ਕਿਸ਼ਨਗੜ੍ਹ, 17 ਜੂਨ (ਹੁਸਨ ਲਾਲ)- ਨਜ਼ਦੀਕੀ ਪਿੰਡ ਸੰਘਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਮੰਦਿਰ ਵਿਖੇ ਇਕ ਪ੍ਰਵਾਸੀ ਮਹਿਲਾ ਵਲੋਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਦਾਖ਼ਲ ਹੋ ਕੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਗੁਰੂ ਰਵਿਦਾਸ ਧਰਮਸ਼ਾਲਾ ਮੰਦਿਰ ’ਚ ਰਹਿਰਾਸ ਪਾਠ ਕਰਨ ਤੋਂ ਬਾਅਦ ਪਾਠੀ ਸਿੰਘ ਕਮਲਜੀਤ ਸਿੰਘ ਉੱਪਰਲੀ ਬਿਲਡਿੰਗ ਤੋਂ ਥੱਲੇ ਬਾਥਰੂਮ ਕਰਨ ਲਈ ਥੱਲੇ ਆ ਗਿਆ ਤੇ ਦੋ ਬੱਚੇ ਗੁਟਕਾ ਸਾਹਿਬ ਤੋਂ ਪਾਠ ਸਿੱਖਣ ਲਈ ਪਾਠ ਕਰ ਰਹੇ ਸਨ। ਇੰਨੇ ਨੂੰ ਇਕ ਅਣਪਛਾਤੀ ਮਹਿਲਾ ਉੱਪਰਲੇ ਹਾਲ ਵਿਚ ਆਈ ਤੇ ਅਚਾਨਕ ਬੱਚੇ ਡਰ ਗਏ ਤੇ ਬੱਚੇ ਡਰ ਦੇ ਮਾਰੇ ਇਕ ਸਾਈਡ ’ਤੇ ਹੋ ਗਏ ਤੇ ਉਕਤ ਮਹਿਲਾ ਵਲੋਂ ਇਕ ਗੁਟਕਾ ਸਾਹਿਬ ਦੇ ਦੋ ਅੰਗਾਂ ਨੂੰ ਪਾੜ ਕੇ ਨੁਕਸਾਨ ਪਹੁੰਚਾਇਆ ਗਿਆ। ਇੰਨੇ ਨੂੰ ਪਾਠੀ ਸਿੰਘ ਵੀ ਆ ਗਿਆ ਤੇ ਉਸ ਅਣਪਛਾਤੀ ਔਰਤ ਨੂੰ ਫੜ ਲਿਆ ਤੇ ਮੁਹੱਲਾ ਨਿਵਾਸੀਆਂ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਮੌਕੇ ’ਤੇ ਬੁਲਾ ਕੇ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਸਬੰਧੀ ਪਿੰਡ ਦੇ ਕੁੱਝ ਨਿਵਾਸੀਆਂ ਨੇ ਦੱਸਿਆ ਕਿ ਇਹ ਘਟਨਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਕਾਰਨ ਵਾਪਰੀ ਹੈ। ਇਸ ਸਬੰਧੀ ਥਾਣਾ ਕਰਤਾਰਪੁਰ ਦੇ ਐਸ.ਐਚ.ਓ. ਰਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲੀ ਮਹਿਲਾ ਰਾਧਿਕਾ ਨਿਵਾਸੀ ਬਿਹਾਰ ਨੂੰ ਗ੍ਰਿਫ਼ਤਾਰ ਕਰਕੇ ਉਸ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।