ਮਲਸੀਆਂ, 28 ਜੁਲਾਈ (ਸੁਖਦੀਪ ਸਿੰਘ)- ਉੱਘੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਦੀ ਸੁਰੱਖਿਆ ਨੂੰ ਆਪਣੀ ਨਿੱਜੀ ਸੁਰੱਖਿਆ ਤੋਂ ਉੱਪਰ ਰੱਖਦਿਆਂ ਆਪਣੀ ਸੁਰੱਖਿਆ ’ਚ ਤਾਇਨਾਤ 6 ਜਵਾਨਾਂ ਨੂੰ ਵਾਪਸ ਲੈ ਕੇ ਉਨ੍ਹਾਂ ਦੀ ਤਾਇਨਾਤੀ ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ ਥਾਣਿਆਂ ’ਚ ਕਰਨ ਦੀ ਮੰਗ ਕੀਤੀ ਹੈ, ਜਿਸ ਸੰਬੰਧੀ ਉਨ੍ਹਾਂ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਨੂੰ ਪੱਤਰ ਲਿਖ ਕੇ ਆਪਣੀ ਸੁਰੱਖਿਆ ਸਵੈ-ਇੱਛਾ ਨਾਲ ਵਾਪਸ ਕਰਨ ਲਈ ਕਿਹਾ ਹੈ। ਸੰਤ ਸੀਚੇਵਾਲ ਨੇ ਪੱਤਰ ਵਿੱਚ ਕਿਹਾ ਕਿ ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ ਇਲਾਕਿਆਂ ’ਚ ਲੁੱਟ-ਖੋਹ, ਚੋਰੀਆਂ, ਨਸ਼ਿਆਂ ਨਾਲ ਜੁੜੀਆਂ ਗਤੀਵਿਧੀਆਂ ਅਤੇ ਹੋਰ ਅਪਰਾਧਿਕ ਵਾਰਦਾਤਾਂ ’ਚ ਵਾਧਾ ਹੋ ਰਿਹਾ ਹੈ। ਅਜਿਹੇ ਸਮੇਂ ’ਚ ਪੁਲਿਸ ਮੁਲਾਜ਼ਮਾਂ ਦੀ ਵਧੇਰੇ ਲੋੜ ਥਾਣਿਆਂ ਵਿੱਚ ਹੈ, ਜਿੱਥੇ ਉਹ ਆਮ ਲੋਕਾਂ ਦੀ ਸੁਰੱਖਿਆ ਲਈ ਆਪਣੀਆਂ ਸੇਵਾਵਾਂ ਨਿਭਾਅ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ 6 ਜਵਾਨਾਂ ਵਿਚੋਂ 3 ਜਵਾਨ ਲੋਹੀਆਂ ਖਾਸ ਥਾਣੇ ਅਤੇ 3 ਜਵਾਨ ਸੁਲਤਾਨਪੁਰ ਲੋਧੀ ਥਾਣੇ ਵਿਖੇ ਤੁਰੰਤ ਪ੍ਰਭਾਵ ਨਾਲ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਆਪਣੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨਿੱਜੀ ਖ਼ਤਰਾ ਨਹੀਂ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਹੁਣ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਸੁਰੱਖਿਆ ਨਾਲੋਂ ਲੋਕਾਂ ਦੀ ਸੁਰੱਖਿਆ ਵਧੇਰੇ ਜ਼ਰੂਰੀ ਹੈ। ਸੰਤ ਸੀਚੇਵਾਲ ਵਲੋਂ ਆਪਣੇ ਵੱਲੋਂ ਲਿਖੇ ਇਸ ਪੱਤਰ ਦਾ ਉਤਾਰਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਡਿਪਟੀ ਕਮਿਸ਼ਨਰ ਜਲੰਧਰ ਅਤੇ ਕਪੂਰਥਲਾ ਨੂੰ ਵੀ ਭੇਜਿਆ ਹੈ।