24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕਹਿਰ ਦੀ ਗਰਮੀ ਵਿਚ ਬਿਜਲੀ ਕੱਟਾਂ ਨੇ ਲੋਕਾਂ ਦੇ ਕੱਢੇ ਪਸੀਨੇ ਕਈ ਇਲਾਕਿਆਂ ਵਿਚ ਵਾਰ-ਵਾਰ ਬਿਜਲੀ ਬੰਦ ਹੋਣ ਤੋਂ ਪੇ੍ਸ਼ਾਨ ਰਹੇ ਲੋਕ

ਅਜੀਤ ਡੈਸਕ 30-06-2026
ਜਲੰਧਰ, 29 ਜੂਨ (ਸ਼ਿਵ)- ਕਹਿਰ ਦੀ ਗਰਮੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਕਾਰਨ ਜਿੱਥੇ ਪਾਵਰਕਾਮ ਦੇ ਤਾਂ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਸੀਨੇ ਨਿਕਲ ਰਹੇ ਹਨ ਸਗੋਂ ਦੂਜੇ ਪਾਸੇ ਸ਼ਹਿਰ ਵਿਚ ਕਈ ਇਲਾਕਿਆਂ ਵਿਚ ਬਿਜਲੀ ਦੇ ਬਾਰ-ਬਾਰ ਕੱਟ ਲੱਗਣ ਲੋਕ ਵੀ ਤ੍ਰਾਹ-ਤ੍ਰਾਹ ਕਰ ਰਹੇ ਹਨ। ਮੌਸਮ ਵਿਭਾਗ ਵਲੋਂ ਤਾਂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਲੋਕਾਂ ਨੂੰ ਇਸ ਕਹਿਰ ਦੀ ਗਰਮੀ ਤੋਂ ਅਜੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸ਼ਹਿਰੀ ਖੇਤਰਾਂ ਤੋਂ ਇਲਾਵਾ ਪੇਂਡੂ ਖੇਤਰਾਂ ਵਿਚ ਵੀ ਬਿਜਲੀ ਤੰਗ ਕਰਦੀ ਰਹੀ। ਪਾਵਰਕਾਮ ਵਲੋਂ ਇਸ ਗਰਮੀ ਦੇ ਪ੍ਰਕੋਪ ਦੌਰਾਨ ਬਿਜਲੀ ਸਪਲਾਈ ਲਈ ਚਾਹੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਬਿਜਲੀ ਦੀ ਕਮੀ ਕਰਕੇ ਲੋਕਾਂ ਦੀ ਮੰਗ ਪੂਰੀ ਨਹੀਂ ਹੋ ਰਹੀ ਹੈ ਜਿਸ ਕਾਰਨ ਪਾਵਰਕਾਮ ਨੂੰ ਮਜਬੂਰੀ ਵਿਚ ਬਿਜਲੀ ਦੇ ਅਣਐਲਾਨੇ ਕੱਟ ਵੀ ਲਗਾਉਣੇ ਪੈ ਰਹੇ ਹਨ। ਅੱਜ ਕਿਸਾਨਾਂ ਵਲੋਂ ਬਿਜਲੀ ਕੱਟਾਂ ਨੂੰ ਲੈ ਕੇ ਸ਼ਕਤੀ ਸਦਨ ਸਾਹਮਣੇ ਪ੍ਰਦਰਸ਼ਨ ਵੀ ਕੀਤਾ ਗਿਆ। ਸ਼ਹਿਰ ਵਿਚ ਆਮ ਤੌਰ ’ਤੇ 450 ਮੈਗਾਵਾਟ ਬਿਜਲੀ ਦੀ ਮੰਗ ਰਹਿੰਦੀ ਹੈ ਪਰ ਹੁਣ ਇਸ ਤੋਂ ਜ਼ਿਆਦਾ ਮੰਗ ਵਧ ਗਈ ਹੈ। ਕਈ ਇਲਾਕਿਆਂ ਵਿਚ ਅਲੱਗ-ਅਲੱਗ ਸਮਿਆਂ ਦੇ ਬਿਜਲੀ ਕੱਟ ਲਗਾਏ ਗਏ। ਇਨ੍ਹਾਂ ਨੂੰ ਅਣਐਲਾਨੇ ਕੱਟ ਹੀ ਕਿਹਾ ਜਾਂਦਾ ਹੈ ਜਦੋਂ ਪਾਵਰਕਾਮ ਕੋਲ ਬਿਜਲੀ ਦੀ ਕਮੀ ਹੋਣ ਕਾਰਨ ਇਨ੍ਹਾਂ ਕੱਟਾਂ ਦਾ ਸਹਾਰਾ ਲੈਣਾ ਪੈਂਦਾ ਹੈ। ਬਿਜਲੀ ਕੱਟ ਕਾਰਨ ਤਾਂ ਹੁੰਮ੍ਹਸ ਭਰੀ ਗਰਮੀ ਵਿਚ ਲੋਕਾਂ ਨੂੰ ਹੋਰ ਵੀ ਪੇ੍ਰਸ਼ਾਨ ਕਰ ਦਿੱਤਾ। ਬਿਜਲੀ ਦੀ ਕਮੀ ਨੂੰ ਦੇਖਦੇ ਹੋਏ ਅਤੇ ਘਰੇਲੂ ਖੇਤਰ ਦੀ ਬਿਜਲੀ ਸਪਲਾਈ ਦੇਣ ਲਈ ਇੰਡਸਟਰੀ ’ਤੇ ਵੀ ਰਾਤ 10ਵਜੇ ਤੋਂ ਸਵੇਰੇ 7 ਵਜੇ ਤੱਕ ਕੱਟ ਲਗਾਉਣ ਦਾ ਫ਼ੈਸਲਾ ਕੀਤਾ ਗਿਆ । ਲਕਸ਼ਮੀ ਪੁਰਾ ਵਿਚ ਵੀ ਬਾਰ-ਬਾਰ ਬਿਜਲੀ ਆਉਂਦੀ ਜਾਂਦੀ ਰਹੀ ਜਦਕਿ ਸਹਿਦੇਵ ਮਾਰਕੀਟ ਵਾਲੇ ਪਾਸੇ ਕੁੱਝ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਕੁੱਝ ਦਿਨਾਂ ਤੋਂ ਵੋਲਟੇਜ ਘਟਣ ਕਾਰਨ ਬਿਜਲੀ ਸਪਲਾਈ ਨਿਯਮਿਤ ਨਹੀਂ ਹੋ ਰਹੀ ਹੈ। ਉਂਜ ਪੇਂਡੂ ਖੇਤਰਾਂ ਵਿਚ ਵੀ ਕੱਟ ਲਗਦੇ ਰਹੇ। ਲੋਕਾਂ ਦਾ ਕਹਿਣਾ ਹੈ ਇਸ ਕਹਿਰ ਦੀ ਗਰਮੀ ਤੋਂ ਮੀਂਹ ਪੈਣ ਨਾਲ ਹੀ ਰਾਹਤ ਮਿਲ ਸਕਦੀ ਹੈ। ਉਂਜ ਬਿਜਲੀ ਦੀ ਕਮੀ ਅਤੇ ਗਰਮੀ ਦਾ ਪ੍ਰਕੋਪ ਜਾਰੀ ਰਹਿਣ ਤੱਕ ਇੰਡਸਟਰੀ ਨੂੰ ਆਉਂਦੇ ਕੁੱਝ ਦਿਨਾਂ ਤੱਕ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਿਛਲੀ ਖ਼ਬਰ ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਮਨਾਉਣ ਸੰਬੰਧੀ ਹੋਈ ਵਿਸ਼ੇਸ਼ ਮਿਲਣੀ ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ, ਸਿਹਤ ਸੰਭਾਲ ਬਾਰੇ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।