ਤਾਇਆ ਬਿਸ਼ਨਾ ਤੇ ਉਸ ਦਾ ਭਤੀਜਾ ਜਿੰਦਰ ਖੇਤਾਂ ਨੂੰ ਤੁਰੇ ਜਾ ਰਹੇ ਸਨ। ਨਹਿਰ ਦੇ ਨਾਲ ਲਗਦੇ ਖੇਤਾਂ ਨੂੰ ਪਾਣੀ ਲਾਉਣ ਦੀ ਅੱਜ ਉਨ੍ਹਾਂ ਦੀ ਵਾਰੀ ਸੀ। ਜਿੰਦਰ ਦੇ ਮੋਢੇ 'ਤੇ ਕਹੀ ਸੀ। ਉਹ ਤੇਜ਼-ਤੇਜ਼ ਤੁਰਿਆ ਜਾਂਦਾ ਮੂੰਹ 'ਚ ਕੁਝ ਗੁਣਗਾਉਂਦਾ ਜਾ ਰਿਹਾ ਸੀ। ਤਾਇਆ ਅਚਨਚੇਤ ਬੋਲਿਆ, 'ਜਲਦੀ ਜਲਦੀ ਪੈਰ ਪੁੱਟ। ਅਗਲਿਆਂ ਉਡੀਕ ਨੀ ਕਰਨੀ। ਰਤਾ ਦੇਰੀ ਹੋਈ ਉਨ੍ਹਾਂ ਆਪਣੇ ਖੇਤ ਵੱਲ ਨੂੰ ਪਾਣੀ ਵੱਢ ਲੈਣਾ। ਇਹ ਸੁਣ ਕੇ ਜਿੰਦਰ ਦੇ ਕਦਮ ਹੋਰ ਤੇਜ਼ ਹੋ ਗਏ। 'ਤਾਇਆ, ਮੈਂ ਕਿਹੜਾ ਰੁਕ ਗਿਆ ਹਾਂ। ਤੁਰਿਆ ਜਾ ਰਿਹਾ। ਇਕ ਪਾਕਿਸਤਾਨੀ ਸ਼ਾਹਮੁਖੀ ਪੰਜਾਬੀ ਦੇ ਸ਼ਾਇਰ ਦੀ ਨਜ਼ਮ ਦੀ ਇਕ ਤੁੱਕ ਮੱਲੋਮੱਲੀ ਬੁੱਲ੍ਹਾਂ 'ਤੇ ਆਈ ਜਾਂਦੀ ਏ : 'ਅਖੇ ਉਹ ਨਹੀਂ ਕਹਿੰਦਾ ਦਿਲ ਕਰਦਾ ਏ।'
ਅੱਗੋਂ ਤਾਇਆ ਬਿਸ਼ਨਾ ਬੋਲਿਆ, 'ਬੜਾ ਅਜੀਬ ਕਹੀ ਆ ਭਤੀਜ। ਉਹਨੂੰ ਕੋਈ ਪੁੱਛੇ ਕਿ ਜਦੋਂ ਅਗਲਾ ਅੱਗਿਓਂ ਕੁਝ ਮੰਗਦਾ ਹੀ ਨਹੀਂ, ਕੁਝ ਕਹਿੰਦਾ ਹੀ ਨਹੀਂ ਤਾਂ ਭਾਈ ਤੇਰਾ ਦਿਲ ਕਿਉਂ ਕਰਦਾ ਏਂ? ਜਿੰਦਰ ਨੂੰ ਤਾਏ ਦੀ ਇਹ ਗੱਲ ਸੁਣ ਕੇ ਹਾਸਾ ਆ ਗਿਆ। ਕਹਿਣ ਲੱਗਾ 'ਤਾਇਆ ਤੂੰ ਕੀ ਜਾਣੇ ਸ਼ਾਇਰਾਂ ਦੇ ਦਿਲ ਦੀਆਂ ਬਾਤਾਂ। ਤੂੰ ਚਲਿਆ ਚੱਲ'। ਚੁੱਪ-ਚਾਪ। ਪਰ ਤਾਇਆ ਫਿਰ ਆਪਮੁਹਾਰੇ ਹੀ ਬੋਲੀ ਜਾਵੇ। ਕਹਿੰਦਾ 'ਭਤੀਜ! ਉਸ ਪਾਕਿਸਤਾਨੀ ਕਵੀ ਨੇ ਇਹ ਤੁਕ ਰਤਾ ਅਜੀਬ ਨਹੀਂ ਲਿਖੀ? ਅਖੇ, ਉਹ ਨਹੀਂ ਕਹਿੰਦਾ ਦਿਲ ਕਰਦਾ ਏ। ਜਦੋਂ ਅਗਲਾ ਕੁਝ ਕਹਿੰਦਾ ਨਹੀਂ ਫਿਰ ਦਿਲ ਕਿਉਂ ਕਰੇ। ਤਾਇਆ ਤੂੰ ਕੀ ਜਾਣੇ।' ਕਵੀ ਨੇ ਇਸ ਨਜ਼ਮ 'ਚ ਦੋ ਪਿਆਰ ਕਰਨ ਵਾਲੇ ਪ੍ਰੇਮੀਆਂ ਦੀਆਂ ਭਾਵਨਾਵਾਂ ਬਿਆਨ ਕੀਤੀਆਂ ਹਨ। ਤਾਇਆ ਇਹ ਦਿਲਾਂ ਦੇ ਸੌਦੇ ਨੇ। ਇਹ ਸੌਦਾ ਕਰਦਿਆਂ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ। ਦਿਲ ਹੀ ਦਿਲ ਵਿਚ ਸਭ ਕੁਝ ਨੇਪਰੇ ਚੜ੍ਹਦਾ ਹੈ। ਤਾਇਆ ਅੱਗਿਓਂ ਔਖਾ ਜਿਹਾ ਹੋ ਕੇ ਕਹਿਣ ਲੱਗਾ, 'ਤੂੰ ਬਸ ਕਰ ਯਾਰ! ਮੈਨੂੰ ਨਹੀਂ ਤੇਰੀਆਂ ਇਹ ਯੱਭਲੀਆਂ ਸਮਝ ਆਉਂਦੀਆਂ। ਪਤਾ ਨਹੀਂ ਕੀ ਊਟ-ਪਟਾਂਗ ਬੋਲੀ ਜਾਨੈਂ। ਸਿੱਧਾ ਹੋ ਕੇ ਤੁਰਿਆ ਚੱਲ, ਮੇੇਰੇ ਕੋਲੋਂ ਇਕ ਹੂਰਾ ਨਾ ਖਾ ਲਈਂ। ਪਾਣੀ ਦੀ ਵਾਰੀ ਤਾਂ ਮਿਲਣੀ ਐਂ ਜੇਕਰ ਸਮੇਂ ਸਿਰ ਪਹੁੰਚਾਂਗੇ। ਅੱਗੋਂ ਫਿਰ ਜਿੰਦਰ ਉੱਚੀ-ਉੱਚੀ ਹੱਸ ਪਿਆ। ਬੋਲਿਆ, 'ਤਾਇਆ! ਜੇ ਕਿਧਰੇ ਚਾਰ ਅੱਖਰ ਤੂੰ ਵੀ ਪੜ੍ਹ ਲੈਂਦਾ ਤਾਂ ਤੈਨੂੰ ਵੀ ਸ਼ਾਇਰਾਂ ਦੀ ਸ਼ਾਇਰੀ ਆ ਜਾਂਦੀ।' ਇਹ ਸੁਣ ਕੇ ਤਾਏ ਨੇ ਉਸ ਵੱਲ ਹੂਰਾ ਚੁੱਕਿਆ ਤੇ ਬੋਲਿਆ, 'ਤੂੰ ਬਹੁਤੀਆਂ ਮੇਰੇ ਨਾਲ ਜਕੜੀਆਂ ਨਾ ਵੱਢ। ਲੋਕ ਤਾਂ ਵੱਢੀ ਉਂਗਲ 'ਤੇ ਨਾ ਮੂਤਦੇ। ਤੈਨੂੰ ਕਿਸੇ ਦੇ ਕੁਝ ਕਹੇ ਬਿਨਾਂ ਕਿਵੇਂ ਗੱਲ ਸਮਝ ਆ ਜਾਊ? ਭਤੀਜ ਦੁਨੀਆ ਤਾਂ ਬੜੀ ਮਤਲਬ ਦੀ ਐ। ਲੋਕ ਕਿਸੇ ਤੋਂ ਫਾਇਦਾ ਲੈ ਕੇ ਮੁੱਕਰ ਜਾਂਦੇ ਐ। ਲੋਕ ਤਾਂ ਭਤੀਜ! ਮੁੜ ਸਿਆਨਣੋਂ ਹੀ ਹੱਟ ਜਾਂਦੇ ਆ।' ਜਿੰਦਰ ਤਾਏ ਦੀਆਂ ਗੱਲਾਂ ਮੰਦ-ਮੰਦ ਮੁਸਕਰਾਉਂਦਾ ਸੁਣਦਾ ਰਿਹਾ। ਤਾਇਆ ਤੇਜ਼-ਤੇਜ ਤੁਰਿਆ ਜਾਂਦਾ ਝੱਗ ਸੁੱਟਦਾ ਜਾ ਰਿਹਾ ਸੀ। ਜਿੰਦਰ ਨੂੰ ਤਾਏ ਦੀਆਂ ਦੁਨੀਆ ਬਾਰੇ ਕਹੀਆਂ ਸੱਚੀਆਂ ਗੱਲਾਂ ਤਾਂ ਸਮਝ ਆ ਰਹੀਆਂ ਸਨ ਪਰ ਤਾਏ ਦੀ ਗੰਭੀਰ ਹਾਲਾਤ ਦੇਖ ਕੇ ਉਹ ਮੁਸਕਰਾਉਣੋਂ ਨਾ ਹਟਿਆ। ਇੰਨੇ ਨੂੰ ਉਹ ਖੇਤ ਪਹੁੰਚ ਗਏ। ਆਪਣੇ ਖੇਤ ਨੂੰ ਪਾਣੀ ਲਾਉਣ ਲਈ ਨੱਕਾ-ਵੱਢਦਾ ਜਿੰਦਰ ਅਜੇ ਵੀ ਹੱਸਣੋਂ ਮੁਸਕਰਾਉਣੋਂ ਨਹੀਂ ਹਟਿਆ ਸੀ।
-ਮੋਬਾਈਲ : 98146-81444
ਉਹ ਨਹੀਂ ਕਹਿੰਦਾ, ਦਿਲ ਕਰਦਾ ਏ!
ਅਜੀਤ ਡੈਸਕ
26-07-2026