ਜਲੰਧਰ, 10 ਜੁਲਾਈ (ਜਤਿੰਦਰ ਪੰਮੀ)– ਆਰ. ਐੱਸ. ਐੱਸ. ਪ੍ਰਮੁੱਖ ਮੋਹਨ ਭਾਗਵਤ ਇਕ ਪਾਸੇ ਜੈੱਨ-ਜ਼ੀ ਦੇ ਫਿਕਰਾਂ ਦੀ ਥਾਹ ਪਾਉਣ ਤੇ ਉਨ੍ਹਾਂ ਨਾਲ ਸੰਵਾਦ ਰਚਾਉਣ ਦੇ ਢੋਂਗੀ ਬਿਆਨ ਦੇ ਰਹੇ ਹਨ। ਜਦਕਿ ਐਨ ਉਸੇ ਵੇਲੇ ਸੰਘ ਪਰਿਵਾਰ ਦੇ ਖਰੂਦੀ ਸੰਗਠਨਾਂ ਦੇ ਪਾਲੇ ਗੁੰਡਾ ਤੱਤ ਅੰਦੋਲਨਕਾਰੀ ਨੌਜਵਾਨਾਂ, ਖਾਸ ਕਰਕੇ ਲੜਕੀਆਂ ਨਾਲ ਦੇਸ਼ ਭਰ ‘ਚ ਕੁੱਟਮਾਰ ਤੇ ਬਦਸਲੂਕੀ ਕਰ ਰਹੇ ਹਨ। ਇਹੋ ਨਹੀਂ ਪੁਲਸ ਵਲੋਂ ਵੀ ਅੰਦੋਲਨਕਾਰੀਆਂ ਦਾ ਸ਼ਿਕਾਰ ਪਿੱਛਾ ਬੇਰੋਕ-ਟੋਕ ਜਾਰੀ ਹੈ। ਇਸ ਦੋਗਲੇ ਵਤੀਰੇ ਤੋਂ ਆਰਐਸਐਸ-ਭਾਜਪਾ ਤੇ ਮੋਦੀ ਸਰਕਾਰ ਦਾ ਦੰਭੀ ਕਿਰਦਾਰ ਬਾਖੂਬੀ ਬੇਪਰਦ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੇ ਹਨ। ਪਾਸਲਾ ਨੇ ਐਲਾਨ ਕੀਤਾ ਹੈ ਕਿ ਸਾਮਰਾਜੀਆਂ ਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਜੋਟੀਦਾਰ, ਆਰ.ਐਸ.ਐਸ.-ਭਾਜਪਾ ਦੀ ਅਗਵਾਈ ਹੇਠਲੇ ਫਿਰਕੂ-ਕਾਰਪੋਰੇਟ ਗਠਜੋੜ ਦੇ ਤਬਾਹਕੁੰਨ ਆਰਥਕ ਏਜੰਡੇ ਤੇ ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਦੀਆਂ ਇਸ ਦੀਆਂ ਕੁਚਾਲਾਂ ਵਿਰੁੱਧ ਸਿਆਸੀ-ਵਿਚਾਰਧਾਰਕ ਮੁਹਿੰਮ ਤੇ ਸੰਘਰਸ਼ੀ ਲਾਮਬੰਦੀ ਪਾਰਟੀ ਵਲੋਂ ਨਿਰੰਤਰ ਜਾਰੀ ਰੱਖੀ ਜਾਵੇਗੀ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਸਕੱਤਰੇਤ ਨੇ ਆਰ.ਐਸ.ਐਸ., ਭਾਜਪਾ ਦੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਤੇ ਮੋਦੀ ਸਰਕਾਰ ਦੀਆਂ ਵਧੀਕੀਆਂ ਦੇ ਨਤੀਜੇ ਵਜੋਂ ਸੂਬੇ ਦੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਸਿਆਸੀ ਸਥਿਤੀ ਬਾਰੇ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਮੀਟਿੰਗ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ ਨੇ ਕੀਤੀ। ਮੀਟਿੰਗ ਨੇ ਬੀਤੇ ਕਲ੍ਹ ਸੂਬੇ ਦੇ ਮੁਲਾਜ਼ਮਾ ‘ਤੇ ਚੰਡੀਗੜ੍ਹ ਵਿਖੇ ਢਾਹੇ ਗਏ ਜਬਰ ਦੀ ਕਰੜੀ ਨਿਖੇਧੀ ਕਰਦਿਆਂ ਸੰਘਰਸ਼ੀ ਲੋਕਾਂ ਪ੍ਰਤੀ ਭਗਵੰਤ ਸਿੰਘ ਮਾਨ ਸਰਕਾਰ ਦੀ ਜਾਬਰ ਨੀਤੀ ਖਿਲਾਫ ਪਿੰਡ-ਪਿੰਡ ਪ੍ਰਤੀਰੋਧ ਉਸਾਰਨ ਦਾ ਫੈਸਲਾ ਲਿਆ ਹੈ।