03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਨਗਰ ਨਿਗਮ ਕਰਵਾਏਗੀ ਸੋਢਲ ਚੌਕ ਦੇ ਸੁੰਦਰੀਕਰਨ ਦਾ ਕੰਮ

ਅਜੀਤ ਡੈਸਕ 04-07-2026
ਜਲੰਧਰ, 3 ਜੁਲਾਈ (ਸ਼ਿਵ)-25 ਸਤੰਬਰ ਆ ਰਹੇ ਉੱਤਰੀ ਭਾਰਤ ਦੇ ਪ੍ਰਸਿੱਧ ਬਾਬਾ ਸੋਢਲ ਮੇਲੇ ਤੋਂ ਪਹਿਲਾਂ ਨਗਰ ਨਿਗਮ ਸੋਢਲ ਚੌਕ ਦਾ ਸੁੰਦਰੀਕਰਨ ਦਾ ਕੰਮ ਕਰਵਾਉਣ ਤੋਂ ਇਲਾਵਾ ਮੰਦਰ ਨੂੰ ਜਾਂਦੀਆਂ ਸੜਕਾਂ ਦੀ ਮੁਰੰਮਤ ਕਰਨ ਦਾ ਕੰਮ ਕਰਵਾਉਣ ਜਾ ਰਹੀ ਹੈ। ਬਾਬਾ ਸੋਢਲ ਮੇਲੇ ਵਿਚ ਵੱਡੀ ਗਿਣਤੀ ਵਿਚ ਲੋਕ ਅਸ਼ੀਰਵਾਦ ਲੈਣ ਲਈ ਪੁੱਜਦੇ ਹਨ ਤਾਂ ਇਸ ਤੋਂ ਪਹਿਲਾਂ ਨਗਰ ਨਿਗਮ ਵਲੋਂ ਮੰਦਰ ਨੂੰ ਜਾਂਦੇ ਸੜਕਾਂ ਦੀ ਮੁਰੰਮਤ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ। ਸ਼ਹਿਰ ਵਿਚ ਕਈ ਚੌਕਾਂ ਦੇ ਸੁੰਦਰੀਕਰਨ ਦਾ ਕੰਮ ਪਹਿਲਾਂ ਨਗਰ ਨਿਗਮ ਨੇ ਨਿੱਜੀ ਕੰਪਨੀਆਂ ਦੇ ਸਹਿਯੋਗ ਨਾਲ ਕਰਵਾਇਆ ਸੀ ਪਰ ਸੋਢਲ ਮੰਦਰ ਦੇ ਬਾਹਰ ਹੀ ਚੌਕ ਦਾ ਨਵੀਨੀਕਰਨ ਦਾ ਕੰਮ ਨਿਗਮ ਵਲੋਂ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ। ਇਸ ਦੇ ਸੁੰਦਰੀਕਰਨ ਦੀਆਂ ਤਿਆਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਦਕਿ ਨਿਗਮ ਨੇ ਇਸ ਚੌਕ ’ਚ ਸੁੰਦਰੀਕਰਨ ਦੇ ਕੰਮ ਦਾ ਡਿਜ਼ਾਈਨ ਵੀ ਤਿਆਰ ਕਰਵਾ ਲਿਆ ਹੈ। ਇਸ ਤੋਂ ਇਲਾਵਾ ਮੇਅਰ ਵਨੀਤ ਧੀਰ ਦੀ ਹਦਾਇਤ ’ਤੇ ਬਾਬਾ ਸੋਢਲ ਮੰਦਰ ਨੂੰ ਜਾਣ ਵਾਲੇ ਰਸਤਿਆਂ, ਸੜਕਾਂ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਐੱਸ. ਈ. ਰਾਹੁਲ ਧਵਨ ਦੀ ਅਗਵਾਈ ਵਿਚ ਜੇ. ਈ. ਕਾਰਤਿਕ ਨੇ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਦੇ ਤਹਿਤ ਟਾਂਡਾ ਚੌਕ ’ਚ ਜਿਹੜਾ ਲੁੱਕ ਬਜਰੀ ਦੀ ਸੜਕ ਦਾ ਹਿੱਸਾ ਖ਼ਰਾਬ ਸੀ, ਉਸ ਨੂੰ ਕੰਕਰੀਟ ਦਾ ਬਣਾਇਆ ਗਿਆ ਹੈ ਤੇ ਇਸ ਤਰ੍ਹਾਂ ਨਾਲ ਟਾਂਡਾ ਫਾਟਕ ਦੇ ਕੋਲ ਹੀ ਖ਼ਰਾਬ ਹੋਈ ਹਿੱਸੇ ਨੂੰ ਕੰਕਰੀਟ ਦਾ ਬਣਾਇਆ ਗਿਆ ਹੈ। ਜੇ. ਈ. ਕਾਰਤਿਕ ਕੁਮਾਰ ਮੁਤਾਬਕ ਜਲਦੀ ਹੀ ਟਾਂਡਾ ਫਾਟਕ ਤੋਂ ਲੈ ਕੇ ਸੋਢਲ ਫਾਟਕ ਦਾ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ। ਇਸ ਸੜਕ ਦੀ ਸਾਈਡ ’ਤੇ ਰੇਲ ਲਾਈਨ ਵਾਲੇ ਪਾਸੇ ਕੰਧ ਡਿਗ ਗਈ ਹੈ ਜਿਸ ਕਰਕੇ ਰੇਲ ਵਿਭਾਗ ਨੂੰ ਇਸ ਕੰਧ ਨੂੰ ਬਣਾਉਣ ਦੀ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ। ਸੋਢਲ ਮੰਦਰ ਨੂੰ ਜਾਣ ਲਈ ਇਹ ਪ੍ਰਮੁੱਖ ਸੜਕ ਹੈ ਪਰ ਕਈ ਲੋਕਾਂ ਵਲੋਂ ਤਾਂ ਇਸ ਸੜਕ ਦੀ ਸਾਈਡ ’ਤੇ ਕੂੜਾ, ਮਲਬਾ ਸੁੱਟ ਕੇ ਇਸ ਨੂੰ ਗੰਦਾ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ ਤਾਂ ਨਗਰ ਨਿਗਮ ਦੀ ਸਿਹਤ ਸ਼ਾਖਾ ਨੇ ਵੀ ਇਸ ਨੂੰ ਅਸਥਾਈ ਡੰਪ ਬਣਾ ਦਿੱਤਾ ਹੈ। ਇਸ ਥਾਂ ’ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਮੰਦਰ ਨੂੰ ਜਾਣ ਵਾਲੇ ਰਸਤੇ ਨੂੰ ਸਾਫ਼ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਦੋਆਬਾ ਚੌਕ ਤੋਂ ਲੈ ਕੇ ਸੋਢਲ ਮੰਦਰ ਤੱਕ ਲੁੱਕ, ਬਜਰੀ ਦੀ ਪਰਤ ਵਿਛਾਈ ਜਾਵੇਗੀ। ਦੋਆਬਾ ਚੌਕ ਤੋਂ ਲੈ ਕੇ ਪਠਾਨਕੋਟ ਚੌਕ ਵਿਚ ਵੀ ਲੁੱਕ ਬਜਰੀ ਦੀ ਪਰਤ ਵਿਛਾਉਣ ਦਾ ਕੰਮ ਕੀਤਾ ਜਾਵੇਗਾ। ਇਹ ਪ੍ਰਮੁੱਖ ਸੜਕਾਂ ਹਨ ਜਿਨ੍ਹਾਂ ਤੋਂ ਦੇਸ਼ ਵਿਦੇਸ਼ਾਂ ਤੋਂ ਲੋਕ ਮੇਲੇ ਤੋਂ ਕੁੱਝ ਦਿਨ ਪਹਿਲਾਂ ਬਾਬਾ ਸੋਢਲ ਦਾ ਅਸ਼ੀਰਵਾਦ ਲੈਣ ਲਈ ਪੁੱਜਦੇ ਹਨ। ਇਸ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ। ਸਾਰੇ ਕੰਮਾਂ ਦੀ ਨਿਗਰਾਨੀ ਕਰ ਰਹੇ ਜੇ. ਈ. ਕਾਰਤਿਕ ਦਾ ਕਹਿਣਾ ਸੀ ਕਿ ਮੇਲੇ ਤੋਂ ਪਹਿਲਾਂ-ਪਹਿਲਾਂ ਮੁਰੰਮਤ ਦੇ ਸਾਰੇ ਕੰਮ ਕਰਵਾਉਣ ਤੋਂ ਪਹਿਲਾਂ ਸੜਕਾਂ ਵੀ ਠੀਕ ਕਰਵਾ ਦਿੱਤੀਆਂ ਜਾਣਗੀਆਂ। ਉਂਜ ਇਹ ਕੰਮ ਅਗਲੇ ਮਹੀਨੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਨਾਲ ਮੰਦਿਰ ਦੇ ਆਸ-ਪਾਸ ਵੀ ਕਈ ਸੜਕਾਂ ਦੀ ਹਾਲਤ ਪਹਿਲਾਂ ਖ਼ਰਾਬ ਹੋ ਗਈ ਸੀ ਜਿਨਾਂ ਨੂੰ ਆਉਂਦੇ ਦਿਨਾਂ ਵਿਚ ਠੀਕ ਕੀਤਾ ਜਾਵੇਗਾ।
ਪਿਛਲੀ ਖ਼ਬਰ ਸ਼ਰਾਬ ਨਾਲ ਟੱਲੀ ਹੋਏ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਣ ਉਪਰੰਤ ਸੀ. ਪੀ. ਨੇ ਕੀਤਾ ਮੁਅੱਤਲ ਅਗਲੀ ਖ਼ਬਰ 50 ਹਜ਼ਾਰ ਦੀ ਨਕਦੀ ਤੇ 6 ਤੋਲੇ ਸੋਨਾ ਘਰ ਦਾ ਕੀਮਤੀ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।