ਗੁਰਦੁਆਰਾ ਸ੍ਰੀ ਬੇਰ ਸਾਹਿਬ ਪਾਤਿਸ਼ਾਹੀ ਛੇਵੀਂ ਪਤਾਰਾ ਨਾਲ ਲੱਗਦੀ ਸੜਕ ਦੀ ਹਾਲਤ ਨਾ ਸੁਧਾਰੇ ਜਾਣ ’ਤੇ ਸੰਗਤਾਂ ’ਚ ਰੋਸ
ਚੁਗਿੱਟੀ/ਜੰਡੂ ਸਿੰਘਾ, 9 ਸਤੰਬਰ (ਨਰਿੰਦਰ ਲਾਗੂ)-ਹਲਕਾ ਆਦਮਪੁਰ ਅਧੀਨ ਆਉਂਦੇ ਪਿੰਡ ਪਤਾਰਾ ’ਚ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਾਤਿਸ਼ਾਹੀ ਛੇਵੀਂ ਨਾਲ ਲੱਗਦੀ ਸੜਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਵਿਚ ਹੈ, ਨੂੰ ਨਵੇਂ ਸਿਰੇ ਤੋਂ ਨਾ ਬਣਾਏ ਜਾਣ ’ਤੇ ਸੰਗਤਾਂ ਦੇ ਮਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪੈਦਾ ਹੋ ਚੁੱਕਾ ਹੈ। ਸੰਗਤਾਂ ਦਾ ਦੋਸ਼ ਹੈ ਕਿ ਅਨੇਕਾਂ ਵਾਰ ਇਸ ਸਮੱਸਿਆ ਨੂੰ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਬੜੇ ਦੁੱਖ ਵਾਲੀ ਗੱਲ ਹੈ ਕਿ ਪ੍ਰਨਾਲਾ ਫਿਰ ਵੀ ਉਥੇ ਦਾ ਉਥੇ ਹੀ ਹੈ।
ਚੁਗਿੱਟੀ/ਜੰਡੂ ਸਿੰਘਾ, 9 ਸਤੰਬਰ (ਨਰਿੰਦਰ ਲਾਗੂ)-ਹਲਕਾ ਆਦਮਪੁਰ ਅਧੀਨ ਆਉਂਦੇ ਪਿੰਡ ਪਤਾਰਾ ’ਚ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਾਤਿਸ਼ਾਹੀ ਛੇਵੀਂ ਨਾਲ ਲੱਗਦੀ ਸੜਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਵਿਚ ਹੈ, ਨੂੰ ਨਵੇਂ ਸਿਰੇ ਤੋਂ ਨਾ ਬਣਾਏ ਜਾਣ ’ਤੇ ਸੰਗਤਾਂ ਦੇ ਮਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪੈਦਾ ਹੋ ਚੁੱਕਾ ਹੈ। ਸੰਗਤਾਂ ਦਾ ਦੋਸ਼ ਹੈ ਕਿ ਅਨੇਕਾਂ ਵਾਰ ਇਸ ਸਮੱਸਿਆ ਨੂੰ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਬੜੇ ਦੁੱਖ ਵਾਲੀ ਗੱਲ ਹੈ ਕਿ ਪ੍ਰਨਾਲਾ ਫਿਰ ਵੀ ਉਥੇ ਦਾ ਉਥੇ ਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਉਕਤ ਗੁਰੂ ਘਰ ਵਿੱਚ ਆਉਣ-ਜਾਣ ਦੌਰਾਨ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਰ ਕਰਦਿਆਂ ਉਕਤ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਗੁਰੂ ਘਰ ਨਾਲ ਲੱਗਦੀ ਸੜਕ ਪਿਛਲੇ 6-7 ਵਰਿਆਂ ਤੋਂ ਖ਼ਸਤਾ ਹਾਲਤ ਵਿੱਚ ਹੈ। ਜਿਸ ਨੂੰ ਬਣਾਉਣ ਲਈ ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਆਵਾਜ਼ ਬੁਲੰਦ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਸਰਕਾਰ ਵਲੋਂ ਗ੍ਰਾਂਟ ਪਾਸ ਵੀ ਕਰ ਦਿੱਤੀ ਗਈ ਸੀ,ਪਰ ਸੰਬੰਧਿਤ ਮਹਿਕਮੇ ਦੇ ਲਾਪ੍ਰਵਾਹ ਅਧਿਕਾਰੀਆਂ ਦੀ ਢਿੱਲ ਕਾਰਨ ਸੜਕ ਦਾ ਨਿਰਮਾਣ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਵੀ ਉਨ੍ਹਾਂ ਵਲੋਂ ਸੰਗਤਾਂ ਨੂੰ ਨਾਲ ਲੈ ਕੇ ਇਸ ਮਸਲੇ ਨੂੰ ਲਿਆਂਦਾ ਗਿਆ। ਜਿਸ ਤੋਂ ਬਾਅਦ ਫਿਰ ਗ੍ਰਾਂਟ ਮਨਜ਼ੂਰ ਹੋਈ ਪਰ ਇਸ ਦੇ ਬਾਵਜੂਦ ਇਸ ਸਮੱਸਿਆ ਦੇ ਹੱਲ ਪ੍ਰਤੀ ਅਧਿਕਾਰੀਆਂ ਵੱਲੋਂ ਗੰਭੀਰਤਾ ਨਹੀਂ ਵਿਖਾਈ ਗਈ ਤੇ ਅਨੇਕਾਂ ਤਰਲਿਆਂ ਤੋਂ ਬਾਅਦ ਉਕਤ ਸੜਕ ‘ਤੇ ਪੱਥਰ ਖਿਲਾਰ ਦਿੱਤੇ ਗਏ, ਤੇ ਜਲਦੀ ਲੁੱਕ ਬੱਜਰੀ ਪਾਉਣ ਦਾ ਲਾਰਾ ਲਗਾ ਦਿੱਤਾ ਗਿਆ ਜਿਸ ਨੂੰ ਕਿ ਹੁਣ ਤੱਕ ਕਈ ਮਹੀਨੇ ਬੀਤ ਚੁੱਕੇ ਹਨ । ਉਨ੍ਹਾਂ ਆਖਿਆ ਕਿ ਇਤਿਹਾਸਕ ਗੁਰਦੁਆਰਾ ਹੋਣ ਕਾਰਨ ਇੱਥੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਹਨ ਪਰ ਸੜਕ ਦੀ ਮਾੜੀ ਹਾਲਤ ਹੋਣ ਕਾਰਨ ਉਨ੍ਹਾਂ ਨੂੰ ਮੁਸੀਬਤ ਸਹਿਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਸਟ੍ਰੀਟ ਲਾਈਟਾਂ ਵੀ ਨਾ ਲਗਾਏ ਜਾਣ ਕਾਰਨ ਰਾਤ ਨੂੰ ਹਨੇਰੇ ਕਾਰਨ ਇੱਥੇ ਹੁਣ ਤੱਕ ਕਈ ਹਾਦਸੇ ਹੋ ਚੁੱਕੇ ਹਨ ਤੇ ਉਸ ਦੌਰਾਨ ਵਾਹਨਾਂ ‘ਤੇ ਸਵਾਰ ਲੋਕਾਂ ਦੇ ਸੱਟਾਂ ਵੀ ਲੱਗੀਆਂ। ਉਧਰ ਇਸ ਮਾਮਲੇ ਨੂੰ ਲੈ ਕੇ ਹਲਕਾ ਆਦਮਪੁਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ਼ ਪਵਨ ਕੁਮਾਰ ਟੀਨੂੰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਰਾਬਤਾ ਕਾਇਮ ਨਹੀਂ ਹੋ ਸਕਿਆ।