ਆਦਮਪੁਰ, 9 ਜੂਨ (ਹਰਪ੍ਰੀਤ ਸਿੰਘ ਰਮਨ ਦਵੇਸਰ)-ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਵਾਰਡ ਨੰਬਰ 6 ਤੋਂ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਉਮੀਦਵਾਰ ਦਵਿੰਦਰ ਸਿੰਘ ਸੂਰੀ ਵੱਲੋਂ ਗੁਰਦੁਆਰਾ ਰਾਮਗੜ੍ਹੀਆ ਆਦਮਪੁਰ ਵਿਸ਼ੇਸ਼ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਮੁੱਖ ਮਹਿਮਾਨ ਪਵਨ ਕੁਮਾਰ ਟੀਨੂੰ ਹਲਕਾ ਇੰਚਾਰਜ ਆਦਮਪੁਰ, ਐੱਸਡੀਐਮ ਆਦਮਪੁਰ ਲਾਲ ਵਿਸ਼ਵਾਸ਼ ਬੈਂਸ ਹਾਜ਼ਰ ਹੋਏ | ਇਸ ਚੋਣ ਜਿੱਤ ਦੀ ਖੁਸ਼ੀ ਵਿੱਚ ਦਵਿੰਦਰ ਸਿੰਘ ਸੂਰੀ ਵਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਭ ਤੋਂ ਪਹਿਲਾਂ ਇਲਾਕੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਸਰਬੱਤ ਦੇ ਭਲੇ ਅਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਪਾਰਟੀ ਵਰਕਰ ਅਤੇ ਮੋਹਤਬਰ ਸ਼ਖਸੀਅਤਾਂ ਨਤਮਸਤਕ ਹੋਈਆਂ | ਇਸ ਮੌਕੇ ਸੰਗਤਾਂ ਅਤੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ 'ਆਪ' ਆਗੂ ਦਵਿੰਦਰ ਸਿੰਘ ਸੂਰੀ ਨੇ ਕਿਹਾ ਕਿ ਚੋਣਾਂ ਵਿੱਚ ਮਿਲੀ ਇਹ ਵੱਡੀ ਸਫ਼ਲਤਾ ਵਾਰਡ ਨੰਬਰ 6 ਦੇ ਹਰ ਇੱਕ ਵੋਟਰ, ਸਪੋਰਟਰ ਅਤੇ ਦਿਨ-ਰਾਤ ਮਿਹਨਤ ਕਰਨ ਵਾਲੇ ਵਰਕਰਾਂ ਦੀ ਸਾਂਝੀ ਜਿੱਤ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੇ ਜੋ ਭਰੋਸਾ ਉਨ੍ਹਾਂ 'ਤੇ ਜਤਾਇਆ ਹੈ, ਉਸ ਦਾ ਦੇਣ ਉਹ ਕਦੇ ਨਹੀਂ ਦੇ ਸਕਦੇ, ਆਪਣੇ ਵਾਰਡ ਦਾ ਕੰਮ ਪਹਿਲ ਦੇ ਆਧਾਰ ਤੇ ਕਰਨਗੇ | ਇਸੇ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਸੀਸ ਨਿਵਾ ਕੇ ਸ਼ੁਕਰਾਨਾ ਕੀਤਾ ਹੈ | ਇਸ ਮੌਕੇ ਕੌਂਸਲਰ, ਵਾਰਡ ਦੇ ਵੋਟਰ ਸਮੇਤ ਆਮ ਪਾਰਟੀ ਦੇ ਆਗੂ ਤੇ ਹਾਜ਼ਰ ਹੋਏ |