ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਡੇਰਾ ਸੰਤਗੜ੍ਹ (ਹਰਖੋਵਾਲ), ਨੇੜੇ ਸਪੋਰਟਸ ਕਾਲਜ, ਕਪੂਰਥਲਾ ਰੋਡ, ਜਲੰਧਰ ਅਤੇ ਗੁਰਦੁਆਰਾ ਟਿੱਬੀ ਸਾਹਿਬ, ਪਿੰਡ ਜੈਤੇਵਾਲੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਹਰਖੋਵਾਲੀਏ ਸੰਪਰਦਾਇ ਦੇ ਮੌਜੂਦਾ ਮੁਖੀ ਬਾਬਾ ਭਗਵਾਨ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ ਇਨ੍ਹਾਂ ਸਮਾਗਮਾਂ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਲੜੀਵਾਰ ਚੌਪਹਿਰਾ ਗੁਰਮਤਿ ਸਮਾਗਮ, ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਅਤੇ ਕਥਾ ਦੇ ਪਰਵਾਹ ਚੱਲੇ। ਇਸ ਮੌਕੇ ਭਾਈ ਰਵਿੰਦਰ ਸਿੰਘ (ਹਜ਼ੂਰੀ ਰਾਗੀ, ਸੰਤਗੜ੍ਹ), ਭਾਈ ਹਰੀ ਸਿੰਘ (ਕਥਾ ਵਾਚਕ, ਸੰਤਗੜ੍ਹ) ਅਤੇ ਸੰਤ ਜਵਾਲਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਿਮੀ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਹਾਜ਼ਰੀ ਲਗਵਾਈ। ਬਾਬਾ ਭਗਵਾਨ ਸਿੰਘ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਨਾਲ ਜੁੜ ਕੇ ਜੀਵਨ ਸਫ਼ਲ ਕਰਨ ਅਤੇ ਗੁਰਮਤਿ ਦੇ ਧਾਰਣੀ ਹੋਣ ਦੀ ਪ੍ਰੇਰਣਾ ਦਿੱਤੀ। ਇਨ੍ਹਾਂ ਸਮਾਗਮਾਂ ਦੌਰਾਨ ਸੰਗਤ ਨੇ ਵੱਡੀ ਗਿਣਤੀ ’ਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।