06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

‘ਆਪ’ ਨੇ ਉੱਤਰੀ ਹਲਕੇ ’ਚ ਦਿਨੇਸ਼ ਢੱਲ ਦੀ ਥਾਂ ਮੇਅਰ ਵਨੀਤ ਧੀਰ ਨੂੰ ਲਗਾਇਆ ਹਲਕਾ ਇੰਚਾਰਜ

ਅਜੀਤ ਡੈਸਕ 29-07-2026

ਜਲੰਧਰ, 28 ਜੁਲਾਈ (ਜਤਿੰਦਰ ਪੰਮੀ)–ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਜਲੰਧਰ ਉੱਤਰੀ ਹਲਕੇ ’ਚ ਵੱਡਾ ਫੇਰਬਦਲ ਕਰਦਿਆਂ ਮੌਜੂਦਾ ਹਲਕਾ ਇੰਚਾਰਜ ਦਿਨੇਸ਼ ਢੱਲ ਨੂੰ ਹਟਾ ਕੇ ਮਹਾਨਗਰ ਦੇ ਮੇਅਰ ਵਿਨੀਤ ਧੀਰ ਨੂੰ ਨਵਾਂ ਹਲਕਾ ਇੰਚਾਰਜ ਲਾ ਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਦਾਅਵਾ ਪੇਸ਼ ਕੀਤਾ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ਕੀਤੀ ਗਈ ਤਿੰਨ ਹਲਕਾ ਇੰਚਾਰਜਾਂ ਦੀ ਸੂਚੀ ਵਿੱਚ ਜਲੰਧਰ ਨਾਰਥ ਤੋਂ ਮੇਅਰ ਵਿਨੀਤ ਧੀਰ ਨੂੰ ਹਲਕਾ ਇੰਚਾਰਜ ਲਾਇਆ ਗਿਆ ਹੈ। ਵਿਨੀਤ ਧੀਰ ਦੇ ਹਲਕਾ ਉੱਤਰੀ ਦਾ ਇੰਚਾਰਜ ਬਣਨ ’ਤੇ ਜਿੱਥੇ ਉਨ੍ਹਾਂ ਦੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਹੀ ਹਟਾਏ ਗਏ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਵੀ ਮੇਅਰ ਵਿਨੀਤ ਧੀਰ ਦੀ ਇਸ ਨਿਯੁਕਤੀ ’ਤੇ ਵਧਾਈ ਤੇ ਸ਼ੁਭਕਾਮਨਾਵਾਂ ਭੇਟ ਕਰਦਿਆਂ ਪਿਛਲੇ ਸਮੇਂ ਦੌਰਾਨ ਦਿੱਤੀ ਗਈ ਇਸ ਜ਼ਿੰਮੇਵਾਰੀ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸੱਤਾਧਾਰੀ ਪਾਰਟੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਾਰਥ ਹਲਕੇ ’ਚ ਆਪਣਾ ਵਿਧਾਇਕ ਬਣਾਉਣ ਦੇ ਇਰਾਦੇ ਨਾਲ ਹੀ ਵਿਨੀਤ ਧੀਰ ਨੂੰ ਦਿਨੇਸ਼ ਢੱਲ ਦੀ ਥਾਂ ਹਲਕਾ ਇੰਚਾਰਜ ਲਾਇਆ ਹੈ ਕਿਉਂਕਿ ਪਿਛਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ’ਚ ਪਾਰਟੀ ਉਮੀਦਵਾਰ ਤੇ ਹਲਕਾ ਇੰਚਾਰਜ ਦੋਵਾਂ ਵਿਰੋਧੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ ਨੂੰ ਸਖ਼ਤ ਟੱਕਰ ਨਹੀਂ ਸਕੇ ਸਨ। ਜੇਕਰ ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਤਰੀ ਹਲਕੇ ’ਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਦਿਨੇਸ਼ ਢੱਲ ਚੋਣ ਨਤੀਜਿਆਂ ’ਚ ਤੀਜੇ ਨੰਬਰ ’ਤੇ ਰਹੇ ਹਨ। ਉਨ੍ਹਾਂ ਚੋਣਾਂ ਦੌਰਾਨ ਕਾਂਗਰਸ ਦੇ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ 47338 ਵੋਟਾਂ ਲੈ ਕੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਸੀ ਜਦੋਂਕਿ ਭਾਰਤੀ ਜਨਤਾ ਪਾਰਟੀ ਦੇ ਕੇ. ਡੀ. ਭੰਡਾਰੀ ਜੋ ਕਿ ਇਸ ਹਲਕੇ ਤੋਂ 2007 ਤੇ 2012 ’ਚ ਬਾਵਾ ਹੈਨਰੀ ਦੇ ਪਿਤਾ ਅਵਤਾਰ ਸਿੰਘ ਹੈਨਰੀ ਨੂੰ ਹਰਾ ਕੇ ਲਗਾਤਾਰ ਦੋ ਵਾਰ ਵਿਧਾਇਕ ਜਿੱਤੇ ਸਨ, ਨੇ 37882 ਵੋਟਾਂ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਸੀ। ਇਨ੍ਹਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਹੱਕ ’ਚ ਹਵਾ ਵਗਣ ਦੇ ਬਾਵਜੂਦ ਉਨ੍ਹਾਂ ਦਾ ਉਮੀਦਵਾਰ ਦਿਨੇਸ਼ ਢੱਲ 32685 ਵੋਟਾਂ ਲੈ ਕੇ ਤੀਸਰੇ ਸਥਾਨ ’ਤੇ ਰਿਹਾ ਸੀ। ਇਨ੍ਹਾਂ ਚੋਣਾਂ ਤੋਂ ਦੋ ਸਾਲ ਬਾਅਦ 2024 ’ਚ ਹੋਈਆਂ ਲੋਕ ਸਭਾ ਚੋਣਾਂ ਦੇ ਉਤਰੀ ਹਲਕੇ ਦੇ ਨਤੀਜੇ ਦੇਖੇ ਜਾਣ ਤਾਂ ਇਨ੍ਹਾਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਤੀਜੇ ਸਥਾਨ ’ਤੇ ਰਹੀ ਸੀ। ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਉਤਰੀ ਹਲਕੇ ਤੋਂ ਸਿਰਫ਼ 19150 ਵੋਟਾਂ ਹੀ ਮਿਲੀਆਂ ਸਨ ਤੇ ਉਹ ਤੀਜੇ ਸਥਾਨ ’ਤੇ ਰਹੇ ਸਨ। ਜਦੋਂਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਭਾਵੇਂ ਚੋਣ ਹਾਰ ਗਏ ਸਨ ਪਰ ਉਨ੍ਹਾਂ ਨੂੰ ਉਤਰੀ ਹਲਕੇ ਤੋਂ 47029 ਵੋਟਾਂ ਪਈਆਂ ਸਨ ਅਤੇ ਕਾਂਗਰਸ ਦੇ ਜੇਤੂ ਰਹਿਣ ਵਾਲੇ ਉਮੀਦਵਾਰ ਚਰਨਜੀਤ ਸਿੰਘ ਚੰਨੀ
41043 ਵੋਟਾਂ ਲੈ ਕੇ ਇਥੋਂ ਦੂਜੇ ਨੰਬਰ ’ਤੇ ਰਹੇ ਸਨ। ਓਧਰ ਮੇਅਰ ਵਿਨੀਤ ਧੀਰ ਨੇ ਉਨ੍ਹਾਂ ਉੱਤਰੀ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਸਮੇਤ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਇਸ ਨਵੀਂ ਜ਼ਿੰਮੇਵਾਰੀ ਨੂੰ ਵੀ ਉਹ ਪਹਿਲਾਂ ਵਾਲੀ ਜ਼ਿੰਮੇਵਾਰੀ ਵਾਂਗ ਹੀ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਉਦਯੋਗਪਤੀਆਂ ਨਾਲ ਚੰਗੇ ਸੰਬੰਧ ਹੋਣ ਦਾ ਮਿਲ ਸਕਦੈ ਫਾਇਦਾ
ਦੱਸਣਯੋਗ ਹੈ ਕਿ ਕਾਰੋਬਾਰੀ ਤੇ ਉਦਯੋਗਪਤੀ ਵਿਨੀਤ ਧੀਰ ਦਾ ਸਿਆਸੀ ਸਫਰ ਉਦੋਂ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਦੀ ਪਤਨੀ ਸ਼ਵੇਤਾ ਧੀਰ ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਵਾਰਡ ਨੰਬਰ-62 ਤੋਂ ਕੌਂਸਲਰ ਦੀ ਚੋਣ ਜਿੱਤੀ ਸੀ। ਮੌਜੂਦਾ ਸਮੇਂ ਉਨ੍ਹਾਂ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਕੇ ਕੌਂਸਲਰ ਦੀ ਚੋਣ ਜਿੱਤੀ ਸੀ ਅਤੇ ਕਈ ਮਜ਼ਬੂਤ ਦਾਅਵੇਦਾਰ ਹੋਣ ਦੇ ਬਾਵਜੂਦ ਉਨ੍ਹਾਂ ਜਲੰਧਰ ਦੇ ਮੇਅਰ ਬਣਨ ਦਾ ਮੌਕਾ ਹਾਸਲ ਹੋਇਆ ਸੀ। ਮੇਅਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤੇ ਹਲੀਮੀ ਵਾਲੇ ਮੇਲ-ਜੋਲ ਕਾਰਨ ਉਹ ਲੋਕਾਂ ’ਚ ਕਾਫੀ ਹਰਮਨਪਿਆਰੇ ਹੋ ਚੁੱਕੇ ਹਨ। ਮੇਅਰ ਵਿਨੀਤ ਧੀਰ ਦਾ ਇਕ ਸਾਰਥਕ ਪਹਿਲੂ ਇਹ ਵੀ ਹੈ ਕਿ ਉਨ੍ਹਾਂ ਦਾ ਨਾਰਥ ਹਲਕੇ ’ਚ ਪੈਂਦੇ ਉਦਯੋਗਿਕ ਖੇਤਰਾਂ ਦੇ ਉਦਯੋਗਪਤੀਆਂ ਨਾਲ ਵੀ ਤਾਲਮੇਲ ਬਹੁਤ ਵਧੀਆ ਹੈ ਅਤੇ ਬਹੁਤ ਸਾਰੇ ਉਦਯੋਗਪਤੀ ਉਨ੍ਹਾਂ ਦੇ ਮੇਅਰ ਵਜੋਂ ਕੰਮ ਕਰਨ ਦੇ ਢੰਗ ਤੋਂ ਕਾਫੀ ਪ੍ਰਭਾਵਿਤ ਹਨ। ਇਸ ਗੱਲ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਨ੍ਹਾਂ ਨਾਲ ਫਾਇਦਾ ਮਿਲ ਸਕਦੈ ਹੈ ਕਿਉਂਕਿ ਨਾਰਥ ਹਲਕੇ ’ਚ ਪੈਂਦੇ ਸਾਰੇ ਉਦਯੋਗਿਕ ਖੇਤਰਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦੇ ਹੱਲ ਲਈ ਉਦਯੋਗਿਕ ਐਸੋਸੀਏਸ਼ਨਾਂ ਉਨ੍ਹਾਂ ਨਾਲ ਸੰਪਰਕ ਕਰ ਰਹੀਆਂ ਸਨ। ਹੁਣ ਉਨ੍ਹਾਂ ਦੇ ਉਸੇ ਹਲਕਾ ਇੰਚਾਰਜ ਬਣਨ ਨਾਲ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ’ਚ ਹੋਰ ਵਧੇਰੇ ਰੁਚੀ ਲੈ ਸਕਦੇ ਹਨ, ਜਿਸ ਦਾ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਫੀ ਫਾਇਦਾ ਮਿਲ ਸਕਦਾ ਹੈ।
ਹਲਕਾ ਇੰਚਾਰਜ ਬਣਦਿਆਂ ਹੀ ਧੀਰ ਦੀ ਰਿਹਾਇਸ਼ ’ਤੇ ਨਿਤਿਨ ਕੋਹਲੀ ਸਣੇ ਪੁੱਜੇ ਹਮਾਇਤੀ
ਮੇਅਰ ਵਿਨੀਤ ਧੀਰ ਦੇ ਜਲੰਧਰ ਉੱਤਰੀ ਹਲਕੇ ਦੇ ਇੰਚਾਰਜ ਨਿਯੁਕਤ ਕੀਤੇ ਜਾਣ ਦਾ ਪਤਾ ਲੱਗਦਿਆਂ ਹੀ ਸ਼ਾਮ ਵੇਲੇ ਉਨ੍ਹਾਂ ਦੀ ਜਲੰਧਰ ਕੁੰਜ ਸਥਿਤ 670 ਕੋਠੀ ਨੰਬਰ ਰਿਹਾਇਸ਼ ਉਪਰ ਉਨ੍ਹਾਂ ਦੇ ਦੋਸਤ ਤੇ ਪਾਰਟੀ ਸਾਥੀ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ, ਪਵਨ ਕੁਮਾਰ ਸੇਤੀਆ ਤੇ ਹੋਰ ਵੱਡੀ ਗਿਣਤੀ ਹਮਾਇਤੀ ਪੁੱਜੇੇ। ਹਮਾਇਤੀਆਂ ਨੇ ਮੇਅਰ ਵਿਨੀਤ ਧੀਰ ਨੂੰ ਫੁੱਲਾਂ ਦੇ ਹਾਰ ਪਾ ਕੇ ਹਲਕਾ ਇੰਚਾਰਜ ਬਣਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਢੋਲ ਦੀ ਥਾਪ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਓਧਰ ਪੁਰਾਣੇ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਵੀ ਵੀਡੀਓ ਜਾਰੀ ਕਰਕੇ ਮੇਅਰ ਵਿਨੀਤ ਧੀਰ ਨੂੰ ਨਵਾਂ ਹਲਕਾ ਇੰਚਾਰਜ ਲਾਏ ਜਾਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਵਾਸਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਦਿਨੇਸ਼ ਢੱਲ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਪਾਰਟੀ ਦੇ ਆਦੇਸ਼ਾਂ ਮੁਤਾਬਕ ਪੂਰੀ ਤਨਦੇਹੀ ਨਾਲ ਨਿਭਾਈ ਹੈ ਅਤੇ ਹੁਣ ਮੇਅਰ ਧੀਰ ਨੂੰ ਇਹ ਜ਼ਿੰਮੇਵਾਰੀ ਦਿੱਤੇ ਜਾਣ ਦਾ ਉਹ ਸਵਾਗਤ ਕਰਦੇ ਹਨ ਤੇ ਨਵੇਂ ਹਲਕਾ ਇੰਚਾਰਜ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਵੀ ਕਰਦੇ ਹਨ। ਦੱਸਣਯੋਗ ਹੈ ਕਿ ਉੱਤਰੀ ਹਲਕੇ ਤੋਂ ਇੰਚਾਰਜ ਲਈ ਦਾਅਵੇਦਾਰਾਂ ਵਿੱਚ ਕੌਂਸਲਰ ਤੇ ਉਦਯੋਗਪਤੀ ਅਸ਼ਵਨੀ ਅਗਰਵਾਲ ਤੋਂ ਇਲਾਵਾ ਕਾਰੋਬਾਰੀ ਪਵਿੰਦਰ ਬਹਿਲ ਵੀ ਸ਼ਾਮਲ ਸਨ ਪਰ ਪਾਰਟੀ ਨੇ ਮੇਅਰ ਵਿਨੀਤ ਧੀਰ ’ਤੇ ਹੀ ਭਰੋਸਾ ਪ੍ਰਗਟਾਇਆ ਹੈ।

ਪਿਛਲੀ ਖ਼ਬਰ ਨਿਗਮ ਯੂਨੀਅਨ ਦੇ ਇਕ ਧੜੇ ਦੀ ਹੜਤਾਲ ਜਾਰੀ- ਸਫ਼ਾਈ, ਸੀਵਰੇਜ ਦਾ ਕੰਮ ਪ੍ਰਭਾਵਿਤ ਅਗਲੀ ਖ਼ਬਰ ਵ੍ਹਾਈਟ ਹਾਊਸ ਵਿਚ ਟਰੰਪ ਦੀਆਂ 2 ਅਹਿਮ ਮੁਲਾਕਾਤਾਂ, ਪਹਿਲਾਂ ਜ਼ੇਲੈਂਸਕੀ ਫਿਰ ਨੇਤਨਯਾਹੂ ਨਾਲ ਗੱਲਬਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।