ਜਲੰਧਰ, 18 ਜੁਲਾਈ (ਸ਼ਿਵ)- ਇਕ ਤਾਂ ਪਹਿਲਾਂ ਹੀ ਸ਼ਹਿਰ ਦੀਆਂ ਸੜਕਾਂ ਤੋੜ ਦਿੱਤੀਆਂ ਜਾਂਦੀਆਂ ਹਨ ਪਰ ਉਨਾਂ ਨੂੰ ਜਲਦੀ ਨਹੀਂ ਬਣਾਇਆ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਪੇ੍ਸ਼ਾਨ ਹੋਣਾ ਪੈਂਦਾ ਹੈ। ਹੁਣ ਨਗਰ ਨਿਗਮ ਨੂੰ ਕੂਲ੍ਹ ਰੋਡ ਲਾਜਵੰਤੀ ਹਸਪਤਾਲ ਦੇ ਕੋਲ ਉਹ ਸੜਕ ਤੋੜਨੀ ਪਈ ਹੈ ਜਿਸ ਨੂੰ ਅਜੇ ਪਿਛਲੇ ਸਾਲ ਕਾਫੀ ਮੁਸ਼ਕਲ ਨਾਲ ਬਣਾਇਆ ਗਿਆ ਸੀ ਜਦੋਂ ਪਿਛਲੇ ਸਾਲ ਇਸ ਸੜਕ ਨੂੰ ਤੋੜ ਕੇ ਸਰਫੇਸ ਵਾਟਰ ਪ੍ਰਾਜੈਕਟ ਦੀ ਪਾਈਪ ਪਾਈ ਗਈ ਸੀ। ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੁਰਾਣੇ ਈ. ਡੀ. ਦਫਤਰ ਦੇ ਅੱਗੇ ਸਾਰੀ ਲਾਈਨ ਵਾਲੀ ਸੜਕ ਨੂੰ ਪੁੱਟਿਆ ਗਿਆ ਹੈ। ਕਾਫੀ ਸਮੇਂ ਤੋਂ ਇਸ ਸੜਕ ’ਤੇ ਪਾਣੀ ਦੀ ਲੀਕੇਜ ਹੋ ਰਹੀ ਸੀ ਤੇ ਇਸ ਦੀ ਸ਼ਿਕਾਇਤ ਨਿਗਮ ਨੂੰ ਕੀਤੀ ਗਈ। ਨਿਗਮ ਵਲੋਂ ਇਸ ਲਾਈਨ ਵਾਲੀ ਸਾਰੀ ਸੜਕ ਨੂੰ ਪੁੱਟਿਆ ਗਿਆ ਹੈ ਤਾਂ ਪਾਣੀ ਵਾਲੀ ਪਾਈਪ ਨੂੰ ਠੀਕ ਕੀਤਾ ਜਾ ਸਕੇ। ਇਸ ਸੜਕ ਦੇ ਖ਼ਰਾਬ ਹੋਣ ਕਰਕੇ ਲੋਕਾਂ ਦੀਆਂ ਗੱਡੀਆਂ ਵੀ ਚਿੱਕੜ ਵਿਚ ਫਸ ਰਹੀਆਂ ਹਨ। ਲੋਕਾਂ ਦਾ ਕਹਿਣਾ ਸੀ ਕਿ ਲੀਕ ਹੋਣ ਵਾਲੀ ਪਾਈਪ ਦੇ ਠੀਕ ਹੋਣ ਤੋਂ ਬਾਅਦ ਹੀ ਇਸ ਦੇ ਉੱਪਰ ਮਿੱਟੀ ਪਾਈ ਜਾਵੇਗੀ। ਸੜਕ ਦੇ ਖ਼ਰਾਬ ਹੋਣ ਕਰਕੇ ਲੋਕਾਂ ਨੂੰ ਆਉਣ ਜਾਣ ਲਈ ਪੇ੍ਰਸ਼ਾਨ ਹੋਣਾ ਪੈ ਰਿਹਾ ਹੈ ਤੇ ਉਧਰ ਪੁਲਿਸ ਵਲੋਂ ਵੀ ਬੀ. ਐਮ. ਸੀ. (ਸੰਵਿਧਾਨ ਚੌਕ) ਤੋਂ ਕੂਲ੍ਹ ਰੋਡ ਵੱਲ ਜਾਣ ਵਾਲੇ ਰਸਤੇ ਨੂੰ ਬੈਰੀਕੇਡ ਲਗਾ ਕੇ ਬੰਦ ਕੀਤਾ ਗਿਆ ਹੈ ਤਾਂ ਜੋ ਉੱਥੇ ਟ੍ਰੈਫਿਕ ਵਿਚ ਗੱਡੀਆਂ ਨਾ ਫਸ ਸਕਣ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਕਿਉਂਕਿ ਬਾਰਸ਼ਾਂ ਕਰਕੇ ਇਸ ਥਾਂ ’ਤੇ ਪਾਣੀ ਭਰਨ ਨਾਲ ਕੋਈ ਹਾਦਸਾ ਹੋ ਸਕਦਾ ਹੈ। ਲੋਕਾਂ ਨੇ ਇਹ ਵੀ ਕਿਹਾ ਕਿ ਜਦੋਂ ਪਿਛਲੇ ਸਾਲ ਇਸ ਸੜਕ ਨੂੰ ਬਣਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਪਾਈਪਾਂ ਦੀ ਜਾਂਚ ਕਰਨੀ ਚਾਹੀਦੀ ਸੀ ਤਾਂ ਜੋ ਹੁਣ ਲੱਖਾਂ ਦੀ ਸੜਕ ਨੂੰ ਖ਼ਰਾਬ ਨਾ ਕਰਨਾ ਪੈਂਦਾ। ਚੇਤੇ ਰਹੇ ਕਿ ਸ਼ਹਿਰ ਵਿਚ ਕਈ ਨਵੀਆਂ ਬਣੀਆਂ ਸੜਕਾਂ ਇਸ ਕਰਕੇ ਵੀ ਧਸ ਰਹੀਆਂ ਹਨ ਕਿਉਂਕਿ ਪਹਿਲਾਂ ਸੀਵਰੇਜ ਅਤੇ ਪਾਣੀ ਵਾਲੀਆਂ ਪਾਈਪਾਂ ਦੀ ਲੀਕੇਜ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਬਾਅਦ ਵਿਚ ਲੱਖਾਂ ਦੀਆਂ ਸੜਕਾਂ ਨੂੰ ਪੁੱਟਣਾ ਨਾ ਪਵੇ।