29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਜਲੰਧਰ ਛਾਉਣੀ ਬਾਈਪਾਸ 'ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਜਾਇਜ਼ ਉਸਾਰੀਆਂ ਲਗਾਤਾਰ ਜਾਰੀ

ਅਜੀਤ ਡੈਸਕ 09-06-2026
ਜਲੰਧਰ, 8 ਜੂਨ (ਜਸਪਾਲ ਸਿੰਘ)-ਜਲੰਧਰ ਛਾਉਣੀ ਬਾਈਪਾਸ 'ਤੇ ਸਥਿਤ ਅਤੇ ਨਗਰ ਨਿਗਮ ਅਧੀਨ ਆਉਂਦੇ ਖੁਸਰੋਪੁਰ, ਸੋਫੀ ਪਿੰਡ, ਸੰਸਾਰਪੁਰ, ਨੰਗਲ ਕਰਾਰ ਖਾਂ ਤੇ ਹੋਰਨਾਂ ਪਿੰਡਾਂ 'ਚ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਜਾਇਜ਼ ਉਸਾਰੀਆਂ ਦਾ ਕੰਮ ਲਗਾਤਾਰ ਜਾਰੀ ਹੈ, ਜਦਕਿ ਨਿਯਮਾਂ ਮੁਤਾਬਿਕ ਇਸ ਮਾਰਗ ਦੇ 100 ਫੁੱਟ ਤੱਕ ਕੋਈ ਵੀ ਉਸਾਰੀ ਨਹੀਂ ਹੋ ਸਕਦੀ ਪਰ ਇਸ ਦੇ ਬਾਵਜੂਦ ਹੋ ਰਹੀਆਂ ਇਹ ਨਾਜਾਇਜ਼ ਉਸਾਰੀਆਂ ਸਰਕਾਰ ਦੀ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਦੀ ਵੀ ਪੋਲ ਖੋਲ੍ਹਦੀਆਂ ਹਨ | ਦੱਸਣਯੋਗ ਹੈ ਕਿ ਇਹ ਬਾਈਪਾਸ ਮਾਸਟਰ ਪਲਾਨ ਦਾ ਹਿੱਸਾ ਹੈ ਤੇ ਇਸ ਮਾਰਗ 'ਤੇ 100 ਫੁੱਟ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਨਕਸ਼ਾ ਪਾਸ ਨਹੀਂ ਹੋ ਸਕਦਾ ਤੇ ਨਾ ਹੀ ਕੋਈ ਉਸਾਰੀ ਹੋ ਸਕਦੀ ਹੈ ਪਰ ਇਸ ਸਭ ਦੇ ਬਾਵਜੂਦ ਇਸ ਮਾਰਗ 'ਤੇ ਪਿਛਲੇ ਕੁੱਝ ਸਾਲਾਂ ਤੋਂ ਆਖਰ ਕਿਸ ਦੀ ਸ਼ਹਿ 'ਤੇ ਇਹ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ? ਇਹ ਇਕ ਵੱਡਾ ਸਵਾਲ ਹੈ, ਜਿਸ ਦਾ ਜਵਾਬ ਇਲਾਕੇ ਦੇ ਲੋਕ ਲਗਾਤਾਰ ਮੰਗ ਰਹੇ ਹਨ | ਇਸ ਮਾਰਗ 'ਤੇ ਪਿਛਲੇ ਕੁੱਝ ਦਿਨਾਂ ਤੋਂ ਹੋਰ ਵੀ ਕਈ ਵਪਾਰਕ ਇਮਾਰਤਾਂ ਬਣਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ, ਪਰ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਆਮ ਤੌਰ 'ਤੇ ਲੋਕਾਂ ਵਲੋਂ ਸ਼ਨਿਚਰਵਾਰ ਤੇ ਐਤਵਾਰ ਨੂੰ ਲੈਂਟਰ ਪਾ ਕੇ ਨਾਲ ਹੀ ਰੰਗ ਰੋਗਨ ਕਰਕੇ ਨਿਗਮ ਦੇ ਅਧਿਕਾਰੀਆਂ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕੀਤਾ ਜਾਂਦਾ ਹੈ | ਇਲਾਕੇ ਦੇ ਕੁੱਝ ਸੁਹਿਰਦ ਲੋਕ ਲਗਾਤਾਰ ਇਨ੍ਹਾਂ ਨਾਜਾਇਜ਼ ਉਸਾਰੀਆਂ ਖਿਲਾਫ ਆਵਾਜ਼ ਉਠਾਉਂਦੇ ਆ ਰਹੇ ਹਨ ਪਰ ਨਗਰ ਨਿਗਮ ਦੇ ਅਧਿਕਾਰੀ ਇਕ ਤਰ੍ਹਾਂ ਨਾਲ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਨਾਜਾਇਜ਼ ਉਸਾਰੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਸ ਮਾਰਗ 'ਤੇ ਹੋਰਨਾਂ ਲੋਕਾਂ ਦੇ ਵੀ ਹੌਂਸਲੇ ਵਧਣਗੇ ਤੇ ਉਹ ਵੀ ਨਾਜਾਇਜ਼ ਉਸਾਰੀਆਂ ਕਰਨਗੇ, ਜਿਸ ਨਾਲ ਆਉਣ ਵਾਲੇ ਸਮੇਂ 'ਚ ਜਿੱਥੇ ਆਵਾਜਾਈ ਦੀ ਗੰਭੀਰ ਸਮੱਸਿਆ ਪੈਦਾ ਹੋਵੇਗੀ, ਉੱਥੇ ਸੜਕਾਂ 'ਤੇ ਦੁਕਾਨਦਾਰਾਂ ਦੇ ਸਾਮਾਨ ਤੇ ਵਾਹਨ ਖੜ੍ਹਨ ਨਾਲ ਹਾਦਸੇ ਵੀ ਵਧਣਗੇ | ਉਨ੍ਹਾਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਕੋਲੋਂ ਇਨ੍ਹਾਂ ਨਾਜਾਇਜ਼ ਉਸਾਰੀਆਂ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਨਾਜਾਇਜ਼ ਉਸਾਰੀਆਂ ਨਾਲ ਸਰਕਾਰ ਦੀ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਵੀ ਢਾਅ ਲੱਗ ਰਹੀ ਹੈ ਤੇ ਲੋਕਾਂ ਅੰਦਰ ਸਰਕਾਰ ਦਾ ਅਕਸ ਸਾਫ ਸੁਥਰਾ ਬਣਾਏ ਰੱਖਣ ਲਈ ਨਾਜਾਇਜ਼ ਉਸਾਰੀਆਂ ਨੂੰ ਰੋਕਿਆ ਜਾਣਾ ਬੇਹੱਦ ਜ਼ਰੂਰੀ ਹੈ |
ਪਿਛਲੀ ਖ਼ਬਰ ਲਾਠੀਚਾਰਜ ਦੇ ਵਿਰੋਧ ਵਿਚ ਕਰਮਚਾਰੀਆਂ ਵਲੋਂ ਪ੍ਰਦਰਸ਼ਨ <br/> ਅਗਲੀ ਖ਼ਬਰ ਯੁੱਧ ਦੀ ਆੜ 'ਚ ਲੋਕਾਂ ਨੂੰ ਮਹਿੰਗਾਈ ਦੇ ਦਲਦਲ 'ਚ ਸੁੱਟ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ-ਰਾਣਾ ਰੰਧਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।