਾਨੀ ਤੋਂ ਮੁਕਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ, ਫਾਈਬਰੋ ਸਕੈਨ ਫੈਟੀ ਲਿਵਰ ਦੇ ਸ਼ੁਰੂਆਤੀ ਬਦਲਾਵਾਂ ਦਾ ਪਤਾ ਲਗਾਉਣ ਲਈ ਇਕ ਟੈੱਸਟ ਹੈ | ਉਨ੍ਹਾਂ ਕਿਹਾ ਕਿ ਫੈਟੀ ਲਿਵਰ ਅੰਤ 'ਚ ਸਿਰੋਸਿਸ ਲਿਵਰ ਜਾਂ ਲਿਵਰ ਕੈਂਸਰ 'ਚ ਵਧਦਾ ਹੈ ਅਤੇ ਫਿਰ ਇਲਾਜ ਸਿਰਫ਼ ਲਿਵਰ ਟ੍ਰਾਂਸਪਲਾਂਟ ਹੈ | ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੜਾਅ 'ਤੇ ਫੈਟੀ ਲਿਵਰ ਦਾ ਇਲਾਜ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਹੈ | ਇਸ ਮੌਕੇ ਇੰਜੀਨੀਅਰ ਕੁਲਦੀਪ ਸਿੰਘ, ਤਰਸੇਮ ਸਿੰਘ ਭੋਲਾ, ਦਲਜੀਤ ਸਿੰਘ ਵਿਰਦੀ, ਹਰਬਿੰਦਰ ਸਿੰਘ, ਡਾ. ਨਵਨੀਤ ਕੌਰ ਅਰੋੜਾ, ਜੇ.ਐੱਸ. ਮਾਹੀ, ਡਾ. ਸਰਿਤਾ, ਡਾ. ਐੱਚ.ਕੇ. ਗਰੋਵਰ, ਗੁਨਿੰਦਰ ਕੌਰ, ਨਵਨੀਤ ਕੌਰ, ਤਜਿੰਦਰ ਕੌਰ, ਰਜਨੀ, ਗੁਰਜੀਤ ਕੌਰ ਅਤੇ ਹੋਰ ਹਾਜ਼ਰ ਸਨ |