25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਐੱਸ.ਆਈ.ਆਰ. ਪ੍ਰਤੀ ਚੌਕਸ ਹੋਣਾ ਜ਼ਰੂਰੀ, ਨਹੀਂ ਤਾਂ ਪੰਜਾਬ ਦਾ ਹਾਲ ਦੂਜੇ ਸੂਬਿਆਂ ਵਾਲਾ ਹੋਵੇਗਾ-ਸਤਨਾਮ ਸਿੰਘ ਮਾਣਕ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਨੇ ਐੱਸ.ਆਈ.ਆਰ. ਪ੍ਰਤੀ ਜਾਗਰੂਕਤਾ ਲਈ ਕਰਵਾਇਆ ਸੈਮੀਨਾਰ <br/>

ਨਕੋਦਰ ਰੋਡ ਸਥਿਤ ਡਾ. ਬੀ. ਆਰ. ਅੰਬੇਡਕਰ ਭਵਨ 'ਚ ਐੱਸ. ਆਈ. ਆਰ. ਬਾਰੇ ਕਰਵਾਏ ਗਏ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਸਤਨਾਮ ਸਿੰਘ ਮਾਣਕ ਤੇ ਸਾਹਮਣੇ ਮੌਜੂਦ ਹਾਜ਼ਰੀਨ | (ਵਿਚਕਾਰ) ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਸਤਨਾਮ ਸਿੰਘ ਮਾਣਕ | (ਸੱਜੇ) ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਸੇਵਾਮੁਕਤ ਪਿ੍ੰਸੀਪਲ ਕੇ. ਐੱਸ. ਫੁੱਲ | ਤਸਵੀਰਾਂ-ਜੀਪੀ ਸਿੰਘ | <br/> 08-06-2026
ਜਲੰਧਰ, 7 ਜੂਨ (ਜਤਿੰਦਰ ਪੰਮੀ)-ਮੌਜੂਦਾ ਸਮੇਂ ਦੇਸ਼ ਦੇ ਹਾਲਾਤ ਬਹੁਤ ਹੀ ਨਾਜ਼ੁਕ ਦੌਰ 'ਚੋਂ ਲੰਘ ਰਹੇ ਹਨ | ਸੱਤਾਧਾਰੀ ਧਿਰ ਨੇ ਸਮਾਜਿਕ ਨਾ-ਬਰਾਬਰੀ ਦੇ ਨਾਲ਼-ਨਾਲ਼ ਦੇਸ਼ ਦੇ ਆਮ ਲੋਕਾਂ ਨੂੰ ਆਰਥਿਕ ਨਾ-ਬਰਾਬਰੀ ਵੱਲ ਵੀ ਧੱਕਣਾ ਸ਼ੁਰੂ ਕਰ ਦਿੱਤਾ ਹੈ | ਦੇਸ਼ ਅੰਦਰ ਮਨੂੰਵਾਦ ਤੇ ਪੂੰਜੀਵਾਦ ਪੂਰੀ ਤਰ੍ਹਾਂ ਭਾਰੂ ਹੋ ਚੁੱਕਾ ਹੈ ਅਤੇ ਫਾਸ਼ੀਵਾਦੀ ਤਾਕਤਾਂ ਨੂੰ ਇਸ ਹੋਰ ਹਵਾ ਦੇ ਰਹੀਆਂ ਹਨ | ਬੇਸ਼ੱਕ ਕੁਝ ਲੋਕ ਆਪਣੇ-ਆਪਣੇ ਪੱਧਰ 'ਤੇ ਇਨ੍ਹਾਂ ਤਾਕਤਾਂ ਵਿਰੁੱਧ ਸੰਘਰਸ਼ ਕਰ ਰਹੇ ਹਨ ਪਰ ਹੁਣ ਲੋੜ ਹੈ ਕਿ ਸਾਰੇ ਮਿਲ ਕੇ ਸਾਂਝਾ ਮੁਹਾਜ਼ ਸਿਰਜ ਕੇ ਇਨ੍ਹਾਂ ਫਾਸ਼ੀਵਾਦੀ ਤਾਕਤਾਂ ਵਿਰੁੱਧ ਸੰਘਰਸ਼ ਕਰੀਏ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਅਜੀਤ' ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵਲੋਂ ਡਾ. ਬੀ. ਆਰ. ਅੰਬੇਡਕਰ ਭਵਨ 'ਚ ਐੱਸ. ਆਈ. ਆਰ. ਬਾਰੇ ਕਰਵਾਏ ਗਏ ਸੈਮੀਨਾਰ ਦੌਰਾਨ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਕੀਤਾ | ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਕਰਵਾਈ ਜਾ ਰਹੀ ਗਹਿਰੀ ਸੋਧ (ਐੱਸ.ਆਈ.ਆਰ.) ਬਾਰੇ ਬੋਲਦਿਆਂ ਸਤਨਾਮ ਸਿੰਘ ਮਾਣਕ ਹੁਰਾਂ ਕਿਹਾ ਕਿ ਐੱਸ.ਆਈ.ਆਰ. ਦੇ ਨਾਂ 'ਤੇ ਸੱਤਧਾਰੀ ਧਿਰ ਵੱਲੋਂ ਵਿਰੋਧੀਆਂ ਦੀਆਂ ਵੋਟਾਂ ਕਟਵਾਈਆਂ ਜਾ ਰਹੀਆਂ ਹਨ | ਇਸ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਤੇ ਇਕਜੁੱਟ ਹੋਣਾ ਪਵੇਗਾ, ਨਹੀਂ ਤਾਂ ਪੰਜਾਬ ਦਾ ਹਾਲ ਵੀ ਬਿਹਾਰ ਤੇ ਪੱਛਮੀ ਬੰਗਾਲ ਵਾਲਾ ਹੋਵੇਗਾ | ਜੇਕਰ ਅਸੀਂ ਸੁਚੇਤ ਨਾ ਹੋਏ ਤਾਂ ਐੱਸ. ਆਈ. ਆਰ. ਦੇ ਨਾਂ 'ਤੇ ਤੁਹਾਡੀਆਂ ਵੀ ਵੋਟਾਂ ਕੱਟੀਆਂ ਜਾਣਗੀਆਂ ਅਤੇ ਤੁਹਾਨੂੰ ਤੁਹਾਡੇ ਮੁੱਢਲੇ ਲੋਕਤੰਤਰੀ ਅਧਿਕਾਰ ਤੋਂ ਵਾਂਝੇ ਕੀਤਾ ਜਾ ਸਕਦਾ ਹੈ | ਇਸ ਸਾਨੂੰ ਸਾਰਿਆਂ ਨੂੰ ਆਪਣੇ ਅਧਿਕਾਰਾਂ ਦੀ ਰਾਖੀ ਲਈ ਇਕਜੁਟ ਹੋ ਕੇ ਸਾਂਝਾ ਮੁਹਾਜ਼ ਬਣਾਉਣਾ ਪਵੇਗਾ ਕਿਉਂਕਿ ਦੇਸ਼ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮੌਜੂਦਾ ਕੇਂਦਰ ਸਰਕਾਰ ਤੇ ਆਰ.ਐੱਸ.ਐੱਸ. ਨੇ ਦੇਸ਼ ਦੇ ਵੱਡੇ ਲੋਕਤੰਤਰੀ ਅਦਾਰਿਆਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੀ ਮਨਮਰਜ਼ੀ ਨਾਲ ਚਲਾ ਰਹੇ ਹਨ | ਸੇਵਾ ਮੁਕਤ ਪਿ੍ੰਸੀਪਲ ਡਾ. ਕੇ. ਐੱਸ. ਫੁੱਲ ਨੇ ਐੱਸ. ਆਈ. ਆਰ. ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਇਹ ਐੱਸ. ਆਈ. ਆਰ. ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੂਜੀ ਵਾਰ ਕਰਵਾਈ ਜਾ ਰਹੀ ਹੈ | ਇਸ ਤੋਂ ਪਹਿਲਾਂ 2002-3 ਵਿਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਕਰਵਾਈ ਸੀ | ਉਨ੍ਹਾਂ ਦੱਸਿਆ ਕਿ ਵੋਟਾਂ ਵਿਚ ਸੁਧਾਈ ਚਾਰ ਪੜਾਵਾਂ ਵਿਚ ਕੀਤੀ ਜਾਣੀ ਹੈ, ਇਸ ਲਈ ਸਾਨੂੰ ਸਾਰਿਆਂ ਸੁਚੇਤ ਹੋ ਕੇ ਆਪਣੀ ਵੋਟ ਬਣਾਉਣ ਲਈ ਸਾਰੀ ਪ੍ਰਕਿਰਿਆ 'ਤੇ ਧਿਆਨ ਰੱਖਣਾ ਪਵੇਗਾ | ਜੇਕਰ ਅਸੀਂ ਵੋਟਾਂ ਦੀ ਸੁਧਾਈ ਦੌਰਾਨ ਅਵੇਸਲੇ ਰਹੇ ਤਾਂ ਸਾਨੂੰ ਆਪਣੇ ਵੋਟ ਦੇ ਲੋਕਤੰਤਰੀ ਅਧਿਕਾਰ ਤੋਂ ਵਾਂਝੇ ਹੋਣਾ ਪਵੇਗਾ, ਜੋ ਕਿ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੇ ਬਹੁਤ ਹੀ ਸੰਘਰਸ਼ ਤੇ ਜੱਦੋ-ਜਹਿਦ ਨਾਲ ਦਿਵਾਇਆ ਸੀ | ਇੰਗਲੈਂਡ ਵਾਸੀ ਅੰਬੇਡਕਰੀ ਮਿਸ਼ਨਰੀ ਹਰਬੰਸ ਬਿਰਦੀ ਨੇ ਵੀ ਐੱਸ. ਆਈ. ਆਰ. ਰਾਹੀਂ ਕੇਂਦਰ ਸਰਕਾਰ ਵਲੋਂ ਆਪਣੇ ਵਿਰੋਧੀਆਂ ਨੂੰ ਵੋਟ ਦੇ ਹੱਕ ਤੋਂ ਲਾਂਭੇ ਕਰਨ ਲਈ ਕੋਝੀ ਚਾਲ ਦੱਸਦਿਆਂ ਜਾਗਰੂਕ ਹੋਣ ਲਈ ਕਿਹਾ | ਇਸ ਦੇ ਨਾਲ ਹੀ ਉਨ੍ਹਾਂ ਨੇ ਡਾ. ਬੀ. ਆਰ. ਅੰਬੇਡਕਰ ਦੇ ਮਿਸ਼ਨ ਦੀ ਵਿਸ਼ਵ 'ਚ ਪੈ ਰਹੇ ਅਸਰ ਬਾਰੇ ਸਾਂਝ ਪਾਈ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੂੰ ਭਾਰਤ ਰਤਨ ਨਹੀਂ ਵਿਸ਼ਵ ਰਤਨ ਦੇ ਨਾਂ ਨਾਲ ਬੁਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਵਿਚਾਰਧਾਰਾ ਨੂੰ ਪੂਰਾ ਵਿਸ਼ਵ ਮੰਨਣ ਲੱਗਾ ਹੈ | ਇਸ ਤੋਂ ਪਹਿਲਾਂ ਡਾ. ਬੀ. ਆਰ. ਅੰਬੇਡਕਰ ਭਵਨ ਦੇ ਟਰੱਸਟੀ ਡਾ. ਜੀ. ਸੀ. ਕੌਲ ਨੇ ਅੰਬੇਡਕਰ ਸੁਸਾਇਟੀ ਪੰਜਾਬ ਤੇ ਭਵਨ ਦੇ ਇਤਿਹਾਸ ਉਨ੍ਹਾਂ ਵਲੋਂ ਕੀਤੇ ਜਾ ਰਹੇ ਮਿਸ਼ਨਰੀ ਕਾਰਜਾਂ ਬਾਰੇ ਚਾਨਣਾ ਪਾਇਆ | ਸਮਾਗਮ ਦੇ ਅਖੀਰ ਸੁਸਾਇਟੀ ਦੇ ਪ੍ਰਧਾਨ ਸੇਵਾਮੁਕਤ ਪ੍ਰੋ. ਬਲਬੀਰ ਨੇ ਬੁਲਾਰਿਆਂ ਤੇ ਸਮਾਗਮ 'ਚ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕਰਨ ਦੇ ਨਾਲ ਹੀ ਐੱਸ. ਆਈ. ਆਰ. ਦੇ ਨਾਂ 'ਤੇ ਸਰਕਾਰਾਂ ਵਲੋਂ ਕੀਤੀ ਜਾ ਰਹੀ ਘਪਲੇਬਾਜ਼ੀ ਤੋਂ ਚੌਕਸ ਰਹਿਣ ਲਈ ਕਿਹਾ ਤਾਂ ਜੋ ਆਪਣੇ ਲੋਕਤੰਤਰੀ ਅਧਿਕਾਰ ਦੀ ਰਾਖੀ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਪਹਿਲਾਂ ਚੋਣ ਕਮਿਸ਼ਨ ਵੋਟਾਂ ਬਣਾਉਣ ਦਾ ਕੰਮ ਕਰਦਾ ਪਰ ਮੌਜੂਦਾ ਸੱਤਾਧਾਰੀ ਨੇ ਹੁਣ ਉਸ ਨੂੰ ਵਿਰੋਧੀਆਂ ਦੀਆਂ ਵੋਟਾਂ ਕੱਟਣ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਅਧਿਕਾਰ ਦੀ ਰਾਖੀ ਲਈ ਜਾਗਰੂਕ ਹੋਣ ਦੇ ਨਾਲ ਹੀ ਚੌਕਸ ਵੀ ਰਹਿਣਾ ਪਵੇਗਾ | ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਚਰਨ ਦਾਸ ਸੰਧੂ ਨੇ ਬੜੇ ਹੀ ਵਧੀਆ ਢੰਗ ਨਾਲ ਨਿਭਾਈ ਅਤੇ ਸਾਰਿਆਂ ਨੂੰ ਫਾਸ਼ੀਵਾਦੀ ਤਾਕਤਾਂ ਵਿਰੁੱਧ ਇਕਜੁਟ ਹੋ ਕੇ ਲੜਨ ਦਾ ਹੋਕਾ ਦਿੱਤਾ | ਇਸ ਮੌਕੇ ਟਰੱਸਟੀ ਬਲਦੇਵ ਰਾਜ ਭਾਰਦਵਾਜ, ਹਰਮੇਸ਼ ਜੱਸਲ, ਡਾ. ਮਹਿੰਦਰ ਸੰਧੂ, ਤਿਲਕ ਰਾਜ, ਸੇਵਾਮੁਕਤ ਅੰਬੈਸਡਰ ਰਮੇਸ਼ ਚੰਦਰ, ਜਗਦੀਸ਼ ਡਾਲੀਆ, ਜੀ. ਲਾਲ, ਵਿਰਸਾ ਵਿਹਾਰ ਦੇ ਸਕੱਤਰ ਸੰਗਤ ਰਾਮ, ਐਡਵੋਕੇਟ ਹਰਭਜਨ ਸਾਂਪਲਾ, ਪਰਮਿੰਦਰ ਸਿੰਘ ਖੁੱਟਣ, ਜਸਵਿੰਦਰ ਵਰਿਆਣਾ, ਮੇਹਰ ਮਲਿਕ, ਪਰਮਜੀਤ ਜੱਸਲ, ਮਲਕੀਤ ਸਿੰਘ, ਚਮਨ ਸਾਂਪਲਾ, ਨਿਰਮਲ ਮਹੇ, ਪ੍ਰੋ. ਅਰਿੰਦਰ ਸਿੰਘ, ਵੀ. ਕੇ. ਸਾਰੰਗਲ, ਮਦਨ ਲਾਲ, ਡਾ. ਸਤਪਾਲ, ਅਸ਼ੋਕ ਪਿ੍ਆਦਰਸ਼ਨੀ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਦਾਤਰ ਨਾਲ ਹਮਲਾ ਕਰਕੇ ਡਰਾਈਵਰ ਤੋਂ ਪਰਸ ਖੋਹਿਆ ਅਗਲੀ ਖ਼ਬਰ ਇਨੋਸੈਂਟ ਹਾਰਟਸ ਸੁਪਰਸਪੈਸ਼ਲਿਟੀ ਹਸਪਤਾਲ ਨੇ ਸਫ਼ਲਤਾਪੂਰਵਕ ਕਿਡਨੀ ਟ੍ਰਾਂਸਪਲਾਂਟ ਕਰਕੇ ਨਵਜੀਤ ਸਿੰਘ ਨੂੰ ਦਿੱਤੀ ਨਵੀਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।