ਨਕੋਦਰ, 17 ਜੂਨ (ਗੁਰਵਿੰਦਰ ਸਿੰਘ)- ਨਕੋਦਰ ਸਿਟੀ ਪੁਲਿਸ ਨੇ ਅਦਾਲਤ ਵਿੱਚ ਜਾਅਲੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ (ਆਈ. ਓ.) ਜਗਤਾਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਫਿਲੌਰ ਥਾਣੇ ਅਧੀਨ ਪੈਂਦੇ ਪਿੰਡ ਰਸੂਲ ਪੁਰ ਦੇ ਰਹਿਣ ਵਾਲੇ ਜਗਦੀਸ਼ ਸਿੰਘ ਪੁੱਤਰ ਤਾਰਾ ਸਿੰਘ, ਜਲੰਧਰ ਦੇ ਕਰਤਾਰ ਪੁਰ ਦੇ ਰਹਿਣ ਵਾਲੀ ਗੁਰਜੀਤ ਕੌਰ (ਨਕਲੀ) ਅਤੇ ਅਮਰਜੀਤ ਸਿੰਘ (ਨਕਲੀ ਨੰਬਰਦਾਰ) ਵਜੋਂ ਹੋਈ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ (ਜੇ.ਐਮ.ਆਈ.ਸੀ.) ਨਕੋਦਰ ਦੇ ਰੀਡਰ ਦਿਨੇਸ਼ ਥਾਪਰ ਨੇ ਜੇ.ਐਮ.ਆਈ.ਸੀ. ਤਰਨਪ੍ਰੀਤ ਸਿੰਘ ਦੀ ਅਦਾਲਤ ਵੱਲੋਂ ਪੁਲਿਸ ਨੂੰ ਇੱਕ ਮਾਮਲੇ ਵਿੱਚ ਜ਼ਮਾਨਤ ਲਈ ਅਦਾਲਤ ਵਿੱਚ ਜਾਅਲੀ ਸੁਰੱਖਿਆ ਬਾਂਡ ਦਾਖਲ ਕਰਨ ਅਤੇ ਜਾਅਲਸਾਜ਼ੀ ਤੇ ਧੋਖਾਧੜੀ ਦੇ ਅਪਰਾਧ ਕਰਨ ਦੇ ਦੋਸ਼ ਵਿੱਚ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ ਭੇਜਿਆ ਹੈ। ਆਈ.ਓ ਨੇ ਕਿਹਾ ਕਿ ਦੋਸ਼ੀ ਵਿਰੁੱਧ ਅਦਾਲਤ ਦੇ ਹੁਕਮਾਂ ਅਨੁਸਾਰ ਅਲਗ ਅਲਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।