03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪ੍ਰਧਾਨ ਮੰਤਰੀ ਦੀ ਚੁੱਪੀ ਕਈ ਸਵਾਲ ਖੜ੍ਹੇ ਕਰਦੀ ਹੈ - ਸਿੱਖ ਤਾਲਮੇਲ ਕਮੇਟੀ

ਅਜੀਤ ਡੈਸਕ 19-07-2026
ਜਲੰਧਰ, 18 ਜੁਲਾਈ (ਜਤਿੰਦਰ ਪੰਮੀ)–ਸਿੱਖ ਤਾਲਮੇਲ ਕਮੇਟੀ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਬੰਦ ਪਏ ਲਾਂਘੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਨੀਤੀ ‘ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦੀ ਹੈ। ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 17 ਸਾਲ ਬਿਤਾਏ ਸਨ। ਦੇਸ਼ ਦੀ ਵੰਡ ਤੋਂ ਬਾਅਦ ਇਹ ਗੁਰਧਾਮ ਪਾਕਿਸਤਾਨ ਵਿਚ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਕਰੀਬ 75 ਸਾਲਾਂ ਦੀਆਂ ਅਰਦਾਸਾਂ ਅਤੇ ਲੰਬੇ ਸੰਘਰਸ਼ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦੀ ਆਪਸੀ ਸਹਿਮਤੀ ਨਾਲ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ ਸੀ, ਜਿਸ ਨਾਲ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਵੱਡੇ ਪੱਧਰ ‘ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਪਰ ਕਸ਼ਮੀਰ ਵਿਚ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਸਰਕਾਰ ਵੱਲੋਂ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਸੀ। ਕਮੇਟੀ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਦੋਵਾਂ ਦੇਸ਼ਾਂ ਵਿਚ ਹਾਲਾਤ ਆਮ ਹਨ ਅਤੇ ਲਾਂਘਾ ਮੁੜ ਖੋਲ੍ਹਣ ਵਿਚ ਕੋਈ ਵਿਸ਼ੇਸ਼ ਰੁਕਾਵਟ ਨਜ਼ਰ ਨਹੀਂ ਆਉਂਦੀ। ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਲਾਂਘਾ ਖੋਲ੍ਹਣ ਵਿਚ ਕੀਤੀ ਜਾ ਰਹੀ ਦੇਰੀ ਸਿੱਖ ਭਾਈਚਾਰੇ ਵਿਚ ਨਿਰਾਸ਼ਾ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਪੰਜਾਬ ਦਾ ਦੌਰਾ ਕੀਤਾ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਵੱਲੋਂ ਉਨ੍ਹਾਂ ਨੂੰ ਪੱਤਰ ਲਿਖ ਕੇ ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਗਈ ਸੀ ਪਰ ਇਸ ਸੰਬੰਧੀ ਕੋਈ ਸਕਾਰਾਤਮਕ ਐਲਾਨ ਨਹੀਂ ਕੀਤਾ ਗਿਆ, ਜਿਸ ਕਾਰਨ ਸਿੱਖ ਸੰਗਤਾਂ ਵਿਚ ਨਾਰਾਜ਼ਗੀ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹਿਆ ਜਾਵੇ ਤਾਂ ਜੋ ਸਿੱਖ ਸੰਗਤਾਂ ਆਪਣੇ ਇਸ ਪਵਿੱਤਰ ਗੁਰਧਾਮ ਦੇ ਦਰਸ਼ਨ ਕਰ ਸਕਣ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਉਨ੍ਹਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ।
ਪਿਛਲੀ ਖ਼ਬਰ ਪਾਣੀ ਵਾਲੀ ਪਾਈਪ ਲੀਕ ਹੋਣ ਕਰਕੇ ਕੂਲ ਰੋਡ ਵਾਲੀ ਤੋੜੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀ ਦਾ ਸਾਹਮਣਾ ਅਗਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ‘ਚਰਨ ਪਾਵਨ ਦਿਵਸ’ ਸੰਬੰਧੀ ਧਾਰਮਿਕ ਸਮਾਗਮਾਂ ਦੀ ਹੋਈ ਸ਼ੁਰੂਆਤ 23 ਤੋਂ 26 ਜੁਲਾਈ ਤੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।