04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਸੁਰੱਖਿਆ ਹੁਣ ਰੱਬ ਆਸਰੇ ਇੱਕ ਹਫ਼ਤੇ ਬਾਅਦ ਵੀ ਨਹੀਂ ਚੱਲੇ ਸਾਮਾਨ ਦੀ ਜਾਂਚ ਕਰਨ ਵਾਲੇ ਮੈਟਲ ਡਿਟੈਕਟਰ

ਅਜੀਤ ਡੈਸਕ 24-07-2026
ਜਲੰਧਰ ਛਾਉਣੀ, 23 ਜੁਲਾਈ (ਪਵਨ ਖਰਬੰਦਾ)- ਕਰੀਬ 125 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ 110 ਸਾਲ ਪੁਰਾਣੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਉਦਘਾਟਨ ਕੀਤੇ ਨੂੰ ਅਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਹਫਤਾ ਵੀ ਨਹੀਂ ਹੋਇਆ ਸੀ ਕਿ ਇਸ ਰੇਲਵੇ ਸਟੇਸ਼ਨ ਦਾ ਹਾਲ ਵੀ ਹੁਣ ਆਮ ਸਟੇਸ਼ਨਾਂ ਵਾਂਗ ਹੁੰਦਾ ਜਾ ਰਿਹਾ ਹੈ ਤੇ ਰੇਲ ਪ੍ਰਸ਼ਾਸਨ ਵਲੋਂ ਇਸ ਦੀ ਸਾਂਭ ਸੰਭਾਲ ਵੱਲ ਕੋਈ ਖਾਸ ਧਿਆਨ ਨਾ ਦਿੱਤੇ ਜਾਣ ਕਾਰਨ ਇਸ ਸਟੇਸ਼ਨ ਦੀਆਂ ਵੱਖ ਵੱਖ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਦਿਖ ਰਹੇ ਹਨ ਤੇ ਕਈ ਥਾਵਾਂ ’ਤੇ ਬਰਸਾਤ ਦਾ ਪਾਣੀ ਖੜ੍ਹਾ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਨੂੰ ਪੀਣ ਵਾਲਾ ਪਾਣੀ ਵੀ ਨਾਂ ਮਿਲਣ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ।
ਯਾਤਰੀਆਂ ਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਲਈ ਨਹੀਂ ਚੱਲੇ ਮੈਟਲ ਡਿਟੈਕਟਰ
ਇਸ ਦੇ ਨਾਲ ਹੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਕਰਨ ਲਈ ਲਾਏ ਗਏ ਆਧੁਨਿਕ ਮੈਟਲ ਡਿਟੈਕਟਰ ਤੱਕ ਚਾਲੂ ਨਹੀਂ ਕੀਤੇ ਗਏ ਤੇ ਸਟੇਸ਼ਨ ਦੇ ਦੋਵੇਂ ਹੀ ਗੇਟਾਂ ਦੇ ਐਂਟਰੀ ਗੇਟਾਂ ’ਤੇ ਯਾਤਰੀਆਂ ਦੀ ਜਾਂਚ ਕਰਨ ਲਈ ਕੋਈ ਵੀ ਪੁਲਿਸ ਕਰਮਚਾਰੀ ਤਾਇਨਾਤ ਨਹੀਂ ਕੀਤੇ ਗਏ ।
ਛਾਉਣੀ ਸਟੇਸ਼ਨ ’ਤੇ ਥਾਂ ਥਾਂ ਘੁੰਮ ਰਹੇ ਕੁੱਤੇ
ਲੋਕਾਂ ਵਲੋਂ ਦਿੱਤੀ ਗਈ ਜਾਣਕਾਰੀ ਉਪਰੰਤ ਅੱਜ ਜਦੋਂ ਅਜੀਤ ਦੀ ਟੀਮ ਵਲੋਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਤਾਂ ਦੇਖਣ ’ਚ ਆਇਆ ਕਿ ਛਾਉਣੀ ਰੇਲਵੇ ਸਟੇਸ਼ਨ ’ਚ ਯਾਤਰੀਆਂ ਦੇ ਬੈਠਣ ਵਾਲੀ ਥਾਂ ਨੇੜੇ ਲਾਵਾਰਸ ਕੁੱਤੇ ਘੁੰਮ ਰਹੇ ਸਨ ਜੋ ਕਿ ਕਿਸੇ ਵੀ ਸਮੇਂ ਯਾਤਰੀਆਂ ਅਤੇ ਖਾਸ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੇ ਸਨ। ਲੋਕਾਂ ਨੇ ਮੰਗ ਕੀਤੀ ਹੈ ਕਿ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਘੁੰਮ ਰਹੇ ਇਨ੍ਹਾਂ ਲਾਵਾਰਸ ਕੁੱਤਿਆਂ ਕਾਰਨ ਯਾਤਰੀਆਂ ਨੂੰ ਆ ਰਹੀ ਸਮੱਸਿਆ ਦਾ ਕੋਈ ਠੋਸ ਹੱਲ੍ਹ ਕੱਢਿਆ ਜਾਵੇ।
ਪੀਣ ਵਾਲੇ ਪਾਣੀ ਨੂੰ ਤਰਸ ਰਹੇ ਲੋਕ
ਇਸ ਦੌਰਾਨ ਹੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਲਈ ਪੀਣ ਵਾਲੇ ਪਾਣੀ ਦੀ ਟੈਂਕੀ ’ਚ ਪਾਣੀ ਨਾਂ ਹੋਣ ਕਾਰਨ ਅੱਜ ਸਾਰਾ ਦਿਨ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ ਤੇ ਕਈ ਯਾਤਰੀ ਪਾਣੀ ਦੀ ਤਲਾਸ਼ ’ਚ ਇੱਧਰੋਂ ਉੱਧਰ ਭਟਕਦੇ ਹੋਏ ਨਜ਼ਰ ਆਏ। ਯਾਤਰੀਆਂ ਨੇ ਰੇਲ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਕਰੋੜਾਂ ਰੁਪਏ ਲਾਉਣ ਦਾ ਕੀ ਫਾਇਦਾ ਜੇਕਰ ਗਰਮੀਆਂ ਦੇ ਦਿਨਾਂ ’ਚ ਲੋਕਾਂ ਨੂੰ ਪੀਣ ਵਾਲਾ ਪਾਣੀ ਹੀ ਨਾਂ ਮਿਲ ਸਕਿਆ।
ਥਾਂ ਥਾਂ ਲੱਗੇ ਕੂੜੇ ਦੇ ਢੇਰ ਤੇ ਫੈਲੀ ਗੰਦਗੀ
ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਵੱਖ ਵੱਖ ਹਿੱਸਿਆ ’ਚ ਦੇਖਣ ਨੂੰ ਮਿਲਿਆ ਕਿ ਇਸ ਸਟੇਸ਼ਨ ਦੇ ਕਈ ਹਿੱਸਿਆਂ ’ਚ ਗੰਦਗੀ ਦੇ ਢੇਰ ਲੱਗੇ ਹੋਏ ਸਨ ਤੇ ਸਭ ਤੋਂ ਹੈਰਾਨ ਕਰਨ ਵਾਲੀ ਇਹ ਵੀ ਗੱਲ ਸੀ ਕਿ ਪਾਨ-ਸੁਪਾਰੀ ਖਾਨ ਵਾਲੇ ਲੋਕਾਂ ਵਲੋਂ ਸਟੇਸ਼ਨ ਦੇ ਵੱਖ ਵੱਖ ਹਿੱਸਿਆਂ ’ਤੇ ਥੁੱਕ ਸੁੱਟ ਕੇ ਉਸ ਨੂੰ ਗੰਦਾ ਕੀਤਾ ਗਿਆ ਸੀ, ਜਿਸ ਦੀ ਸਫਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਚ ਵੀ ਰੇਲ ਪ੍ਰਸ਼ਾਸਨ ਦੀ ਕਾਰਗੁਜਾਰੀ ’ਤੇ ਸਵਾਲੀਆ ਨਿਸ਼ਾਨ ਲਗਦੇ ਹੋਏ ਨਜ਼ਰ ਆ ਰਹੇ ਹਨ।
ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵੀ ਯਾਤਰੀ ਪ੍ਰੇਸ਼ਾਨ
ਇੱਥੇ ਦੱਸਣਯੋਗ ਹੈ ਕਿ ਬਰਸਾਤ ਦੇ ਦਿਨ ਹੋਣ ਕਾਰਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਕਈ ਹਿੱਸਿਆਂ ’ਚ ਬਰਸਾਤੀ ਪਾਣੀ ਦੀ ਨਿਕਾਸੀ ਨਾਂ ਹੋਣ ਕਾਰਨ ਅੱਜ ਸਾਰਾ ਦਿਨ ਹੀ ਬਰਸਾਤ ਦਾ ਪਾਣੀ ਕਈ ਥਾਵਾਂ ’ਤੇ ਖੜ੍ਹਾ ਰਿਹਾ, ਜਿਸ ਕਾਰਨ ਇਸ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਯਾਤਰੀਆਂ ਨੂੰ ਬਰਸਾਤ ਦੇ ਪਾਣੀ ’ਚੋਂ ਨਿਕਲਣ ਲਈ ਮਜਬੂਰ ਹੋਣਾ ਪਿਆ। ਇਸ ਤਰ੍ਹਾਂ ਦਾ ਹੀ ਨਜ਼ਾਰਾ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਦਕੋਹਾ ਖੇਤਰ ਵਾਲੀ ਰੋਡ ਨੇੜੇ ਐਂਟਰੀ ਗੇਟ ਦੇ ਬਾਹਰ ਦੇਖਣ ਨੂੰ ਮਿਲਿਆ ਜਿੱਥੇ ਬਰਸਾਤ ਦਾ ਪਾਣੀ ਖੜ੍ਹਾ ਹੋਣ ਕਾਰਨ ਇਸ ਗੇਟ ਤੋਂ ਨਿਕਲਣ ਵਾਲੇ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨ ਹੋਣਾ ਪਿਆ ਤੇ ਖਾਸ ਤੌਰ ’ਤੇ ਦੋਪਹਿਆ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਸੜਕ ਕਿਨਾਰੇ ਹੀ ਪਾਰਕ ਕਰਨੇ ਪਏ। ਹੁਣ ਦੇਖਣਾ ਇਹ ਹੈ ਕਿ ਕਰੋੜੁਾਂ ਰੁਪਏ ਦੀ ਲਾਗਤ ਨਾਲ ਮੁੜ ਤਿਆਰ ਕੀਤੇ ਗਏ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਸਾਂਭ ਸੰਭਾਲ ਵੱਲ ਰੇਲ ਪ੍ਰਸ਼ਾਸਨ ਕੋਈ ਗੰਭੀਰਤਾ ਦਿਖਾਏਗਾ ਜਾ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਨੂੰ ਇਸ ਤਰ੍ਹਾਂ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ।
ਪਿਛਲੀ ਖ਼ਬਰ ਢੀਂਡਸਾ ਵਲੋਂ ਯੂਥ ਵਿੰਗ ਤੇ ਮੁਹੱਲਾ ਇੰਚਾਰਜ ਕੀਤੇ ਨਿਯੁਕਤ ਅਗਲੀ ਖ਼ਬਰ ਬਰਨਾਲਾ ਲਾਠੀਚਾਰਜ ਦੇ ਵਿਰੋਧ ’ਚ ਅੱਜ ਕੂੜਾ ਚੁੱਕਣ, ਸੀਵਰੇਜ ਦਾ ਕੰਮ ਬੰਦ ਰੱਖਣਗੇ ਨਿਗਮ ਕਰਮਚਾਰੀ ਸਫ਼ਾਈ ਸੇਵਕਾਂ ਦੇ ਉੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।