06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਆਨਲਾਈਨ ਗੇਮਿੰਗ ’ਚ 40 ਹਜ਼ਾਰ ਰੁਪਏ ਗੁਆਉਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਗਾ ਕੀਤੀ ਖੁਦਕੁਸ਼ੀ

ਅਜੀਤ ਡੈਸਕ 26-06-2026
ਚੰਡੀਗੜ੍ਹ, 25 ਜੂਨ (ਕਪਿਲ ਵਧਵਾ)– ਚੰਡੀਗੜ੍ਹ ਦੇ ਧਨਾਸ ਸਥਿਤ ਈ.ਡਬਲਿਊ.ਐਸ ਕਾਲੋਨੀ ਵਿਚ ਰਹਿਣ ਵਾਲੇ 22 ਸਾਲਾ ਨੌਜਵਾਨ ਨੇ ਬੁੱਧਵਾਰ ਨੂੰ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਬਿਜਨੇਸ਼ ਸਿੰਘ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨੌਜਵਾਨ ਆਨਲਾਈਨ ਗੇਮਿੰਗ ਦੌਰਾਨ ਹੋਏ ਆਰਥਿਕ ਨੁਕਸਾਨ ਕਾਰਨ ਮਾਨਸਿਕ ਤਣਾਅ ਵਿਚ ਸੀ। ਪੁਲਿਸ ਅਨੁਸਾਰ ਧਨਾਸ ਦੇ ਸਮਾਲ ਫਲੈਟਸ ਇਲਾਕੇ ਵਿਚ ਇਕ ਨੌਜਵਾਨ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕੀਤੀ। ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪੁਲਿਸ ਨੇ ਮੌਕੇ ਤੋਂ ਮ੍ਰਿਤਕ ਦਾ ਮੋਬਾਈਲ ਫੋਨ ਕਬਜ਼ੇ ਵਿਚ ਲੈ ਲਿਆ। ਜਾਂਚ ਦੌਰਾਨ ਮੋਬਾਈਲ ਵਿਚ ਕਈ ਆਨਲਾਈਨ ਗੇਮਿੰਗ, ਸੱਟੇਬਾਜ਼ੀ ਅਤੇ ਲੋਨ ਐਪ ਡਾਊਨਲੋਡ ਮਿਲੇ ਹਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਬਿਜਨੇਸ਼ ਸਿੰਘ ਐਨ.ਸੀ.ਸੀ ਦਾ ਵਿਦਿਆਰਥੀ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਬਾਈਕ ਰਾਈਡਰ ਵਜੋਂ ਵੀ ਕੰਮ ਕਰਦਾ ਸੀ। ਪੁਲਿਸ ਮੁਤਾਬਕ ਨੌਜਵਾਨ ਨੂੰ ਆਨਲਾਈਨ ਗੇਮਿੰਗ ਵਿਚ ਕਰੀਬ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਸੀ, ਜਿਸ ਕਾਰਨ ਉਹ ਕਾਫੀ ਸਮੇਂ ਤੋਂ ਮਾਨਸਿਕ ਦਬਾਅ ਹੇਠ ਸੀ। ਹਾਲਾਂਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।
ਭੈਣ ਨੂੰ ਭੇਜੇ ਸੰਦੇਸ਼ ਵਿਚ ਕੀਤਾ ਪੈਸੇ ਗੁਆਉਣ ਦਾ ਜ਼ਿਕਰ
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮ੍ਰਿਤਕ ਆਪਣੇ ਭੈਣ-ਭਰਾਵਾਂ ਵਿਚ ਸਭ ਤੋਂ ਵੱਡਾ ਸੀ। ਘਟਨਾ ਤੋਂ ਪਹਿਲਾਂ ਉਸ ਨੇ ਆਪਣੀ ਭੈਣ ਨੂੰ ਇਕ ਸੁਨੇਹਾ ਭੇਜਿਆ ਸੀ, ਜਿਸ ਵਿਚ ਉਸ ਨੇ ਆਪਣੇ ਪਿਤਾ ਦੇ ਖਾਤੇ ਵਿਚੋਂ ਪੈਸੇ ਆਨਲਾਈਨ ਗੇਮਿੰਗ ਵਿਚ ਗੁਆਉਣ ਦਾ ਜ਼ਿਕਰ ਕੀਤਾ ਸੀ। ਸੰਦੇਸ਼ ਵਿਚ ਉਸ ਨੇ ਲਿਖਿਆ ਸੀ ਕਿ ਪਿਤਾ ਵਲੋਂ ਕੀਤੀ ਗਈ ਬਚਤ ਦੇ ਪੈਸੇ ਵੀ ਉਸ ਨੇ ਆਨਲਾਈਨ ਗੇਮਿੰਗ ਵਿਚ ਗਵਾ ਦਿੱਤੇ ਹਨ ਅਤੇ ਉਹ ਬਹੁਤ ਪਰੇਸ਼ਾਨ ਹੈ। ਪੁਲਿਸ ਵਲੋਂ ਮੋਬਾਈਲ ਫੋਨ, ਆਨਲਾਈਨ ਗਤੀਵਿਧੀਆਂ ਅਤੇ ਡਿਜੀਟਲ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਖੁਦਕੁਸ਼ੀ ਦੇ ਅਸਲ ਕਾਰਨਾਂ ਦੀ ਪੁਸ਼ਟੀ ਕੀਤੀ ਜਾ ਸਕੇ।

25ਸੀਐੱਚਡੀ01
ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪੁਰਾਣੀ ਤਸਵੀਰ
ਪਿਛਲੀ ਖ਼ਬਰ ਯੂਨੀਵਰਸਿਟੀ ਦੇ ਨਾਂਅ ’ਤੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਪੁਲਿਸ ਨੇ ਚਾਕੂ ਦੀ ਨੋਕ ’ਤੇ ਅਗਵਾ ਕੀਤੀ ਲੜਕੀ ਸਮੇਤ ਮੁਲਜ਼ਮਾਂ ਨੂੰ 5-6 ਘੰਟਿਆਂ ’ਚ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।