02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਅੱਠ ਸਾਲਾਂ ਤੋਂ ਨਕੋਦਰ ਦੀ ਰੇਹੜੀ ਮਾਰਕੀਟ ਦਾ ਅਧੂਰਾ ਪਿਆ ਪ੍ਰੋਜੈਕਟ * 36.39 ਲੱਖ ਰੁਪਏ ਦੇ ਨਵੀਨੀਕਰਨ ਮਗਰੋਂ ਵੀ ਨਹੀਂ ਪੁੱਜੀਆਂ ਰੇਹੜੀਆਂ * ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਵਧ ਰਹੀ ਹੈ ਰੇਹੜੀਆਂ ਦੀ ਸੰਖਿਆ

ਅਜੀਤ ਡੈਸਕ 01-08-2026
ਨਕੋਦਰ, 31 ਜੁਲਾਈ (ਤਿਲਕ ਰਾਜ ਸ਼ਰਮਾ)– ਨਕੋਦਰ ਸ਼ਹਿਰ ਵਿੱਚ ਟਰੈਫਿਕ ਜਾਮ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਸੜਕ ਕਿਨਾਰੇ ਲੱਗਣ ਵਾਲੀਆਂ ਰੇਹੜੀਆਂ ਵਾਲਿਆਂ ਨੂੰ ਇਕ ਥਾਂ ਵਿਵਸਥਿਤ ਕਰਨ ਦੇ ਉਦੇਸ਼ ਨਾਲ ਨਗਰ ਕੌਂਸਲ ਵਲੋਂ ਕਰੀਬ ਅੱਠ ਸਾਲ ਪਹਿਲਾਂ ਇਤਿਹਾਸਕ ਮਕਬਰਿਆਂ ਦੇ ਸਾਹਮਣੇ ਬਣਾਈ ਗਈ ਰੇਹੜੀ ਮਾਰਕਿਟ ਅੱਜ ਵੀ ਆਪਣੇ ਮਕਸਦ ਤੋਂ ਕੋਹਾਂ ਦੂਰ ਹੈ। ਲੱਖਾਂ ਰੁਪਏ ਖਰਚ ਹੋਣ ਦੇ ਬਾਵਜੂਦ ਇਹ ਪ੍ਰੋਜੈਕਟ ਅਧੂਰਾ ਪਿਆ ਹੈ, ਜਦਕਿ ਸ਼ਹਿਰ ਦੀਆਂ ਮੁੱਖ ਸੜਕਾਂ ਰੇਹੜੀਆਂ ਨਾਲ ਭਰੀਆਂ ਹੋਈਆਂ ਹਨ ਅਤੇ ਟਰੈਫਿਕ ਜਾਮ ਲੋਕਾਂ ਲਈ ਰੋਜ਼ਾਨਾ ਦੀ ਵੱਡੀ ਮੁਸ਼ਕਲ ਬਣ ਚੁੱਕਾ ਹੈ। ਸਬਜ਼ੀ ਮੰਡੀ ਤੋਂ ਪੋਸਟ ਆਫਿਸ ਰੋਡ, ਡਾਕਟਰ ਅੰਬੇਦਕਰ ਚੌਂਕ, ਐਮਸੀ ਚੌਂਕ, ਨੂਰਮਹਿਲ ਰੋਡ ਅਤੇ ਸ਼ੰਕਰ ਰੋਡ ਤੱਕ ਸਵੇਰ ਤੋਂ ਦੇਰ ਸ਼ਾਮ ਤੱਕ ਰੇਹੜੀਆਂ ਦੀ ਭਰਮਾਰ ਰਹਿੰਦੀ ਹੈ। ਖਰੀਦਦਾਰ ਆਪਣੇ ਵਾਹਨ ਸੜਕ ਕਿਨਾਰੇ ਖੜ੍ਹੇ ਕਰਦੇ ਹਨ, ਜਿਸ ਕਾਰਨ ਸੜਕਾਂ ਹੋਰ ਤੰਗ ਹੋ ਜਾਂਦੀਆਂ ਹਨ ਅਤੇ ਲੰਬੇ ਟਰੈਫਿਕ ਜਾਮ ਲੱਗਣੇ ਆਮ ਗੱਲ ਬਣ ਗਏ ਹਨ। ਇਸ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਨੇ ਰੇਹੜੀ ਮਾਰਕਿਟ ਦਾ ਨਿਰਮਾਣ ਕਰਵਾਇਆ ਸੀ। ਪਹਿਲੇ ਪੜਾਅ ਵਿੱਚ ਮਾਰਕਿਟ ਵਿਚ ਸੜਕਾਂ, ਬਿਜਲੀ ਦੇ ਖੰਭੇ ਅਤੇ ਹੋਰ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ, ਪਰ ਲੋੜੀਂਦੀਆਂ ਸਹੂਲਤਾਂ ਦੀ ਕਮੀ ਕਾਰਨ ਰੇਹੜੀ ਵਾਲਿਆਂ ਨੇ ਉੱਥੇ ਜਾਣ ਵਿੱਚ ਦਿਲਚਸਪੀ ਨਹੀਂ ਦਿਖਾਈ। ਇਸ ਤੋਂ ਬਾਅਦ 5 ਫਰਵਰੀ 2024 ਨੂੰ 36 ਲੱਖ 39 ਹਜ਼ਾਰ ਰੁਪਏ ਦੀ ਲਾਗਤ ਨਾਲ ਰੇਹੜੀ ਮਾਰਕਿਟ ਦਾ ਨਵੀਨੀਕਰਨ ਕੀਤਾ ਗਿਆ। ਮਾਰਕਿਟ ਵਿੱਚ ਨਵੇਂ ਸ਼ੈੱਡ, ਬਾਥਰੂਮ ਅਤੇ ਹੋਰ ਬੁਨਿਆਦੀ ਸਹੂਲਤਾਂ ਤਿਆਰ ਕੀਤੀਆਂ ਗਈਆਂ ਤਾਂ ਜੋ ਰੇਹੜੀ ਵਾਲਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ ਪਰ ਇੰਨਾ ਖਰਚ ਹੋਣ ਦੇ ਬਾਵਜੂਦ ਅੱਜ ਤੱਕ ਰੇਹੜੀ ਵਾਲਿਆਂ ਨੂੰ ਮਾਰਕਿਟ ਵਿਚ ਤਬਦੀਲ ਨਹੀਂ ਕੀਤਾ ਗਿਆ । ਹੈਰਾਨੀ ਦੀ ਗੱਲ ਇਹ ਹੈ ਕਿ ਨਵੀਨੀਕਰਨ ਤੋਂ ਬਾਅਦ ਵੀ ਰੇਹੜੀ ਮਾਰਕਿਟ ਪੂਰੀ ਤਰ੍ਹਾਂ ਆਬਾਦ ਨਹੀਂ ਹੋ ਸਕੀ। ਨਵੇਂ ਬਣੇ ਸ਼ੈੱਡਾਂ ਹੇਠ ਇਸ ਵੇਲੇ ਸਿਰਫ਼ 10 ਤੋਂ 12 ਫਾਸਟ ਫੂਡ ਦੀਆਂ ਰੇਹੜੀਆਂ ਹੀ ਲੱਗ ਰਹੀਆਂ ਹਨ, ਜਦਕਿ ਬਾਕੀ ਪੂਰੀ ਮਾਰਕਿਟ ਨਗਰ ਕੌਂਸਲ ਵਲੋਂ ਬਣਾਏ ਗਏ ਅਸਥਾਈ ਕੂੜਾ ਡੰਪ ਦੀ ਲਪੇਟ ਵਿੱਚ ਹੈ । ਜਗ੍ਹਾ-ਜਗ੍ਹਾ ਪਏ ਕੂੜੇ ਦੇ ਢੇਰਾਂ ਵਿੱਚੋਂ ਹਰ ਸਮੇਂ ਬਦਬੂ ਉੱਠਦੀ ਰਹਿੰਦੀ ਹੈ ਅਤੇ ਮੱਖੀਆਂ ਦਾ ਭਾਰੀ ਪ੍ਰਕੋਪ ਬਣਿਆ ਰਹਿੰਦਾ ਹੈ। ਇਨ੍ਹਾਂ ਮੱਖੀਆਂ ਦਾ ਸਿੱਧਾ ਅਸਰ ਨੇੜੇ ਲੱਗੀਆਂ ਫਾਸਟ ਫੂਡ ਦੀਆਂ ਰੇਹੜੀਆਂ ‘ਤੇ ਪੈਂਦਾ ਹੈ, ਜਿੱਥੇ ਖਾਣ-ਪੀਣ ਵਾਲੀਆਂ ਵਸਤਾਂ ‘ਤੇ ਮੱਖੀਆਂ ਬੈਠਦੀਆਂ ਰਹਿੰਦੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਲਾਤ ਨਾ ਸਿਰਫ਼ ਸਫ਼ਾਈ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰਦੇ ਹਨ, ਸਗੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਸਫ਼ਾਈ ਅਤੇ ਲੋਕਾਂ ਦੀ ਸਿਹਤ ਲਈ ਵੀ ਗੰਭੀਰ ਖ਼ਤਰਾ ਬਣੇ ਹੋਏ ਹਨ। ਹਾਲਾਤ ਇਹ ਹਨ ਕਿ ਜਿਸ ਥਾਂ ਨੂੰ ਰੇਹੜੀ ਮਾਰਕਿਟ ਵਜੋਂ ਵਿਕਸਤ ਕੀਤਾ ਗਿਆ ਸੀ, ਉੱਥੇ ਹੀ ਹਰ ਸਵੇਰ ਸ਼ਹਿਰ ਦਾ ਕੂੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਸ ਨੂੰ ਸ਼ਹਿਰ ਤੋਂ ਬਾਹਰ ਬਣੇ ਮੁੱਖ ਡੰਪ ‘ਤੇ ਭੇਜਿਆ ਜਾਂਦਾ ਹੈ। ਇਸ ਕਾਰਨ ਸਾਰਾ ਦਿਨ ਗੰਦਗੀ, ਬਦਬੂ ਅਤੇ ਮੱਖੀਆਂ ਦਾ ਪ੍ਰਕੋਪ ਬਣਿਆ ਰਹਿੰਦਾ ਹੈ। ਇਸ ਡੰਪ ਦੇ ਨਾਲ ਹੀ ਧਾਰਮਿਕ ਸਥਾਨ, ਇਤਿਹਾਸਕ ਮਕਬਰੇ, ਬੇਸਹਾਰਾ ਲੋਕਾਂ ਲਈ ਬਣਿਆ ਸ਼ੈਲਟਰ ਅਤੇ ਸ਼ਹਿਰ ਦੀ ਮੁੱਖ ਪਾਣੀ ਵਾਲੀ ਟੈਂਕੀ ਵੀ ਸਥਿਤ ਹੈ। ਸ਼ਰਧਾਲੂਆਂ ਅਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਦਬੂ ਕਾਰਨ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਜੇਕਰ ਮਾਰਕਿਟ ਦੀ ਵਰਤੋਂ ਹੀ ਨਹੀਂ ਹੋ ਰਹੀ ਤਾਂ ਇਹ ਸਰਕਾਰੀ ਧਨ ਦੀ ਬਰਬਾਦੀ ਹੈ। ਸ਼ਹਿਰਵਾਸੀਆਂ ਨੇ ਮੰਗ ਕੀਤੀ ਹੈ ਕਿ ਰੇਹੜੀ ਮਾਰਕਿਟ ਵਿਚੋਂ ਕੂੜੇ ਦਾ ਡੰਪ ਤੁਰੰਤ ਹਟਾ ਕੇ ਸਾਰਾ ਕੂੜਾ ਸਿੱਧਾ ਸ਼ਹਿਰ ਤੋਂ ਬਾਹਰ ਬਣੇ ਮੁੱਖ ਡੰਪ ‘ਤੇ ਭੇਜਿਆ ਜਾਵੇ। ਨਾਲ ਹੀ ਰੇਹੜੀ ਵਾਲਿਆਂ ਨੂੰ ਯੋਜਨਾਬੱਧ ਢੰਗ ਨਾਲ ਮਾਰਕਿਟ ਵਿਚ ਤਬਦੀਲ ਕੀਤਾ ਜਾਵੇ ਤਾਂ ਜੋ ਟਰੈਫਿਕ ਜਾਮ, ਗੰਦਗੀ ਅਤੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਥਾਈ ਹੱਲ ਹੋ ਸਕੇ।
ਕੀ ਕਹਿੰਦੇ ਹਨ ਈਓ ਰਣਧੀਰ ਸਿੰਘ
ਨਗਰ ਕੌਂਸਲ ਨਕੋਦਰ ਦੇ ਈਓ ਰਣਧੀਰ ਸਿੰਘ ਨੇ ਕਿਹਾ ਕਿ ਰੇਹੜੀ ਮਾਰਕਿਟ ਵਿੱਚੋਂ ਕੂੜੇ ਦਾ ਡੰਪ ਹਟਾਉਣ ਅਤੇ ਰੇਹੜੀ ਵਾਲਿਆਂ ਨੂੰ ਉੱਥੇ ਤਬਦੀਲ ਕਰਨ ਦਾ ਮਾਮਲਾ ਨਗਰ ਕੌਂਸਲ ਦੀ ਆਉਣ ਵਾਲੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਮੀਟਿੰਗ ਵਿੱਚ ਪ੍ਰਸਤਾਵ ਪਾਸ ਹੋਣ ਉਪਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਰੇਹੜੀ ਮਾਰਕਿਟ ਨੂੰ ਪੂਰੀ ਤਰ੍ਹਾਂ ਚਾਲੂ ਕੀਤਾ ਜਾ ਸਕੇ ਅਤੇ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਸਕੇ।
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੇ ਆਪਣੀਆਂ ਹੱਕੀ ਮੰਗਾਂ ਸੰਬੰਧੀ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਐਲ. ਪੀ. ਯੂ. ’ਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਉੱਚ ਤਕਨੀਕੀ ਉਪਕਰਨ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।