ਸ਼ਾਹਕੋਟ, 19 ਜੁਲਾਈ (ਦਲਜੀਤ ਸਿੰਘ ਸਚਦੇਵਾ)- ਵਾਤਾਵਰਨ ਸੁਧਾਰ ਸੁਸਾਇਟੀ ਸ਼ਾਹਕੋਟ ਵਲੋਂ ਵਾਤਾਵਰਨ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਰੱਖਣ ਦੇ ਮਕਸਦ ਨਾਲ ਇਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਬੰਟੀ ਬੱਠਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਫ਼ੈਸਲਾ ਲਿਆ ਕਿ ਸੰਸਥਾ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਪ੍ਰਧਾਨ ਬੰਟੀ ਬੱਠਲਾ ਨੇ ਦੱਸਿਆ ਕਿ ਪਿਛਲੇ ਸਾਲ ਵੀ ਸੁਸਾਇਟੀ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਵੱਡੇ ਪੱਧਰ ’ਤੇ ਬੂਟੇ ਲਗਾਏ ਗਏ ਸਨ। ਵਾਤਾਵਰਨ ਨੂੰ ਬਚਾਉਣ ਲਈ ਸਿਰਫ਼ ਬੂਟੇ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਸੁਸਾਇਟੀ ਦਾ ਟੀਚਾ ਸ਼ਹਿਰ ਦੀਆਂ ਜਨਤਕ ਥਾਵਾਂ ਤੇ ਪਾਰਕਾਂ ਵਿਚ ਵੱਧ ਤੋਂ ਵੱਧ ਪੌਦੇ ਲਗਾਉਣਾ ਹੈ। ਇਸ ਕਾਰਜ ਲਈ ਸੰਸਥਾ ਵਲੋਂ ਸ਼ਹਿਰ ਦੇ ਸਮਾਜ ਸੇਵੀ ਆਗੂਆਂ ਤੇ ਪਤਵੰਤੇ ਸੱਜਣਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਦਾ ਮਕਸਦ ਸਿਰਫ਼ ਸ਼ਹਿਰ ਦੀ ਸੁੰਦਰਤਾ ਵਧਾਉਣਾ ਨਹੀਂ, ਸਗੋਂ ਪ੍ਰਦੂਸ਼ਣ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਨਜਿੱਠਣਾ ਵੀ ਹੈ। ਆਉਣ ਵਾਲੇ ਦਿਨਾਂ ਵਿਚ ਸੁਸਾਇਟੀ ਵਲੋਂ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਡਾ: ਗੁਰਪ੍ਰੀਤ ਸਿੰਘ ਪ੍ਰਿੰਸ, ਭੁਪਿੰਦਰ ਜੱਸਲ, ਡਾ: ਰਾਜੇਸ਼ ਚੌਹਾਨ, ਬੱਗਾ ਗੋਸਾਈਂ, ਗਗਨਦੀਪ ਗੋਇਲ, ਸੋਨਾ ਸਿੱਧੂ, ਸੁਖਪ੍ਰੀਤ ਸਿੰਘ ਢੱਡਾ, ਸਿਦਕਪ੍ਰੀਤ ਸਿੰਘ ਸਚਦੇਵਾ, ਜਸਵੀਰ ਸਿੰਘ ਜੱਸੀ, ਡਾ: ਬੂਟਾ ਆਦਿ ਹਾਜ਼ਰ ਸਨ।