04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਵਿਰਾਸਤੀ ਇਮਾਰਤਾਂ ਤੇ ਸਾਫ਼ ਸੁਥਰੀ ਦਿੱਖ ਵਾਲਾ ਕਸਬਾ ਹੈ ਜਮਸ਼ੇਰ ਖਾਸ

ਅਜੀਤ ਡੈਸਕ 24-07-2026
ਜਮਸ਼ੇਰ ਖਾਸ, 23 ਜੁਲਾਈ (ਹਰਵਿੰਦਰ ਕੁਮਾਰ)- ਦੁਆਬਾ ਦਾ ਵੱਡਾ ਨਾਮਵਰ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ, ਬਲਾਕ ਪੂਰਬੀ ਜਲੰਧਰ, ਜਲੰਧਰ ਅਧੀਨ ਆਉਂਦਾ ਜਲੰਧਰ-ਜੰਡਿਆਲਾ ਮਾਰਗ ’ਤੇ ਵੱਸਿਆ ਜਮਸ਼ੇਰ ਖਾਸ ਵਿਰਾਸਤੀ ਇਮਾਰਤਾਂ ਅਤੇ ਸਾਫ਼ ਸੁਥਰੀ ਦਿੱਖ ਵਾਲਾ ਪਿੰਡ ਹੈ। ਜਮਸ਼ੇਰ ਖਾਸ ਵਿਖੇ ਵਿਰਾਸਤੀ ਇਮਾਰਤ ਧਰਮਸ਼ਾਲਾ ਅਤੇ ਆਜ਼ਾਦੀ ਤੋਂ ਪਹਿਲਾਂ ਬਣੀ ਮੁੱਢਲਾ ਸਿਹਤ ਕੇਂਦਰ ਜਮਸ਼ੇਰ ਖਾਸ ਦੀ ਇਮਾਰਤ, ਰੇਲਵੇ ਸਟੇਸ਼ਨ ਦੀ ਇਮਾਰਤ ਇਤਿਹਾਸਿਕ ਮਹੱਤਤਾ ਰੱਖਦੀ ਹੈ। ਪਿੰਡ ‘ਚ ਪੀਐਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਦੀ ਦਿੱਖ ਪ੍ਰਵਾਸੀ ਭਾਰਤੀਆਂ ਦੇ ਆਰਥਿਕ ਸਹਿਯੋਗ ਨਾਲ ਸੂਬੇ ਦੇ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦੀ ਹੈ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਤੇ ਪ੍ਰਾਇਮਰੀ ਸਕੂਲ ਹੈ। ਪਿੰਡ ਵਿੱਚ ਸਰਕਾਰੀ ਸਿਵਲ ਪਸ਼ੂ ਹਸਪਤਾਲ ਵੀ ਬਣਿਆ ਹੋਇਆ ਹੈ, ਜਿਸ ਦੇ ਡਾਕਟਰ ਅਤੇ ਸਟਾਫ਼ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਪਿੰਡ ਦੇ ਵਿਚ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਥਾਣਾ ਸਦਰ ਜਲੰਧਰ ਵੀ ਬਣਿਆ ਹੋਇਆ ਹੈ। ਜਿਸ ਦੇ ਅਧੀਨ ਲਗਭਗ 52 ਪਿੰਡ ਆਉਂਦੇ ਹਨ। ਪਿੰਡ ਵਾਸੀਆਂ ਦੀ ਸਹੂਲਤ ਲਈ ਪਿੰਡ ਵਿੱਚ ਪਾਣੀ ਵਾਲੀ ਟੈਂਕੀ ਵੀ ਮੌਜੂਦ ਹੈ ਅਤੇ ਪੰਚਾਇਤ ਵੱਲੋਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਗ੍ਹਾ ਜਗ੍ਹਾ ਸਬਮਰਸੀਬਲ ਬੋਰ ਵੀ ਲਗਾਏ ਗਏ ਹਨ। ਕਸਬਾ ਜਮਸ਼ੇਰ ਖਾਸ ਵਿਚ ਔਰਤਾਂ ਦੀ ਗਿਣਤੀ ਲਗਭਗ ਮਰਦਾਂ ਦੇ ਬਰਾਬਰ ਹੈ। ਪਿੰਡ ਵਿੱਚ ਸੀਵਰੇਜ ਸਹੂਲਤਾਂ, ਇੰਟਰਲਾਕਿੰਗ ਟਾਈਲਾਂ, ਚੌੜੀਆਂ ਗਲੀਆਂ ਵਾਟਰ ਰੀਚਾਰਜਿੰਗ ਲੱਗਿਆ ਹੋਣ ਕਾਰਨ ਪਿੰਡ ਜਮਸ਼ੇਰ ਖਾਸ ਇੱਕ ਸ਼ਹਿਰ ਦਾ ਭੁਲੇਖਾ ਪਾਉਂਦਾ ਹੈ। ਪਿੰਡ ਜਮਸ਼ੇਰ ਖਾਸ ਵਿੱਚ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਬਣਿਆ ਰੇਲਵੇ ਸਟੇਸ਼ਨ ਅਤੇ ਪਿੰਡ ਵਿਚਕਾਰ ਧਰਮਸ਼ਾਲਾ, ਠਾਕੁਰ ਦੁਆਰਾ, ਮਹੰਤ ਚਿਮਟੇ ਵਾਲਿਆਂ ਦਾ ਮੰਦਿਰ ਆਦਿ ਵਿਰਾਸਤੀ ਇਮਾਰਤਾਂ ਮੌਜੂਦ ਹਨ। ਗੱਲਬਾਤ ਕਰਦਿਆ ਜਮਸ਼ੇਰ ਵੈਰਾਗੀ ਗੁਰਗੱਦੀ ਠਾਕੁਰ ਦੁਆਰੇ ਵਾਲੇ ਮਹੰਤ ਭਰਤ ਦਾਸ ਨੇ ਦੱਸਿਆ ਕੀ ਇਸ ਮੰਦਰ ਦੀ ਸਥਾਪਨਾ 1545 ਸੰਮਤ ਵਿੱਚ ਹੋਈ ਸੀ ਅਤੇ ਇਸੇ ਤਰ੍ਹਾਂ ਪਿੰਡ ਜਮਸ਼ੇਰ ਖਾਸ ਵਿਖੇ ਸਨਿਆਸੀ ਗੱਦੀ ਦਾ ਪ੍ਰਾਚੀਨ ਸ਼ਿਵ ਮੰਦਿਰ 1469 ਸੰਮਤ ਪੁਰਾਣਾ ਹੈ ਹੁਣ ਇਸ ਮੰਦਰ ਵਿੱਚ ਗੱਦੀ ਤੇ ਮਹੰਤ ਪ੍ਰਸ਼ੋਤਮ ਗਿਰੀ ਚਿਮਟੇ ਵਾਲੇ ਬਿਰਾਜਮਾਨ ਹਨ, ਇਸੇ ਤਰ੍ਹਾਂ ਉਦਾਸੀਨ ਗੁਰਗੱਦੀ ਜਮਸ਼ੇਰ ਖ਼ਾਸ ਵਾਲੇ ਮਹੰਤ ਗੁਰਿੰਦਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਧਰਮਸ਼ਾਲਾ ਦੀ ਉਸਾਰੀ 1857 ਸੰਮਤ ਨੂੰ ਹੋਈ ਸੀ।ਪਿੰਡ ਵਿੱਚ ਸਾਰੇ ਧਰਮਾਂ ਦੇ ਲੋਕ ਆਪਸ ਵਿਚ ਪਿਆਰ ਅਤੇ ਸਦਭਾਵਨਾ ਨਾਲ ਰਹਿੰਦੇ ਹਨ, ਇੱਕ ਦੂਜੇ ਦੇ ਸਮਾਗਮਾਂ ਵਿਚ ਸਮੂਲੀਅਤ ਕਰਦੇ ਹੋਏ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ।ਪਿੰਡ ਵਿੱਚ ਸਾਰੇ ਧਰਮਾਂ ਦੇ ਧਾਰਮਿਕ ਅਸਥਾਨ ਮੌਜੂਦ ਹਨ। ਜ਼ਿਕਰਯੋਗ ਹੈ ਕਿ ਪਿਛਲੀਆਂ ਸੂਬਾ ਸਰਕਾਰਾਂ ਵੱਲੋਂ ਸ਼ਹਿਰੀ ਲੋਕਾਂ ਨੂੰ ਟ੍ਰੈਫਿਕ ਨਿਜਾਤ ਦਿਵਾਉਣ ਲਈ ਰਾਸ਼ਟਰੀ ਮਾਰਗ ਤੋਂ ਵਾਇਆ ਜਮਸ਼ੇਰ ਖਾਸ -ਨਕੋਦਰ- ਮੋਗਾ ਬਣਾਏ ਗਏ।ਇਸ ਬਾਈਪਾਸ ਕਾਰਨ ਜਿੱਥੇ ਪੇਂਡੂ ਖੇਤਰ ਦੀਆਂ ਛੋਟੀਆਂ ਸੜਕਾਂ ਤੇ ਟਰੈਫਿਕ ਸਮੱਸਿਆ ਹੋ ਗਈ ਹੈ। ਜਲੰਧਰ ਅਰਬਨ ਅਸਟੇਟ ਤੋਂ ਡੇਅਰੀ ਕੰਪਲੈਕਸ ਨੂੰ ਜਾਂਦੀ ਸੜਕ ਤੇ ਸ਼ਹਿਰ ਵਾਸੀਆਂ ਵੱਲੋਂ ਜਿਥੇ ਰਾਤ ਦੇ ਹਨੇਰੇ ਵਿੱਚ ਮੈਰਿਜ ਪੈਲਸਾਂ ਹੋਟਲਾਂ ਦੀ ਰਹਿੰਦ ਖੂੰਦ ਸੜਕਾਂ ਦੇ ਕਿਨਾਰੇ ਧੜਾਧੜ ਸੁੱਟੀ ਜਾ ਰਹੀ ਹੈ। ਉੱਥੇ ਆਵਾਜਾਈ ਭਰਪੂਰ ਇਸ ਸੜਕ ਤੇ ਡੇਅਰੀ ਕੰਪਲੈਕਸ ਤੋਂ ਦੁੱਧ ਲੈ ਕੇ ਆਉਂਦੀਆਂ ਗੱਡੀਆਂ ਅਤੇ ਹੋਰ ਵਾਹਨਾਂ ਲਈ ਇਹ ਕੂੜਾ ਕਰਕਟ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਜ਼ਿਕਰਯੋਗ ਹੈ ਕਿ ਜਲੰਧਰ ਛਾਉਣੀ, ਸ਼ਹਿਰ ਦੇ ਨਾਲ ਲੱਗਦੇ ਇਲਾਕਿਆਂ ਤੋਂ ਇਲਾਵਾ ਵੱਡੇ ਪੇਂਡੂ ਖੇਤਰ ਨੂੰ ਆਪਸ ਵਿੱਚ ਜੋੜਨ ਲਈ ਜਾਣਿਆ ਜਾਂਦਾ ਡੈਅਰੀ ਕੰਪਲੈਕਸ ਵਾਲਾ ਪੁਲ ਬਹੁਤ ਹੀ ਖਸਤਾ ਹਾਲਤ ਵਿੱਚ ਹੈ।ਜਮਸ਼ੇਰ ਖਾਸ ਬੱਸ ਸਟੈਂਡ ਤੋਂ ਥਾਣਾ ਸਦਰ ਜਲੰਧਰ ਅੱਗੋ ਲੰਘਦੀ ਸੜਕ ਜਮਸ਼ੇਰ ਡੇਅਰੀ ਕੰਪਲੈਕਸ, ਨਾਨਕ ਪਿੰਡੀ, ਚਿੱਤੇਵਾਣੀ ਅਰਬਨ ਅਸਟੇਟ ਜਲੰਧਰ ਨੂੰ ਜਾਂਦੀ ਆਵਾਜਾਈ ਭਰਪੂਰ ਸੜਕ ਤੇ ਜਮਸ਼ੇਰ ਡੇਅਰੀ ਕੰਪਲੈਕਸ ਨੇੜੇ ਗੰਦੇ ਨਾਲੇ ਉੱਪਰ ਬਣਿਆ ਇਹ ਖਸਤਾ ਹਾਲ ਪੁਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਡੇਅਰੀ ਕੰਪਲੈਕਸ ਵਿੱਚ ਬਣੇ ਸਿਵਲ ਪਸ਼ੂ ਹਸਪਤਾਲ ਦੀ ਇਮਾਰਤ ਦੀ ਹਾਲਤ ਵੀ ਤਰਸਯੋਗ ਹੈ। ਇਹ ਪੁਲ ਜਿੱਥੇ ਬੁਰੀ ਤਰ੍ਹਾਂ ਟੁੱਟ ਭੱਜ ਦਾ ਸ਼ਿਕਾਰ ਹੈ ਉਥੇ ਪੁਲ ਉੱਪਰ ਕੋਈ ਸੁਰੱਖਿਤ ਪਿੱਲਰ ਜਾਂ ਕੰਧ ਨਹੀਂ ਹੈ। ਜ਼ਿਕਰਯੋਗ ਹੈ ਕਿ ਡੇਅਰੀ ਕੰਪਲੈਕਸ ਵਿਖੇ ਰੋਜਾਨਾ ਚਾਰਾ ਲੈ ਕੇ ਆਉਂਦੀਆਂ ਟਰਾਲੀਆਂ, ਟਰੱਕ ਅਤੇ ਹੋਰ ਵਾਹਨ ਇਥੋਂ ਹੀ ਗੁਜ਼ਰਦੇ ਹਨ।ਜੰਡਿਆਲਾ ਤੋਂ ਜਲੰਧਰ ਜਾਣ ਵਾਲਾ ਸਾਰਾ ਟ੍ਰੈਫਿਕ ਵੀ ਇਸ ਪੁਲ ਉੱਪਰ ਦੀ ਹੀ ਗੁਜ਼ਰਦਾ ਹੈ । ਇਸੇ ਤਰ੍ਹਾਂ ਹੀ ਭੋਡੇ ਸਪਰਾਏ ਨੇੜੇ ਗੰਦੇ ਨਾਲੇ ਉੱਪਰ ਬਣੇ ਖਸਤਾ ਹਾਲ ਪੁਲ ਉੱਪਰੋਂ ਜਮਸ਼ੇਰ ਬਾਈਪਾਸ ਤੋਂ ਨਕੋਦਰ, ਮੋਗਾ ਜਾਣ ਵਾਲਾ ਸਾਰਾ ਟ੍ਰੈਫਿਕ ਗੁਜਰਦਾ ਹੈ। ਜਲੰਧਰ ਸ਼ਹਿਰ ਦੀਆਂ ਸੈਂਕੜੇ ਡੈਅਰੀਆਂ ਨੂੰ ਸ਼ਹਿਰੋਂ ਬਾਹਰ ਕੱਢ ਕੇ ਪੇਂਡੂ ਖੇਤਰ ਦੇ ਕਸਬਾ ਜਮਸ਼ੇਰ ਖਾਸ ਵਿੱਚ ਬਣਾਏ ਡੇਅਰੀ ਕੰਪਲੈਕਸ ਦੇ ਖਾਲੀ ਪਲਾਟਾਂ ਵਿੱਚ ਰਸਾਇਣ ਘੁਲਿਆ ਅਤੇ ਬਦਬੂ ਮਾਰਦਾ ਖੜਾ ਪਾਣੀ ਡੇਅਰੀ ਕੰਪਲੈਕਸ ਦੇ ਦੁਧਾਰੂ ਪਸ਼ੂਆਂ ਅਤੇ ਇਥੇ ਰਿਹਾਇਸ਼ ਰੱਖਦੇ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ।ਪੁਲਿਸ ਕਮਿਸ਼ਨਰੇਟ ਜਲੰਧਰ ਦੇ ਅਧੀਨ ਆਉਂਦੇ ਇਸ ਖੇਤਰ ਵਿੱਚ ਕੋਈ ਵੀ ਟਰੈਫਿਕ ਪੁਲਿਸ ਦਾ ਇੰਤਜ਼ਾਮ ਨਹੀਂ ਹੈ ਅਤੇ ਨਾ ਹੀ ਕੋਈ ਰਾਤ ਵੇਲੇ ਟ੍ਰੈਫਿਕ ਪੁਲਿਸ ਨਾਕੇ ਲਗਾਏ ਜਾਂਦੇ ਹਨ, ਜਿਸ ਕਾਰਨ ਚੋਰ ਲੁਟੇਰੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹਨ।ਜਮਸ਼ੇਰ ਖਾਸ ਵਿਖੇ ਬਣੇ ਮੁੱਢਲਾ ਸਿਹਤ ਕੇਂਦਰ ਜਿਸ ਦੀ ਹਾਲਤ ਕਾਫ਼ੀ ਖਸਤਾ ਹੈ।ਸਟਾਫ਼ ਤੇ ਦਵਾਈਆਂ ਦੀ ਵੀ ਘਾਟ ਵੀ ਹਮੇਸ਼ਾ ਰੜਕਦੀ ਰਹਿੰਦੀ ਹੈ। ਇਸ ਦੀ ਕਾਫ਼ੀ ਦੇਰ ਪਹਿਲਾਂ ਦੀ ਬਣੀ ਇਮਾਰਤ ਪੁਰਾਣੀ ਹੋਣ ਕਾਰਨ ਡਿੱਗੂ -ਡਿੱਗੂ ਕਰਦੀ ਹੋਈ ਸਰਕਾਰ ਦੀ ਸਵੱਲੀ ਨਜ਼ਰ ਮੰਗਦੀ ਹੈ।
ਪਿਛਲੀ ਖ਼ਬਰ ਨਿਆਂ ਸੱਤਿਆਗ੍ਹਹਿ ਤਹਿਤ ਭਲਕੇ ਇਕ ਦਿਨ ਦੀ ਭੁੱਖ ਹੜਤਾਲ ’ਤੇ ਬੈਠਣਗੇ ਰਵੀਸ਼ ਰਾਜ ਨੀਟ ਪ੍ਰੀਖਿਆ ਵਿਚ ਕਥਿਤ ਗੜਬੜੀਆਂ ਲਈ... ਅਗਲੀ ਖ਼ਬਰ ਅੰਡਰ-19 ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ: ਜਲੰਧਰ ਨੇ ਸੰਗਰੂਰ ਨੂੰ 183 ਦੌੜਾਂ ਨਾਲ ਹਰਾ ਕੇ ਜਿੱਤੀ ਟਰਾਫੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।