02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਖਾਣਾ

ਅਜੀਤ ਡੈਸਕ 19-04-2026

ਅਜੀਬ ਮਾਨਸਿਕ ਸੰਕਟ ਵਿਚੋਂ ਹੀ ਉਹਨੂੰ ਹਰ ਰੋਜ਼ ਗੁਜ਼ਰਨਾ ਪੈਂਦਾ ਸੀ। ਉਹਦੀ ਪਤਨੀ ਜਦੋਂ ਉਹਨੂੰ ਸ਼ਾਮ ਨੂੰ ਕਹਿੰਦੀ, 'ਖਾਣਾ ਖਾ ਲਵੋ' ਤਾਂ ਉਸਦੇ ਸਾਹਮਣੇ ਬਚਪਨ ਆ ਜਾਂਦਾ। ਜਦੋਂ ਉਹ ਕਿਸੇ ਸੇਠ ਦੇ ਘਰ ਨੌਕਰ ਸੀ। ਝਿੜਕਾਂ, ਗਾਲਾਂ ਬੋਲ-ਕੁ-ਬੋਲ ਕਿੰਨਾ ਹੀ ਉਸਨੂੰ ਸੁਣਨਾ ਪੈਂਦਾ ਤੇ ਫਿਰ ਮਾਲਕਣ ਦੀ ਗਰਜ਼ਵੀਂ ਆਵਾਜ਼ ਆਉਂਦੀ, 'ਜਾ, ਖਾਣਾ ਲੈ ਕੇ ਆ!' ਉਨ੍ਹਾਂ ਨੂੰ ਖਾਣਾ ਖਵਾਉਣ ਉਪਰੰਤ ਮਾਲਕਣ ਦੋ-ਤਿੰਨ ਬੇਹੀਆਂ ਰੋਟੀਆਂ ਤੇ ਅਚਾਰ ਰੱਖ ਕੇ ਉਹਨੂੰ ਕਹਿੰਦੀ, 'ਲੈ, ਰੋਟੀ ਖਾ ਲੈ।' ਉਸ ਵੇਲੇ ਉਸਦਾ ਬਾਲ ਮਨ ਖਾਣੇ ਤੇ ਰੋਟੀ ਦੇ ਅੰਤਰ ਨੂੰ ਸਮਝਣ ਲੱਗ ਪਿਆ ਸੀ।
ਕਿਸੇ ਤਰ੍ਹਾਂ ਮੁਸ਼ਕਿਲ ਨਾਲ ਉਹ ਪੜ੍ਹਿਆ ਨੌਕਰੀ ਮਿਲ ਗਈ ਤੇ ਫਿਰ ਸ਼ਾਦੀ ਵੀ ਹੋ ਗਈ। ਹੁਣ ਜਦੋਂ ਉਹਦੀ ਪਤਨੀ ਉਹ ਨੂੰ ਮੋਹ ਨਾਲ 'ਖਾਣਾ ਖਾ ਲਵੋ' ਕਹਿੰਦੀ ਤਾਂ ਉਹਦੇ ਸਾਹਮਣੇ ਅਤੀਤ ਆ ਖਲੋਂਦਾ ਤੇ ਉਹਦਾ ਭਾਵਕ ਮਨ ਮਸੋਸਿਆ ਜਿਹਾ ਜਾਂਦਾ।
ਤੇ ਫਿਰ ਇਕ ਦਿਨ ਉਹਨੇ ਪਤਨੀ ਨੂੰ ਗੰਭੀਰ ਹੋ ਕੇ ਕਿਹਾ, 'ਤੂੰ ਮੈਨੂੰ ਐਵੇ ਨਾ ਹਾਕਾਂ ਮਾਰਿਆ ਕਰ। ਜਦੋਂ ਤਿਆਰ ਹੋ ਜਾਇਆ ਕਰੇਗਾ, ਆਪੇ ਰਸੋਈ ਵਿਚ ਆ ਜਾਇਆ ਕਰੂੰ।'
ਉਹਦੀ ਪਤਨੀ ਹੈਰਾਨ ਹੋ ਕੇ ਉਹਦੇ ਵੱਲ ਵੇਖਣ ਲੱਗ ਪਈ।

ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ,ਸੰਗਰੂਰ।
ਸੰਪਰਕ : 94171-48866

ਪਿਛਲੀ ਖ਼ਬਰ ਸ਼ੌਕ ਵਿਹੂਣੀ ਜ਼ਿੰਦਗੀ ਅਗਲੀ ਖ਼ਬਰ ਸਚਮੁੱਚ, ਉਹ ਜ਼ਮਾਨੇ ਭਲੇ ਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।