04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸ਼ਾਂਤੀਪੂਰਨ ਮਾਹੌਲ ’ਚ ਮੁਕੰਮਲ ਤੌਰ ’ਤੇ ਬੰਦ ਰਹੇ ਮਹਾਨਗਰ ਦੇ ਸਾਰੇ ਬਾਜ਼ਾਰ

ਅਜੀਤ ਡੈਸਕ 28-07-2026
ਜਲੰਧਰ, 27 ਜੁਲਾਈ (ਜਤਿੰਦਰ ਪੰਮੀ)–ਬਰਨਾਲਾ ਵਿਖੇ ਸਫ਼ਾਈ ਸੇਵਕਾਂ, ਵਿਸ਼ੇਸ਼ ਕਰਕੇ ਮਹਿਲਾ ਸਫ਼ਾਈ ਮੁਲਾਜ਼ਮਾਂ ’ਤੇ ਸਥਾਨਕ ਪ੍ਰਸ਼ਾਸਨ ਵਲੋਂ ਕੀਤੇ ਗਏ ਅਣਮਨੁੱਖੀ ਤੇ ਬੇਰਹਿਮੀ ਨਾਲ ਕੀਤੇ ਗਏ ਲਾਠੀਚਾਰਜ ਦੇ ਵਿਰੋਧ ’ਚ ਜ਼ਿਲ੍ਹੇ ਦੀਆਂ ਸਮੂਹ ਦਲਿਤ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮਹਾਨਗਰ ਅੰਦਰ ਪੂਰਨ ਸਮਰਥਨ ਮਿਲਿਆ। ਬੰਦ ਦੌਰਾਨ ਸ਼ਾਂਤੀਪੂਰਨ ਮਾਹੌਲ ’ਚ ਮਹਾਨਗਰ ਦੇ ਸਾਰੇ ਬਾਜ਼ਾਰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਮੁਕੰਮਲ ਤੌਰ ’ਤੇ ਬੰਦ ਰਹੇ। ਬੰਦ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਅੱਡੇ ’ਤੇ ਦੁਕਾਨਾਂ ਅਤੇ ਸ਼ਹਿਰ ਅੰਦਰ ਹੋਰ ਕਈ ਥਾਵਾਂ ’ਤੇ ਬੈਂਕ ਤੇ ਹੋਰ ਅਦਾਰੇ ਖੁੱਲ੍ਹੇ ਹੋਣ ਦਾ ਪਤਾ ਲੱਗਣ ’ਤੇ ਪ੍ਰਦਰਸ਼ਨਕਾਰੀਆਂ ਨੇ ਮੌਕੇ ’ਤੇ ਜਾ ਕੇ ਬੰਦ ਕਰਵਾ ਦਿੱਤੇ। ਹਾਲਾਂਕਿ ਦੋਪਹੀਆ ਤੇ ਚੋਪਹੀਆ ਵਾਹਨ ਆਮ ਵਾਂਗ ਚੱਲਦੇ ਰਹੇ, ਜਿਸ ਨਾਲ ਸ਼ਹਿਰ ਅੰਦਰ ਆਵਾਜਾਈ ਬਣੀ ਰਹੀ। ਓਧਰ ਪੰਜਾਬ ਬੰਦ ਦੇ ਸੱਦੇ ਨੂੰ ਵੇਖਦੇ ਹੋਏ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਧਰਨੇ ਵਾਲੀ ਥਾਂ ਭਗਵਾਨ ਵਾਲਮੀਕਿ ਚੌਕ ’ਚ ਪ੍ਰਦਰਸ਼ਨਕਾਰੀਆਂ ਦੇ ਪੁੱਜਣ ਤੋਂ ਪਹਿਲਾਂ ਹੀ ਏ. ਡੀ. ਸੀ. ਪੀ.-1 ਅਕਾਰਸ਼ੀ ਜੈਨ ਵੱਖ-ਵੱਖ ਥਾਣਿਆਂ ਦੇ ਇੰਚਾਰਜਾਂ ਸਮੇਤ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨਾਲ ਪੁੱਜ ਗਏ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਬੰਦ ਦੌਰਾਨ ਚੌਕਸੀ ਵਰਤਣ ਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਸ਼ਰਾਰਤੀ ਅਨਸਰਾਂ ਦੀ ਕਿਸੇ ਵੀ ਹਰਕਤ ’ਤੇ ਤਿੱਖੀ ਨਜ਼ਰ ਰੱਖਣ ਲਈ ਆਖਿਆ। ਭਗਵਾਨ ਵਾਲਮੀਕਿ ਚੌਕ ’ਚ ਇਕੱਤਰ ਹੋਈਆਂ ਵੱਖ-ਵੱਖ ਦਲਿਤ ਜਥੇਬੰਦੀਆਂ ਦੇ ਆਗੂਆਂ ਨੇ ਸ਼ਾਂਤੀਪੂਰਨ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਬਰਨਾਲਾ ਦੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਥੇਬੰਦੀਆਂ ਦਾ ਇਹ ਧਰਨਾ ਬਾਅਦ ਦੁਪਹਿਰ 4 ਵਜੇ ਤੱਕ ਜਾਰੀ ਰਿਹਾ। ਧਰਨੇ ’ਚ ਸ਼ਾਮਲ ਦਲਿਤ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੀਆਂ ਮਹਿਲਾਵਾਂ ਤੇ ਸਫ਼ਾਈ ਸੇਵਕਾਂ ਉੱਤੇ ਬਰਨਾਲਾ ਪੁਲਿਸ ਵਲੋਂ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ, ਜਿਸ ਵਿੱਚ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਲੋਕਤੰਤਰੀ ਦੇਸ਼ ਵਿੱਚ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਰੱਖਣਾ ਹਰ ਨਾਗਰਿਕ ਦਾ ਅਧਿਕਾਰ ਹੈ ਪਰ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਿਹੱਥੇ ਲੋਕਾਂ ‘ਤੇ ਕੀਤੀ ਗਈ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਲਈ ਜ਼ਿੰਮੇਵਾਰ ਡੀ. ਐੱਸ. ਪੀ. ਨੂੰ ਸਿਰਫ਼ ਮੁਅੱਤਲ ਕੀਤਾ ਗਿਆ ਹੈ। ਇਸ ਲਈ ਉਸ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਬਰਖ਼ਾਸਤ ਕੀਤਾ ਜਾਵੇ । ਇਸ ਦੇ ਨਾਲ ਹੀ ਸਫ਼ਾਈ ਸੇਵਕਾਂ
ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਜ਼ਖ਼ਮੀਆਂ ਦਾ ਮੁਫ਼ਤ ਅਤੇ ਢੁੱਕਵਾਂ ਇਲਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਇਲਾਜ ਦਾ ਸਾਰਾ ਖ਼ਰਚਾ ਸਰਕਾਰ ਵੱਲੋਂ ਚੁਕਾਇਆ ਜਾਵੇ। ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਨੇ ਭਗਵਾਨ ਵਾਲਮੀਕਿ ਚੌਕ ਤੋਂ ਲੈ ਕੇ ਕੰਪਨੀ ਬਾਗ ਚੌਕ ਤੱਕ ਰੋਸ ਮਾਰਚ ਵੀ ਕੱਢਿਆ।
ਸਿਟੀ ਵਾਲਮੀਕਿ ਸਭਾ ਵਲੋਂ ਪੰਜਾਬ ਬੰਦ ਨੂੰ ਪੂਰਾ ਸਮਰਥਨ- ਰਾਜੂ, ਭੱਟੀ, ਹੰਸ
ਦਲਿਤ ਤੇ ਵਾਲਮੀਕੀ ਸਮਾਜ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਿਟੀ ਵਾਲਮੀਕਿ ਸਭਾ, ਗੁਰੂ ਰਵਿਦਾਸ ਸੇਵਾ ਦਲ ਪੰਜਾਬ ਤੇ ਭਾਰਤੀ ਮੂਲਨਿਵਾਸੀ ਮੁਕਤੀ ਮੋਰਚਾ ਵਲੋਂ ਪੂਰਾ ਸਮਰਥਨ ਦਿੱਤਾ ਗਿਆ। ਉਕਤ ਜਥੇਬੰਦੀਆਂ ਦੇ ਆਗੂਆਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ। ਸਭਾ ਦੇ ਚੇਅਰਮੈਨ ਰਾਜਕੁਮਾਰ ਰਾਜੂ, ਪ੍ਰਧਾਨ ਰਾਜੇਸ਼ ਭੱਟੀ ਅਤੇ ਭਾਰਤੀ ਮੂਲਨਿਵਾਸੀ ਮੁਕਤੀ ਮੋਰਚਾ ਦੇ ਸੰਚਾਲਕ ਅਨਿਲ ਹੰਸ ਨੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਸ਼ਾਂਤੀਪੂਰਨ ਅਤੇ ਪਿਆਰ ਭਰੇ ਮਾਹੌਲ ਵਿੱਚ ਆਪਣੀਆਂ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ ਰੱਖਣ ਦੀ ਅਪੀਲ ਕੀਤੀ । ਮਹਾਨਗਰ ਦੇ ਵਪਾਰੀਆਂ ਅਤੇ ਆਮ ਲੋਕਾਂ ਨੇ ਇਸ ਬੰਦ ਨੂੰ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਗੁਰੂ ਰਵਿਦਾਸ ਸੇਵਾ ਦਲ ਦੇ ਪ੍ਰਦੀਪ ਭਿੰਦਾ ਪਹਿਲਵਾਨ, ਬੌਬੀ ਸੋਢੀ, ਸੋਮ ਨਾਥ, ਅਤੁਲ ਸਹੋਤਾ, ਨਨੂੰ ਭਾਟੀਆ ਸਮੇਤ ਹੋਰ ਆਗੂ ਅਤੇ ਮੈਂਬਰ ਵੀ ਹਾਜ਼ਰ ਸਨ।
ਬੰਦ ਦਾ ਅਸਰ ਖਤਮ ਹੁੰਦਿਆਂ ਸ਼ਾਮ ਨੂੰ ਬਾਜ਼ਾਰਾਂ ’ਚ ਪਰਤੀਆਂ ਰੌਣਕਾਂ
ਦਲਿਤ ਤੇ ਵਾਲਮੀਕਿ ਜਥੇਬੰਦੀਆਂ ਵਲੋਂ ਸਵੇਰੇ 10 ਤੋਂ ਬਾਅਦ ਦੁਪਹਿਰ 4 ਵਜੇ ਤੱਕ ਰੱਖੇ ਗਏ ਮੁਕੰਮਲ ਬੰਦ ਤੋਂ ਬਾਅਦ ਸ਼ਾਮ ਨੂੰ ਮਹਾਨਗਰ ਦੇ ਸਾਰੇ ਬਾਜ਼ਾਰ ਖੁੱਲ੍ਹ ਗਏ ਅਤੇ ਲੋਕ ਵੀ ਘਰਾਂ ਤੋਂ ਬਾਹਰ ਆ ਕੇ ਬਾਜ਼ਾਰਾਂ ’ਚ ਖਰੀਦੋ-ਫਰੋਖਤ ਲਈ ਪੁੱਜਣੇ ਸ਼ੁਰੂ ਹੋ ਗਏ। ਇਸ ਨਾਲ ਸਾਰਾ ਦਿਨ ਸੁੰਨਸਾਨ ਰਹੇ ਬਾਜ਼ਾਰਾਂ ’ਚ ਸ਼ਾਮ ਨੂੰ ਰੌਣਕਾਂ ਪਰਤ ਆਈਆਂ। ਹਾਲਾਂਕਿ ਦਿਨ ਵੇਲੇ ਕਈ ਇਲਾਕਿਆਂ ’ਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਹੈ, ਜਿਸ ਕਾਰਨ ਵੀ ਘੱਟ ਲੋਕ ਬਾਹਰ ਨਿਕਲੇ।
ਪਿਛਲੀ ਖ਼ਬਰ ਡੀ. ਸੀ. ਦਫ਼ਤਰ ਮੁਲਾਜ਼ਮਾਂ ਨੇ ਮੰਗਾਂ ਦੇ ਹੱਕ ’ਚ ਹੜਤਾਲ ਕਰ ਕੇ ਕੰਮ ਰੱਖਿਆ ਬੰਦ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਦਿ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬਾ) ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।