25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਜ਼ਿਲ੍ਹੇ ’ਚ 26 ਆਯੂਸ਼ਮਾਨ ਅਰੋਗਿਆ ਕੇਂਦਰਾਂ ’ਚੋਂ ਪਹਿਲਾਂ ਚੱਲ ਰਹੇ ਨੇ 9 ਆਮ ਲੋਕਾਂ ਨੂੰ ਘਰ ਨੇੜੇ ਸਿਹਤ ਸੇਵਾਵਾਂ ਦੇਣ ਲਈ ਖੋਲ੍ਹੇ ਜਾ ਰਹੇ ਨੇ ਕੇਂਦਰ

ਅਜੀਤ ਡੈਸਕ 09-07-2026
ਜਲੰਧਰ, 8 ਜੁਲਾਈ (ਜਤਿੰਦਰ ਪੰਮੀ)–ਸਿਹਤ ਵਿਭਾਗ ਵਲੋਂ ਆਮ ਲੋਕਾਂ ਨੂੰ ਘਰ ਦੇ ਨੇੜੇ ਹੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹੇ ਅੰਦਰ ਬਣਾਏ ਜਾ ਰਹੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚੋਂ 8 ਦੇ ਕਰੀਬ ਕੇਂਦਰ ਬਣ ਕੇ ਤਿਆਰ ਖੜ੍ਹੇ ਹਨ। ਇਨ੍ਹਾਂ ਵਿੱਚੋਂ ਪੰਜ ਅਰਬਨ ਖੇਤਰ ’ਚ ਬਣਾਏ ਗਏ ਹਨ ਜਦੋਂ ਤਿੰਨ ਦਿਹਾਤੀ ਖੇਤਰ ਵਿੱਚ ਹਨ। ਅਰੋਗਿਆ ਕੇਂਦਰ ਤਿਆਰ ਕਰਨ ਵਾਲੇ ਠੇਕੇਦਾਰਾਂ ਵਲੋਂ ਇਨ੍ਹਾਂ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਤਿਆਰ ਕਰਕੇ ਤਾਲੇ ਲਾ ਦਿੱਤੇ ਗਏ ਹਨ ਪਰ ਹੁਣ ਇਹ ਕੇਂਦਰ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਉਦਘਾਟਨ ਦੀ ਇੰਤਜ਼ਾਰ ਵਿਚ ਹਨ। ਜਿਹੜੇ ਇਲਾਕਿਆਂ ਵਿੱਚ ਇਹ ਕੇਂਦਰ ਤਿਆਰ ਕੀਤੇ ਗਏ ਹਨ, ਉਥੋਂ ਦੇ ਇਲਾਕਾ ਵਾਸੀ ਰੋਜ਼ਾਨਾ ਹੀ ਲੰਘਦੇ-ਵੜਦੇ ਇਨ੍ਹਾਂ ਕੇਂਦਰਾਂ ਨੂੰ ਇਸ ਆਸ ਨਾਲ ਦੇਖਦੇ ਹਨ ਕਿ ਇਹ ਕਦੋਂ ਸ਼ੁਰੂ ਹੋਣਗੇ ਤਾਂ ਜੋ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਸਿਹਤ ਸਹੂਲਤਾਂ ਮਿਲ ਸਕਣ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ’ਚ 26 ਦੇ ਕਰੀਬ ਆਯੂਸ਼ਮਾਨ ਅਰੋਗਿਆ ਕੇਂਦਰ ਬਣਾਏ ਜਾਣੇ ਹਨ, ਜਿਨ੍ਹਾਂ ਵਿੱਚੋਂ 9 ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ ਅਤੇ ਸੰਬੰਧਤ ਇਲਾਕਿਆਂ ’ਚ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਇਸ ਤੋਂ ਇਲਾਵਾ 8 ਨਵੇਂ ਕੇਂਦਰ ਹੋਰ ਬਣ ਕੇ ਤਿਆਰ ਹੋ ਚੁੱਕੇ ਹਨ, ਜਿਨ੍ਹਾਂ ਦਾ ਉਦਘਾਟਨ ਕੀਤਾ ਜਾਣਾ ਬਾਕੀ ਹੈ। ਇਸ ਤੋਂ ਇਲਾਵਾ 9 ਹੋਰ ਕੇਂਦਰ ਤਿਆਰ ਕੀਤੇ ਜਾ ਰਹੇ ਹਨ, ਜੋ ਆਉਣ ਵਾਲੇ ਦਿਨਾਂ ਦੌਰਾਨ ਲੋਕਾਂ ਨੂੰ ਸਿਹਤ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਣਗੇ।
ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਤੇ ਸਰਕਾਰ ਪਤਾ ਨਹੀਂ ਉਦਘਾਟਨ ਲਈ ਕਿਸ ਦਾ ਇੰਤਜ਼ਾਰ ਕਰ ਰਿਹਾ ਹੈ। ਲੋਕਾਂ ਦੀ ਸਹੂਲਤ ਲਈ ਬਣਾਏ ਇਨ੍ਹਾਂ ਕੇਂਦਰਾਂ ਲਈ ਲੋਕਾਂ ਨੂੰ ਉਡੀਕ ਕਰਵਾਉਣਾ ਜਾਇਜ਼ ਨਹੀਂ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਇਨ੍ਹਾਂ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਲੋਕਾਂ ਨੂੰ ਆਮ ਆਦਮੀ ਕਲੀਨਿਕਾਂ ਵਾਂਗ ਹੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਲੋਕਾਂ ਦੇ ਇਲਾਜ ਲਈ ਡਾਕਟਰ ਤੇ ਸਹਾਇਕ ਅਮਲੇ ਦੀ ਤਾਇਨਾਤੀ ਕੀਤੀ ਜਾਵੇਗੀ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਮੁਫ਼ਤ ਟੈਸਟ ਵੀ ਕੀਤੇ ਜਾਣਗੇ। ਇਸ ਸੰਬੰਧੀ ਸਿਵਲ ਸਰਜਨ ਡਾ. ਰਾਜੇਸ਼ ਗਰਗ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਸ਼ਹਿਰੀ ਤੇ ਦਿਹਾਤੀ ਖੇਤਰ ’ਚ 8 ਅਰੋਗਿਆ ਕੇਂਦਰ ਤਿਆਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਪੋਲੀਟੈਕਨਿਕ ਕਾਲਜ, ਲਸਾੜਾ, ਨੰਗਲ, ਸਲੇਮਪੁਰ ਮੁਸਲਮਾਨਾ, ਸਰਾਏ ਖਾਸ, ਗੁਰੂ ਰਵਿਦਾਸ ਮੰਦਰ ਸਿਧਾਰਥ ਨਗਰ, ਸਪੋਰਟਸ ਐਂਡ ਸਰਜੀਕਲ ਕੰਪਲੈਕਸ ਅਤੇ ਬੁੱਢਾ ਮੱਲ ਗਰਾਊਂਡ ਭਾਰਗੋ ਕੈਂਪ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਕਤ ਆਯੂਸ਼ਮਾਨ ਅਰੋਗਿਆ ਕੇਂਦਰਾਂ ਦੇ ਉਦਘਾਟਨ ਲਈ ਪਹਿਲਾਂ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਕਿਸੇ ਕਾਰਨ ਮੁਲਤਵੀ ਕਰ ਦਿੱਤਾ ਗਿਆ। ਹੁਣ ਇਨ੍ਹਾਂ ਕੇਂਦਰਾਂ ਦਾ 25 ਜੁਲਾਈ ਨੂੰ ਉਦਘਾਟਨ ਕੀਤਾ ਜਾਵੇਗਾ ਅਤੇ ਇਹ ਇਲਾਕਾ ਵਾਸੀਆਂ ਨੂੰ ਸਿਹਤ ਸਹੂਲਤਾਂ ਦੇਣੀਆਂ ਸ਼ੁਰੂ ਕਰ ਦੇਣਗੇ।
ਪਿਛਲੀ ਖ਼ਬਰ ਛੁੱਟੀਆਂ ਤੋਂ ਬਾਅਦ ਸਕੂਲ ਪਹੁੰਚੇ ਵਿਦਿਆਰਥੀਆਂ ਦਾ ਸਟੇਟ ਪਬਲਿਕ ਸਕੂਲ ਕੈਂਟ ’ਚ ਹੋਇਆ ਨਿੱਘਾ ਸਵਾਗਤ ਅਗਲੀ ਖ਼ਬਰ ਯੂ. ਪੀ. ਦਾ ਸਿਆਸੀ ਅਖਾੜਾ..

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।