ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦਾ ਮੁੱਦਾ ਫਿਰ ਛਿੜਿਆ, ਨਵੀਂ ਇਮਾਰਤ ਵਾਸਤੇ ਵਕੀਲਾਂ ਦੀ ਰਾਇ ਲੈਣ ਲਈ ਵੋਟਿੰਗ ਕੱਲ੍ਹ
ਅਜੀਤ ਡੈਸਕ
19-07-2026
ਨਵੇਂ ਨਿਆਂਇਕ ਕੰਪਲੈਕਸ, ਵਕੀਲਾਂ ਦੇ ਚੈਂਬਰਾਂ ਅਤੇ ਮਿੰਨੀ ਸਕੱਤਰੇਤ ਦੀ ਥਾਂ ਦੀ ਚੋਣ ਲਈ 5 ਥਾਵਾਂ ਨਿਰਧਾਰਤ
ਜ਼ਿਲ੍ਹਾ ਬਾਰ ਐਸੋਸੀਏਸ਼ਨ, ਜਲੰਧਰ ਵੱਲੋਂ ਨਵੇਂ ਨਿਆਂਇਕ ਕੰਪਲੈਕਸ, ਵਕੀਲਾਂ ਦੇ ਚੈਂਬਰਾਂ ਅਤੇ ਮਿੰਨੀ ਸਕੱਤਰੇਤ ਲਈ ਥਾਂ ਦੀ ਚੋਣ ਕਰਨ ਵਾਸਤੇ 20 ਜੁਲਾਈ ਨੂੰ ਵੋਟਿੰਗ ਕਰਵਾਈ ਜਾਵੇਗੀ। ਵੋਟਿੰਗ ਸਵੇਰੇ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਿਹੜੇ ਵਿੱਚ ਹੋਵੇਗੀ। ਇਸ ਦਿਨ ਬਾਰ ਐਸੋਸੀਏਸ਼ਨ ਵੱਲੋਂ “ਨੋ ਵਰਕ ਡੇ” ਦਾ ਐਲਾਨ ਵੀ ਕੀਤਾ ਗਿਆ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਰੇ ਯੋਗ ਮੈਂਬਰ ਆਪਣੇ ਮਤਾਧਿਕਾਰ ਦੀ ਵਰਤੋਂ ਕਰ ਸਕਣਗੇ। ਵੋਟਿੰਗ ਲਈ ਹਰ ਮੈਂਬਰ ਨੂੰ ਇੱਕ ਬੈਲਟ ਪੇਪਰ ਦਿੱਤਾ ਜਾਵੇਗਾ, ਜਿਸ ਵਿੱਚ ਪ੍ਰਸਤਾਵਿਤ ਪੰਜ ਥਾਵਾਂ ਦੇ ਨਾਮ ਦਰਜ ਹੋਣਗੇ। ਹਰ ਮੈਂਬਰ ਨੂੰ ਸਿਰਫ਼ ਦੋ ਤਰਜੀਹਾਂ (ਪ੍ਰੈਫਰੈਂਸ) ਦੇਣੀਆਂ ਹੋਣਗੀਆਂ। ਆਪਣੀ ਪਹਿਲੀ ਪਸੰਦ ਦੇ ਸਾਹਮਣੇ 1 ਅਤੇ ਦੂਜੀ ਪਸੰਦ ਦੇ ਸਾਹਮਣੇ 2 ਲਿਖਣਾ ਹੋਵੇਗਾ। ਸਿਰਫ਼ ਪਹਿਲੀਆਂ ਦੋ ਤਰਜੀਹਾਂ ਨੂੰ ਹੀ ਜਾਇਜ਼ ਮੰਨਿਆ ਜਾਵੇਗਾ। ਜੇਕਰ ਕੋਈ ਮੈਂਬਰ ਦੋ ਤੋਂ ਵੱਧ ਤਰਜੀਹਾਂ ਦਰਜ ਕਰਦਾ ਹੈ ਤਾਂ ਪਹਿਲੀਆਂ ਦੋ ਤੋਂ ਬਾਅਦ ਦਿੱਤੀਆਂ ਤਰਜੀਹਾਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਵੋਟਿੰਗ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਆਦਿਤਿਆ ਜੈਨ ਅਤੇ ਸਕੱਤਰ ਐਡਵੋਕੇਟ ਰੋਹਿਤ ਗੰਭੀਰ ਵੱਲੋਂ ਇੱਕ ਵੋਟਿੰਗ ਸੰਚਾਲਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵਿੱਚ ਬਲਵਿੰਦਰ ਸਿੰਘ ਲੱਕੀ (ਸਾਬਕਾ ਪ੍ਰਧਾਨ), ਸੰਜੀਵ ਬਾਂਸਲ (ਸਾਬਕਾ ਸਕੱਤਰ), ਮਨਮੋਹਨ ਸ਼ਰਮਾ, ਸਤਨਾਮ ਸਿੰਘ ਹੁੰਦਲ (ਸਾਬਕਾ ਸਕੱਤਰ), ਤੇਜਿੰਦਰ ਸਿੰਘ ਢਾਲੀਵਾਲ (ਸਾਬਕਾ ਸਕੱਤਰ), ਪ੍ਰੀਤਪਾਲ ਸਿੰਘ (ਸਾਬਕਾ ਸਕੱਤਰ), ਓ.ਪੀ. ਕੰਗਨੀਵਾਲ, ਰਾਜੀਵ ਕੋਹਲੀ (ਸਾਬਕਾ ਸਕੱਤਰ), ਸੰਜੀਵ ਕੁਮਾਰ ਅਧਿਕਾਰੀ, ਗੁਰਬਚਨ ਲਾਲ ਗਗਨੇਜਾ, ਤਜਿੰਦਰ ਕੁਮਾਰ ਬਦਨ, ਮਧੂ ਰਚਨਾ ਅਤੇ ਪਰਵੀਨ ਬਾਲਾ ਕੈਂਥ ਨੂੰ ਸ਼ਾਮਲ ਕੀਤਾ ਗਿਆ ਹੈ।