ਜਲੰਧਰ, 11 ਨਵੰਬਰ (ਐੱਮ. ਐੱਸ. ਲੋਹੀਆ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦਾ ਮੁੱਖ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਵਾਰ 21 ਨਵੰਬਰ, ਦਿਨ ਸਨਿਚਰਵਾਰ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਵਲੋਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਅਰੰਭ ਹੋ ਕੇ ਸ਼ਹਿਰ ਦੇ ਪੁਰਾਤਨ ਮਾਰਗ ਤੋਂ ਹੁੰਦੇ ਹੋਏ ਰਾਤ ਨੂੰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸਮਾਪਤ ਹੋਵੇਗਾ। ਪ੍ਰਬੰਧਕਾਂ ਵਲੋਂ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਵੱਖ-ਵੱਖ ਧਾਰਮਿਕ ਨੁਮਾਇੰਦਿਆਂ-ਸ਼ਖਸ਼ੀਅਤਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਨਗਰ ਕੀਰਤਨ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਤਹਿਤ ਬਾਬਾ ਅਵਤਾਰ ਸਿੰਘ (ਸੁਰਸਿੰਘ ਵਾਲੇ), ਜਥੇਦਾਰ ਜੋਗਾ ਸਿੰਘ (ਤਰਨਾ ਦਲ), ਬਾਬਾ ਅਮਰੀਕ ਸਿੰਘ (ਖੂਖਰੇਨ ਵਾਲੇ), ਬਾਬਾ ਭਗਵਾਨ ਸਿੰਘ (ਹਰਖੋਵਾਲੀਏ), ਬੀਬਾ ਸੁਖਵਿੰਦਰ ਕੌਰ (ਬਸ਼ੀਰਪੁਰੇ ਵਾਲੇ) ਤੇ ਬਾਬਾ ਗੁਰਵਿੰਦਰਪਾਲ ਸਿੰਘ (ਨਿਰਮਲ ਕੁਟੀਆ ਵਾਲਿਆਂ) ਨੂੰ ਸੱਦਾ ਪੱਤਰ ਦਿਤੇ ਗਏ ਹਨ। ਸਿੰਘ ਸਭਾਵਾਂ ਤੋਂ ਪਰਮਿੰਦਰ ਸਿੰਘ (ਦਸਮੇਸ਼ ਨਗਰ), ਦਵਿੰਦਰ ਸਿੰਘ ਰਿਆਤ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਇਹ ਪੰਥਕ ਸਖਸ਼ੀਅਤਾਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਬਾਹਰ ਪਾਲਕੀ ਸਾਹਿਬ ਨੂੰ ਨਤਮਸਤਕ ਹੋਣਗੀਆਂ। ਪ੍ਰਬੰਧਕਾਂ ਨੇ ਸੰਗਤ ਨੂੰ ਪਰਿਵਾਰਾਂ ਸਹਿਤ ਨਗਰ ਕੀਰਤਨ ’ਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ। ਇਸ ਮੌਕੇ ਸੁਰਿੰਦਰ ਸਿੰਘ ਵਿਰਦੀ, ਜਥੇਦਾਰ ਦਿਲਬਾਗ ਸਿੰਘ (ਸੁਲਤਾਨਪੁਰ), ਚਮਕੌਰ ਸਿੰਘ, ਤੇਜਵੀਰ ਸਿੰਘ ਬਾਂਸਲ, ਦਿਲਬਾਗ ਸਿੰਘ, ਨਵਦੀਪ ਸਿੰਘ ਗੁਲਾਟੀ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਗੁਰਨੀਤ ਸਿੰਘ, ਅਨਮੋਲਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।