ਜਲੰਧਰ, 19 ਨਵੰਬਰ (ਐੱਮ. ਐੱਸ. ਲੋਹੀਆ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਜ਼-1, ਜਲੰਧਰ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਮੌਕੇ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਸਵੇਰੇ ਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਦੌਰਾਨ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰ ਕੇ ਕਥਾ ਤੇ ਕੀਰਤਨ ਦਾ ਅਨੰਦ ਮਾਣਿਆ। ਸ਼ਾਮ ਦੇ ਦੀਵਾਨ ਅੰਦਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਪ੍ਰੋਫ਼ੈਸਰ ਭਾਈ ਜਗਰੂਪ ਸਿੰਘ ‘ਰੂਪ ਖ਼ਾਲਸਾ’ ਨੇ ਗੁਰਬਾਣੀ ਕੀਰਤਨ ਦੀ ਅੰਮ੍ਰਿਤ ਵਰਖਾ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਭਾਈ ਸਰਬਜੀਤ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ), ਵਿਦਵਾਨ ਕਥਾਵਾਚਕ ਭਾਈ ਅਵਤਾਰ ਸਿੰਘ ਖੋਜੀ ਤੇ ਭਾਈ ਗੁਰਮੀਤ ਸਿੰਘ ਨੇ ਸੰਗਤ ਨੂੰ ਗੁਰੂ ਚਰਨਾ ਨਾਲ ਜੋੜਿਆ। ਪ੍ਰਧਾਨ ਹਰਮਿੰਦਰ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮਨਪ੍ਰੀਤ ਸਿੰਘ ਸਚਦੇਵਾ, ਜੇ. ਐੱਸ. ਵਾਲੀਆ, ਹਰਪ੍ਰੀਤ ਸਿੰਘ ਸਚਦੇਵਾ, ਕੈਪਟਨ ਪੀ.ਐੱਸ. ਭੱਲਾ, ਜਤਿੰਦਰ ਸਿੰਘ, ਡਾ. ਪ੍ਰਿਤਪਾਲ ਸਿੰਘ, ਮੈਨੇਜਰ ਨਰਿੰਦਰ ਪਾਲ ਸਿੰਘ, ਮਹਿੰਦਰ ਸਿੰਘ ਥਿੰਦ ਅਤੇ ਹੋਰ ਹਾਜ਼ਰ ਸਨ।