ਲੋਹੀਆਂ ਖਾਸ, 17 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਬੀਤੇ ਦਿਨੀਂ ਪਾਵਰਕਾਮ ਸਬ ਡਵੀਜਨ ਲੋਹੀਆਂ ਖਾਸ ਦੇ ਬਿਜਲੀ ਮੁਲਾਜ਼ਮ ਉਂਕਾਰ ਸਿੰਘ (32) ਪੁੱਤਰ ਪਰਮਜੀਤ ਸਿੰਘ ਵਾਸੀ ਰਾਮਪੁਰ ਜਗੀਰ, ਜਿਲ੍ਹਾ ਕਪੂਰਥਲਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ, ਉਸ ਦੇ ਪਰਿਵਾਰ ਵਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਕਰਕੇ 6 ਦਿਨ ਬੀਤਣ ’ਤੇ ਵੀ ਹਾਲੇ ਉਂਕਾਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ| ਅੱਜ ਜੰਝ ਘਰ ਲੋਹੀਆਂ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ’ਚ ਬੋਲਦਿਆਂ ਮ੍ਰਿਤਕ ਉਂਕਾਰ ਸਿੰਘ ਦੇ ਪਿਤਾ ਪਰਮਜੀਤ ਸਿੰਘ, ਪਿੰਡ ਦੇ ਸਰਪੰਚ ਅਜਾਇਬ ਸਿੰਘ, ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਹਰਬੰਸ ਮੱਟੂ, ਨੋਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਸਕੱਤਰ ਸੋਨੂੰ ਅਰੋੜਾ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਲਖਵੀਰ ਕੰਗ, ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਸਿੰਘ ਮੰਡਾਲਾ, ਸੀ. ਪੀ. ਐੱਮ. ਦੇ ਜ਼ਿਲ੍ਹਾ ਆਗੂ ਜਸਕਰਨ ਸਿੰਘ ਕੰਗ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਸਿੰਘ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਯੂਥ ਵਿੰਗ ਦੇ ਸੂਬਾ ਆਗੂ ਗੁਰਚਰਨ ਸਿੰਘ ਅਟਵਾਲ, ਰਣਜੀਤ ਸਿੰਘ ਰਾਣਾ ਆਗੂ ਦਿਹਾਤੀ ਮਜ਼ਦੂਰ ਸਭਾ ਅਤੇ ਪਿੰਦਰ ਰਾਮਪੁਰ ਜਗੀਰ, ਨਵਦੀਪ ਸਿੰਘ, ਧਰਮਵੀਰ ਸਿੰਘ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਗੋਪੀ ਤੇ ਹੋਰਾਂ ਨੇ ਕਿਹਾ ਕਿ ਬੀਤੇ ਦਿਨੀ ਸਾਡੇ ਵੱਲੋਂ ਫੱਤੂਵਾਲ ਦਫ਼ਤਰ ਮੂਹਰੇ ਦਿੱਤੇ ਧਰਨੇ ਦੀਆਂ ਮੰਗਾਂ ਨੂੰ ਇੰਨ ਬਿੰਨ ਨਹੀਂ ਮੰਨਿਆ ਗਿਆ| ਉਨ੍ਹਾਂ ਕਿਹਾ ਕਿ ਜੇ ਕਰ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 19 ਜੂਨ ਨੂੰ ਥਾਣਾ ਲੋਹੀਆਂ ਅੱਗੇ ਮ੍ਰਿਤਕ ਦੀ ਲਾਸ਼ ਨਾਲ ਰੋਸ ਮੁਜ਼ਾਹਰਾ ਤੇ ਧਰਨਾ ਦੇਣਗੇ | ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀ ਅਧਿਕਾਰੀਆਂ ਵਿਰੁੱਧ ਧਾਰਾ 106 ਦੀ ਥਾਂ 105 ਲਗਾਈ ਜਾਵੇ| ਇਸ ਤੋਂ ਇਲਾਵਾ ਮੰਗ ਕੀਤੀ ਗਈ ਕਿ ਅਧਿਕਾਰੀਆਂ ਵਿਰੁੱਧ ਨਾਮ ਸਮੇਤ ਐਫ ਆਈ ਆਰ ਦਰਜ ਕੀਤੀ ਜਾਵੇ | ਜਦਕਿ ਡੀ.ਐਸ.ਪੀ. ਸ਼ਾਹਕੋਟ ਸਰਵਣ ਸਿੰਘ ਬੱਲ ਅਤੇ ਥਾਣਾ ਲੋਹੀਆਂ ਦੇ ਐਸ.ਐਚ.ਓ. ਸੁਖਜਿੰਦਰ ਸਿੰਘ ਖੈਹਿਰਾ ਨੇ ਕਿਹਾ ਹੈ ਕਿ ਐਫ.ਆਈ.ਆਰ. ’ਚ ਅਧਿਕਾਰੀਆਂ ਦੇ ਨਾਮ ਦਰਜ ਹਨ| ਜੇਕਰ ਜਾਂਚ ਦੋਰਾਨ ਤੱਥ ਸਾਹਮਣੇ ਆਏ ਤਾਂ ਧਾਰਾ 105 ਵੀ ਲਗਾਈ ਜਾਵੇਗੀ |