03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸ਼ਰਾਬ ਨਾਲ ਟੱਲੀ ਹੋਏ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਣ ਉਪਰੰਤ ਸੀ. ਪੀ. ਨੇ ਕੀਤਾ ਮੁਅੱਤਲ

ਅਜੀਤ ਡੈਸਕ 04-07-2026
8 ਬੀਤੀ ਦੇਰ ਰਾਤ ਸ਼ਰਾਬੀ ਹਾਲਤ ’ਚ ਕਾਰ ਚਲਾਉਣ ਦੌਰਾਨ ਕਈਆਂ ਨੂੰ ਮਾਰੀ ਟੱਕਰ
8 ਔਰਤ ਵਲੋਂ ਸ਼ਰਾਬੀ ਪੁਲਿਸ ਮੁਲਾਜ਼ਮ ਦੀ ਝਾੜਝੰਬ ਕਰਨ ਦੀ ਵੀਡੀਓ ਹੋਈ ਸੀ ਵਾਇਰਲ
ਜਲੰਧਰ, 3 ਜੁਲਾਈ (ਜਤਿੰਦਰ ਪੰਮੀ)-ਟ੍ਰੈਫਿਕ ਪੁਲਿਸ ਦੇ ਸ਼ਰਾਬ ਨਾਲ ਟੱਲੀ ਹੋ ਕੇ ਕਾਰ ਚਲਾਉਣ ਵਾਲੇ ਮੁਲਾਜ਼ਮ ਵਲੋਂ ਹੋਰ ਵਾਹਨਾਂ ਨੂੰ ਟੱਕਰ ਮਾਰਨ ਨਾਲ ਗੁੱਸੇ ’ਚ ਆਈ ਸਮਾਜ ਸੇਵਿਕਾ ਤੇ ਸਿਆਸਤਦਾਨ ਆਰਤੀ ਰਾਜਪੂਤ ਨੇ ਉਸ ਦੀ ਚੰਗੀ ਝਾੜਝੰਬ ਕੀਤੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਬੁਲਾ ਕੇ ਉਸ ਖ਼ਿਲਾਫ਼ ਟ੍ਰੈਫਿਕ ਨਿਯਮਾਂ ਤਹਿਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਇਸੇ ਦੌਰਾਨ ਉਕਤ ਘਟਨਾ ਦੀ ਉਥੋਂ ਲੰਘਦੇ ਲੋਕਾਂ ਨੇ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਵਾਇਰਲ ਵੀਡੀਓ ਦਾ ਪਤਾ ਲੱਗਣ ’ਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੁਰੰਤ ਕਾਰਵਾਈ ਕਰਦਿਆਂ ਉਕਤ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ। ਵਾਇਰਲ ਵੀਡੀਓ ’ਚ ਆਰਤੀ ਰਾਜਪੂਤ ਵਲੋਂ ਉਕਤ ਟ੍ਰੈਫਿਕ ਪੁਲਿਸ ਵਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੌਰਾਨ ਸੜਕ ’ਤੇ ਏਧਰ-ਓਧਰ ਗੱਡੀ ਜਾਣ ਦੀ ਵੀਡੀਓ ਬਣਾਈ ਅਤੇ ਫਿਰ ਵਰਕਸ਼ਾਪ ਚੌਕ ਨੇੜੇ ਰੈੱਡ ਲਾਈਟ ਦੌਰਾਨ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਮੁਲਾਜ਼ਮ ਨੇ ਕਾਰ ਨਹੀਂ ਰੋਕੀ। ਆਰਤੀ ਰਾਜਪੂਤ ਨੇ ਆਪਣੀ ਗੱਡੀ ਵਾਲੇ ਨੂੰ ਰੋਕਣ ਲਈ ਕਿਹਾ, ਜਿਨ੍ਹਾਂ ਨੇ ਮਕਸੂਦਾਂ ਚੌਕ ’ਚ ਲਾਈਟਾਂ ’ਤੇ ਜਾ ਕੇ ਉਸ ਦੀ ਕਾਰ ਰੋਕੀ। ਇਸ ਸੰਬੰਧੀ ਆਰਤੀ ਰਾਜਪੂਤ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 9.30 ਵਜੇ ਉਹ ਆਪਣੇ ਘਰ ਜਾ ਰਹੇ ਸਨ ਤਾਂ ਕਪੂਰਥਲਾ ਚੌਕ ਤੋਂ ਅੱਗੇ ਜਾ ਰਹੀ ਕਾਰ ਬੇਕਾਬੂ ਹੋ ਕੇ ਸੜਕ ’ਤੇ ਏਧਰ-ਓਧਰ ਭਟਕ ਰਹੀ ਸੀ, ਜਿਸ ਕਾਰਨ ਕਈ ਗੱਡੀਆਂ ਨਾਲ ਟਕਰਾਉਣ ਤੋਂ ਮਸਾਂ ਬਚਿਆ। ਇਸੇ ਦੌਰਾਨ ਉਨ੍ਹਾਂ ਦੀ ਗੱਡੀ ਨੂੰ ਵੀ ਰਗੜ ਲਾ ਦਿੱਤੀ ਤਾਂ ਉਨ੍ਹਾਂ ਨੇ ਵਰਕਸ਼ਾਪ ਚੌਕ ’ਚ ਉਕਤ ਪੁਲਿਸ ਮੁਲਾਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਰ ਭਜਾ ਕੇ ਲੈ ਗਿਆ। ਇਸ ਦੌਰਾਨ ਉਸ ਦੀ ਕਾਰ 2-3 ਤਿੰਨ ਡਿਵਾਈਡਰ ਨਾਲ ਰਗੜ ਖਾ ਕੇ ਪਲਟਣ ਤੋਂ ਮਸਾਂ ਬਚੀ ਤੇ ਮਕਸੂਦਾਂ ਸਬਜ਼ੀ ਮੰਡੀ ਵਾਲੇ ਗੰਦੇ ਨਾਲੇ ’ਚ ਡਿੱਗਣ ਤੋਂ ਵੀ ਉਹ ਮਸਾਂ ਹੀ ਬਚਿਆ। ਇਸ ਲਈ ਉਨ੍ਹਾਂ ਨੇ ਇਸ ਸੰਬੰਧੀ ਏ. ਡੀ. ਸੀ. ਪੀ. ਤੇ ਥਾਣਾ ਡਵੀਜ਼ਨ-2 ਦੇ ਮੁਖੀ ਨੂੰ ਫੋਨ ਕੀਤਾ ਅਤੇ ਸ਼ਰਾਬ ਪੁਲਿਸ ਮੁਲਾਜ਼ਮ ਬਾਰੇ ਜਾਣਕਾਰੀ ਦਿੱਤੀ। ਸ਼ਰਾਬ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਮੁਸ਼ਕਿਲ ਨਾਲ ਮਕਸੂਦਾਂ ਚੌਕ ਦੀਆਂ ਲਾਈਟਾਂ ’ਤੇ ਥਾਣਾ ਮਕਸੂਦਾਂ ਦੇ ਮੁਲਾਜ਼ਮਾਂ ਨੇ ਰੋਕਿਆ। ਆਰਤੀ ਰਾਜਪੂਤ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਦਾ ਉਕਤ ਮੁਲਾਜ਼ਮ ਸ਼ਰਾਬ ਨਾਲ ਏਨਾ ਟੱਲੀ ਹੋਇਆ ਪਿਆ ਸੀ ਕਿ ਉਸ ਦੇ ਘਰੋਂ ਫੋਨ ਆਉਣ ’ਤੇ ਆਨ ਕੀਤੇ ਬਿਨਾਂ ਹੀ ਹੈਲੋ-ਹੈਲੋ ਕਰੀ ਜਾ ਰਿਹਾ ਸੀ। ਉਨ੍ਹਾਂ ਨੇ ਥਾਣਾ ਮਕਸੂਦਾਂ ਦੇ ਮੁਲਾਜ਼ਮਾਂ ਨੂੰ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਮੁਲਾਜ਼ਮ ਨੂੰ ਕਾਰ ’ਚ ਪਿੱਛੇ ਬਿਠਾਇਆ ਤੇ ਉਸ ਦੇ ਘਰ ਛੱਡਣ ਚਲੇ ਗਏ।
ਪਿਛਲੀ ਖ਼ਬਰ ਸਿਵਲ ਹਸਪਤਾਲ ਦੇ ਬਾਹਰ ਤੇ ਅੰਦਰ ਬਦਤਰ ਹੋਏ ਹਾਲਾਤ, ਲੋਕਾਂ ਦਾ ਲੰਘਣਾ ਹੋਇਆ ਮੁਸ਼ਕਿਲ ਤੇ ਬਿਜਲੀ ਵੀ ਰਹੀ ਠੱਪ ਅਗਲੀ ਖ਼ਬਰ ਨਗਰ ਨਿਗਮ ਕਰਵਾਏਗੀ ਸੋਢਲ ਚੌਕ ਦੇ ਸੁੰਦਰੀਕਰਨ ਦਾ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।