ਨਿਊਯਾਰਕ, 27 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਵੱਖ-ਵੱਖ ਬੰਦ ਕਮਰਾ ਮੁਲਾਕਾਤਾਂ ਕੀਤੀਆਂ। ਸਭ ਤੋਂ ਪਹਿਲਾਂ ਜ਼ੇਲੈਂਸਕੀ ਨੇ ਟਰੰਪ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਰੂਸ-ਯੂਕਰੇਨ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ, ਯੂਕਰੇਨ ਦੀ ਹਵਾਈ ਸੁਰੱਖਿਆ ਅਤੇ ਪੈਟ੍ਰਿਓਟ ਮਿਜ਼ਾਈਲ ਰੋਕੂ ਹਥਿਆਰ ਬਣਾਉਣ ਦੀ ਇਜਾਜ਼ਤ ਬਾਰੇ ਗੱਲਬਾਤ ਕੀਤੀ। ਬੈਠਕ ਤੋਂ ਬਾਅਦ ਜ਼ੇਲੈਂਸਕੀ ਨੇ ਇਸ ਨੂੰ ਚੰਗੀ ਮੁਲਾਕਾਤ ਦੱਸਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਟੀਮਾਂ ਅਗਲੀ ਗੱਲਬਾਤ ਜਾਰੀ ਰੱਖਣਗੀਆਂ। ਜ਼ੇਲੈਂਸਕੀ ਦੇ ਵ੍ਹਾਈਟ ਹਾਊਸ ਤੋਂ ਰਵਾਨਾ ਹੋਣ ਦੇ ਕੁਝ ਮਿੰਟ ਬਾਅਦ ਨੇਤਨਯਾਹੂ ਉੱਥੇ ਪਹੁੰਚੇ। ਇਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ ਟਰੰਪ ਅਤੇ ਨੇਤਨਯਾਹੂ ਦੀ ਇਹ ਪਹਿਲੀ ਆਹਮੋ-ਸਾਹਮਣੀ ਮੁਲਾਕਾਤ ਸੀ। ਦੋਵਾਂ ਆਗੂਆਂ ਨੇ ਇਰਾਨ ਨਾਲ ਚੱਲ ਰਹੀ ਜੰਗ ਨੂੰ ਘਟਾਉਣ, ਗਾਜ਼ਾ ਦੀ ਸਥਿਤੀ, ਲੈਬਨਾਨ ਵਿੱਚ ਸ਼ਾਂਤੀ ਦੀ ਕੋਸ਼ਿਸ਼ ਅਤੇ ਹੋਰ ਅਰਬ ਦੇਸ਼ਾਂ ਨਾਲ ਇਜ਼ਰਾਈਲ ਦੇ ਸਬੰਧ ਵਧਾਉਣ ਬਾਰੇ ਚਰਚਾ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਜਦੋਂ ਇਰਾਨ ਨੀਤੀ ਸਮੇਤ ਕੁਝ ਮੁੱਦਿਆਂ ਨੂੰ ਲੈ ਕੇ ਟਰੰਪ ਅਤੇ ਨੇਤਨਯਾਹੂ ਵਿਚਾਲੇ ਮਤਭੇਦ ਸਾਹਮਣੇ ਆਏ ਹਨ।