ਜਲੰਧਰ, ਫਿਲੌਰ 16 ਜੂਨ (ਵਿਪਨ ਗੈਰੀ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਅੱਜ ਫਿਲੌਰ ਦੇ ਪਿੰਡ ਮੀਓਵਾਲ ਦੇ ਇਕ ਗ਼ਰੀਬ ਦਲਿਤ ਨੌਜਵਾਨ ਦੀ ਓਵਰਲੋਡ ਟਿੱਪਰ ਹੇਠ ਆਉਣ ਕਾਰਨ ਹੋਈ ਮੌਤ ਉਪਰੰਤ ਪ੍ਰਕਾਸ਼ਿਤ ਖ਼ਬਰ ਦਾ ਸੂ-ਮੋਟੋ-ਨੋਟਿਸ ਲੈਂਦਿਆਂ ਐੱਸ.ਐੱਸ.ਪੀ. ਜਲੰਧਰ ਦਿਹਾਤੀ ਤੋਂ 17 ਜੂਨ 2026 ਨੂੰ ਰਿਪੋਰਟ ਤਲਬ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਹ ਰਿਪੋਰਟ ਉਪ-ਕਪਤਾਨ ਪੁਲਿਸ ਰਾਹੀਂ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਉਹ 19 ਜੂਨ ਪੀੜਤ ਪਰਿਵਾਰ ਨਾਲ ਪਿੰਡ ਮੀਓਵਾਲ ਵਿਖੇ ਪੁੱਜਕੇ ਮੁਲਾਕਾਤ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਫਿਲੌਰ ਹਲਕੇ ਵਿਚ ਨਾਜਾਇਜ਼ ਮਾਈਨਿੰਗ ਦੀ ਵੀ ਜਾਂਚ ਕਰਨਗੇ, ਜਿਸ ਨਾਲ ਫਿਲੌਰ ਦੇ ਆਮ ਸ਼ਹਿਰਿਆ ਦਾ ਜੀਵਨ ਪੱਧਰ ਸੁਖੀ ਕੀਤਾ ਜਾ ਸਕੇ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿ.ਪ੍ਰੇਮ ਕੁਮਾਰ ਦੇ ਇਸ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ ਕਿ ਪਿਛਲੇ 15 ਦਿਨਾਂ ਤੋਂ ਵਿਧਾਨ ਸਭਾ ਖੇਤਰ ਵਿੱਚ ਨਾਜਾਇਜ਼ ਮਾਈਨਿੰਗ ਵਧੀ ਹੈ, ਜਿਸ ਨਾਲ ਮੀਓਵਾਲ ਦੇ ਦਲਿਤ ਨੌਜਵਾਨ ਦੀ ਟਿੱਪਰ ਨਾਲ ਮੌਤ ਹੋਈ ਹੈ।ਉਧਰੋ ਇਸ ਮਾਮਲੇ ‘ਚ ਸਾਬਕਾ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਦਸਿਆ ਕੀ ਉਹ ਆਪਣੇ ਹਲਕੇ ਅੰਦਰ ਕਿਸੇ ਵੀ ਕੀਮਤ ਤੇ ਗੈਰ ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀ ਕਰਨਗੇ ਤੇ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕਰਦੇ ਹੋਏ ਪੀੜਤ ਪਰਿਵਾਰ ਨੂੰ ਇਨਸਾਫ਼ ਦੁਵਾਉਣ ਲਈ ਯਤਨ ਕਰਨਗੇ।