ਕਸ਼ਮੀਰੀ ਲਾਲ ਸਰਕਾਰੀ ਸਕੂਲ 'ਚੋਂ ਰਿਟਾਇਰ ਆਪਣੀ ਪਤਨੀ ਤੇ ਦੋ ਲੜਕਿਆਂ ਨਾਲ ਇਕੋ ਘਰ ਵਿਚ ਰਹਿ ਰਿਹਾ ਹੈ। ਕਸ਼ਮੀਰੀ ਲਾਲ ਜੀ ਦੇ ਦੋਵੇਂ ਲੜਕੇ ਵਿਆਹੇ ਹਨ ਤੇ ਪੋਤੇ ਪੋਤੀਆਂ ਨਾਲ-ਨਾਲ ਰਹਿ ਰਹੇ ਕਸ਼ਮੀਰੀ ਲਾਲ ਜੀ ਦੀ ਪਤਨੀ ਸੁਮਨ ਲਤਾ ਬੀਮਾਰ ਰਹਿੰਦੀ। ਕਸ਼ਮੀਰੀ ਲਾਲ ਦੀਆਂ ਦੋਨੇ ਨੂੰਹਾਂ ਆਪਣੇ ਸੌਹਰੇ ਅਤੇ ਸੱਸ ਦਾ ਭੋਰਾ ਆਦਰ ਸਤਿਕਾਰ ਨਹੀਂ ਕਰਦੀਆਂ, ਬਲਿਕ ਕਸ਼ਮੀਰੀ ਲਾਲ ਦੀ ਪੈਨਸ਼ਨ ਵੀ ਲੈ ਲੈਂਦੀਆਂ ਹਨ ਅਖੇ ਘਰ ਦੇ ਖ਼ਰਚ ਬਹੁਤ ਜ਼ਿਆਦਾ ਹੋ ਰਹੇ ਹਨ। ਘਰੇ ਕਲੇਸ਼ ਨਾ ਹੋਵੇ, ਤੇ ਪਰਿਵਾਰ ਸੁੱਖੀ ਸਾਂਦੀ ਵੱਸਦਾ ਰਹੇ, ਏਸੇ ਕਰਕੇ ਮਾਸਟਰ ਜੀ ਕੁਝ ਨਹੀਂ ਸੀ ਬੋਲਦੇ। ਆਪਣੀ ਪੈਨਸ਼ਨ ਵਿਚੋਂ ਬਸ ਆਪਣੀ ਪਤਨੀ ਦੀ ਦਵਾ-ਦਾਰੂ ਲਈ ਪੈਸੇ ਰੱਖ ਲੈਂਦੇ।
ਜਿਸ ਦਿਨ ਸਕੂਲ ਚੋਂ ਮਾਸਟਰ ਜੀ ਰਿਟਾਇਰ ਹੋਏ ਉਸ ਦਿਨ ਸਾਰੇ ਬੱਚੇ ਹੀ ਰੋ ਪਏ ਤੇ ਨਾਲ ਸਕੂਲ ਦੇ ਸਟਾਫ਼ ਦੀਆਂ ਵੀ ਅੱਖਾਂ ਨਮ ਸਨ ਕਿਉਂਕਿ ਮਾਸਟਰ ਜੀ ਦਾ ਨਰਮ ਸੁਭਾਅ ਤੇ ਮਿੱਠ ਬੋਲੜਾ ਹੋਣਾ ਸਭ ਦੇ ਦਿਲਾਂ ਨੂੰ ਟੁੰਬਦਾ ਸੀ। ਮਾਸਟਰ ਜੀ ਨੇ ਅੱਜ ਤੱਕ ਕਿਸੇ ਬੱਚੇ ਦੇ ਥੱਪੜ ਵੀ ਨਹੀਂ ਸੀ ਮਾਰਿਆ। ਪਰ ਅੱਜ ਆਪਣੇ ਹੀ ਘਰ ਵਿਚ ਮਾਸਟਰ ਜੀ ਨੂੰ ਮਾਨ-ਸਨਮਾਨ ਨਹੀਂ ਸੀ ਮਿਲ ਰਿਹਾ।
ਸ਼ਾਮ ਕਰੀਬ 5 ਵਜੇ ਘਰ ਦਾ ਗੇਟ ਖੜਕਿਆ। ਘਰ ਦੀ ਵੱਡੀ ਨੂੰਹ ਨੇ ਗੇਟ ਖੋਲ੍ਹਿਆ ਤਾਂ ਦੇਖਿਆ ਕਿ ਬਾਹਰ 10-12 ਵਿਅਕਤੀ ਖੜ੍ਹੇ ਹਨ ਜੋ ਕਰੀਬ 40-45 ਸਾਲਾਂ ਦੇ ਜਾਪ ਰਹੇ ਸੀ। ਉਨ੍ਹਾਂ ਵਿਚੋਂ ਪੈਂਟਕੋਟ ਪਾਏ ਇਕ ਅਫ਼ਸਰ ਜਿਹੇ ਦਿਸਣ ਵਾਲੇ ਨੇ ਪੁੱਛਿਆ 'ਜੀ, ਸਰ ਘਰੇ ਹਨ?'
'ਕੌਣ ਸਰ' ਸ਼ੰਕੁਤਲਾ ਨੇ ਆਪਣੇ ਅਕੜੂ ਸੁਭਾਅ ਨਾਲ ਕਿਹਾ।
'ਕਸ਼ਮੀਰੀ ਲਾਲ ਜੀ' ਜੀ ਅਸੀਂ ਉਨ੍ਹਾਂ ਦੇ ਸਕੂਲ ਸਮੇਂ ਦੇ ਵਿਦਿਆਰਥੀ ਹਾਂ, ਉਨ੍ਹਾਂ ਨੂੰ ਮਿਲਣ ਆਏ ਹਾਂ।' ਇਕ ਹੋਰ ਸੂਟ-ਬੂਟ ਵਾਲੇ ਵਿਅਕਤੀ ਨੇ ਕਿਹਾ। ਜੋ ਚਿਹਰੇ ਤੋਂ ਹੀ ਪੜ੍ਹਿਆ-ਲਿਖਿਆ ਬਾਬੂ ਲੱਗ ਰਿਹਾ ਸੀ।
ਇਹ ਸੁਣ ਕੇ ਸ਼ੰਕੁਤਲਾ ਥੋੜ੍ਹੀ ਢੈਲੀ ਪੈ ਗਈ ਤੇ ਥੋੜ੍ਹੇ ਅਦਬ ਨਾਲ ਬੋਲੀ, 'ਹਾਂ ਜੀ, ਹਾਂ ਜੀ, ਤੁਸੀਂ ਬੈਠੋ, ਮੈਂ ਉਨ੍ਹਾਂ ਨੂੰ ਬੁਲਾ ਕੇ ਲਿਆਉਣੀ ਆਂ', ਸ਼ੰਕੁਲਤਾ ਨੇ ਨਾਲ ਦੇ ਕਮਰੇ ਵੱਲ ਇਸ਼ਾਰਾ ਕਰਦਿਆਂ ਕਿਹਾ।
ਉਹ ਸਾਰੇ ਕਮਰੇ ਵਿਚ ਪਏ ਸੋਫੇ 'ਤੇ ਜਿਵੇਂ-ਤਿਵੇਂ ਬੈਠ ਗਏ। ਆਪਣੇ ਅਧਿਆਪਕ ਨੂੰ ਮਿਲਣ ਦੀ ਤਾਂਘ ਉਨ੍ਹਾਂ ਦੇ ਚਿਹਰਿਆਂ ਤੇ ਸਾਫ਼ ਝਲਕ ਰਹੀ ਸੀ। ਫਿਰ ਥੋੜ੍ਹੀ ਦੇਰ ਬਾਅਦ ਹੀ ਕਸ਼ਮੀਰੀ ਲਾਲ ਅਤੇ ਉਨ੍ਹਾਂ ਦੀ ਪਤਨੀ 10-12 ਵਿਅਕਤੀਆਂ ਨੂੰ ਆਪਣੇ ਘਰ ਦੇਖ ਕੇ ਬੜ੍ਹੇ ਹੈਰਾਨ ਹੋਏ, ਕਿ ਕੌਣ ਏਨੇ ਜਣੇ ਉਨ੍ਹਾਂ ਨੂੰ ਮਿਲਣ ਆਏ ਹਨ। ਸਿਰ ਤੇ ਚਿੱਟੇ ਵਾਲ, ਸਿੰਪਲ ਜਿਹਾ ਕੁੜਤਾ ਪਜਾਮਾ, ਹਲਕੀ ਕਾਲੀ-ਚਿੱਟੀ ਦਾੜੀ ਤੇ 65-70 ਸਾਲ ਦੇ ਦਿਸਣ ਵਾਲੇ ਬਜ਼ੁਰਗ ਨੂੰ ਦੇਖ ਕੇ ਸਾਰੇ ਹੀ ਖੜ੍ਹੇ ਹੋ ਗਏ ਤੇ ਕਸ਼ਮੀਰੀ ਲਾਲ ਜੀ ਦੇ ਪੈਂਰੀ ਪੈ ਗਏ। ਮਾਸਟਰ ਜੀ ਨੇ ਵਾਰੀ-ਵਾਰੀ ਸਭ ਨੂੰ ਖੜ੍ਹਾ ਕੀਤਾ ਤੇ ਨਾਲ ਹੀ ਹੈਰਾਨ ਵੀ ਸਨ ਕਿ ਇਹ ਕੌਣ ਹਨ ਜੋ ਉਨ੍ਹਾਂ ਦੇ ਪੈਂਰੀ ਪੈ ਰਹੇ ਹਨ, ਏਨਾ ਇੱਜ਼ਤ-ਮਾਣ ਦੇ ਰਹੇ ਹਨ। ਮਾਸਟਰ ਜੀ ਦੇ ਨਾਲ-ਨਾਲ ਉਨ੍ਹਾਂ ਦੀ ਧਰਮਪਤਨੀ ਵੀ ਇਹ ਸਭ ਦੇਖ ਕੇ ਹੈਰਾਨ ਹੋ ਰਹੀ ਸੀ। ਫਿਰ ਮਾਸਟਰ ਜੀ ਨੇ ਪੁੱਛਿਆ, 'ਮਾਫ਼ ਕਰਨਾ ਸਰ, ਮੈਂ ਤੁਹਾਨੂੰ ਸਿਆਣਿਆ ਨਹੀਂ।'
ਇਸ ਤਰ੍ਹਾਂ ਹੱਥ ਜੋੜ ਕੇ ਖੜ੍ਹੇ ਕਸ਼ਮੀਰੀ ਲਾਲ ਜੀ ਨੂੰ ਦੇਖ ਕੇ ਸਭ ਤੋਂ ਅੱਗੇ ਬੈਠਾ ਵਿਅਕਤੀ ਮਾਸਟਰ ਜੀ ਕੋਲ ਆਇਆ ਤੇ ਮਾਸਟਰ ਜੀ ਦਾ ਹੱਥ ਫੜ੍ਹ ਕੇ ਕਿਹਾ, 'ਅਸੀਂ ਕੋਈ ਸਰ-ਸੁਰ ਨਹੀਂ ਮਾਸਟਰ ਜੀ, ਸ਼ਾਇਦ ਤੁਸੀਂ ਸਾਨੂੰ ਪਛਾਣਿਆ ਨਹੀਂ, ਅਸੀਂ ਤੁਹਾਡੇ ਵਿਦਿਆਰਥੀ ਹਾਂ, ਜੋ ਤੁਹਾਡੇ ਕੋਲੋਂ ਪੜ੍ਹੇ ਹਾਂ, ਬੜੀ ਮੁਸ਼ਕਿਲ ਨਾਲ ਇਕ-ਇਕ ਦਾ ਖੋਜ-ਖੁਰ੍ਹਾ ਭਾਲ ਕੇ, ਤੇ ਇਕਠੇ ਹੋ ਕੇ ਅੱਜ ਤੁਹਾਨੂੰ ਮਿਲਣ ਲਈ ਆਏ ਹਾਂ।
'ਤੁਸੀਂ ਸਾਨੂੰ ਸਿਰਫ ਪੜ੍ਹਾਇਆ ਹੀ ਨਹੀਂ, ਸਗੋਂ ਸਾਨੂੰ ਸਮਾਜ ਵਿਚ ਰਹਿਣਾ ਵੀ ਸਿਖਾਇਆ ਹੈ, ਦੂਜਿਆਂ ਦੀ ਇੱਜ਼ਤ ਕਰਨਾ ਸਿਖਾਇਆ ਹੈ, ਸਾਨੂੰ ਮਿਹਨਤ ਕਰਨਾ ਸਿਖਾਇਆ, ਸਾਡੀ ਸੋਚ ਨੂੰ ਹਿੰਮਤ ਦਿੱਤੀ ਹੈ, ਸਾਨੂੰ ਅੱਗੇ ਵਧਣ ਦਾ ਹੌਂਸਲਾ ਦਿੱਤਾ ਹੈ, ਜੇਕਰ ਅਸੀਂ ਅੱਜ ਕਿਸੇ ਅਹੁਦੇ 'ਤੇ ਬਿਰਾਜਮਾਨ ਹਾਂ ਤਾਂ ਸਿਰਫ ਤੇ ਸਿਰਫ ਤੁਹਾਡੇ ਅਸ਼ੀਰਵਾਦ ਕਰਕੇ ਹੀ ਹਾਂ, ਕਿਉਂਕਿ ਸਾਨੂੰ ਫ਼ਖ਼ਰ ਹੈ ਕਿ ਸਾਡੇ ਭਵਿੱਖ ਦੀ ਨੀਂਹ ਤੁਸੀਂ ਰੱਖੀ ਸੀ', ਨਾਲ ਬੈਠੇ ਇਕ ਲੰਬੇ ਜਿਹੇ ਕੱਦ ਵਾਲੇ ਨੇ ਕਿਹਾ। ਇਹ ਸਭ ਸੁਣ ਕੇ ਮਾਸਟਰ ਜੀ ਦੀ ਪਤਨੀ ਦੀਆਂ ਅੱਖਾਂ ਵਗ ਤੁਰੀਆਂ ਤੇ ਮਾਸਟਰ ਜੀ ਦੇ ਹੰਝੂ ਵੀ ਲੁਕਾਏ ਨਹੀਂ ਸੀ ਲੁਕ ਰਹੇ।
'ਸਰ, ਤੁਸੀਂ ਸਾਨੂੰ ਬਿਲਕੁਲ ਵੀ ਨਹੀਂ ਸਿਆਣਿਆ।' ਮਾਸਟਰ ਜੀ ਨਾਲ ਖੜ੍ਹੇ ਇਕ ਛੋਟੇ ਜਿਹੇ ਕੱਦ ਵਾਲੇ ਨੇ ਹੈਰਾਨ ਹੋ ਕੇ ਮਾਸਟਰ ਜੀ ਨੂੰ ਕਿਹਾ।
'ਉਹ ਬੱਚਿਓ, ਕਿਵੇਂ ਸਿਆਣਦਾ ਮੈਂ ਥੋਨੂੰ, ਜਦੋਂ ਤੁਸੀਂ ਪੜ੍ਹਦੇ ਹੋਵੋਂਗੇ ਉਸ ਵੇਲੇ ਤੁਸੀਂ ਬਿਨ੍ਹਾਂ ਦਾੜ੍ਹੀ-ਮੁੱਛਾਂ ਦੇ ਸੀ, ਫੁੱਟਦੀ ਜਵਾਨੀ 'ਚ ਸੀ, ਹੁਣ ਤੁਸੀਂ ਵੱਡੇ ਹੋ ਗਏ, ਥੋਡਾ ਮੜੰਗਾ ਬਦਲ ਗਿਆ, ਦਾੜ੍ਹੀ-ਮੁੱਛਾਂ ਵਾਲੇ ਹੋ ਗਏ ਤੇ ਮੈਂ ਬੁੜ੍ਹਾ ਹੋ ਗਿਆ ਨਜ਼ਰ ਵੀ ਕਮਜ਼ੋਰ ਹੋ ਗਈ, ਉਮਰ ਢਲ ਰਹੀ ਆ।' ਮਾਸਟਰ ਜੀ ਭਰੇ ਗਲ ਨਾਲ ਬੋਲੇ।
'ਸੱਚ ਇਹ ਤਾਂ ਅਸੀਂ ਸੋਚਿਆ ਹੀ ਨਹੀਂ' ਪਰੇ ਖੜ੍ਹਾ ਪੈਂਟ-ਸ਼ਰਟ ਕਸੀ ਪਤਲਾ ਜਿਹਾ ਦਿਖਣ ਵਾਲਾ ਬੋਲਿਆ।
ਚਲੋ ਮਾਸਟਰ ਜੀ ਮੈਂ ਦੱਸਦਾਂ ਕੌਣ-ਕੌਣ ਨੇ ਇਹ ਸਭ, ਇਹ ਹੈ ਰੂਬਲ, ਥੋਡਾ ਟਾਪਰ ਸਟੂਡੈਂਟ ਅੱਜ ਕੱਲ੍ਹ ਮੋਹਾਲੀ ਵਿਖੇ ਡਰੱਗ ਇੰਸਪੈਕਟਰ ਹੈ, ਏਹ ਇਕਬਾਲ ਬੈਂਕ ਵਿਚ ਕੈਸ਼ੀਅਰ ਲੱਗਾ ਹੈ, ਤੇ ਇਹ ਜੋਗਿੰਦਰ ਪਾਲ ਅੱਜ ਕੱਲ੍ਹ ਕੰਪਿਊਟਰ ਸਾਫਟਵੇਅਰ ਵਿਚ ਸ਼ਿਖਰਾਂ 'ਤੇ ਹੈ, ਏਹ ਰਾਜਨ ਅੱਜ ਦਾ ਨਾਮੀ ਬਿਲਡਰ, ਏਹ ਕੁਨਾਲ ਦੇਵ ਕਾਲਜ ਪ੍ਰੋਫ਼ੈਸਰ, ਏਹ ਦਮਨਪ੍ਰੀਤ ਇਹ ਵੀ ਬੈਂਕ ਮੈਨੇਜਰ ਹੈ, ਏਹ ਸੰਤੋਸ਼ ਕੁਮਾਰ, ਇਹ ਵੀ ਕਾਲਜ ਵਿਚ ਪ੍ਰੋਫੈਸਰ ਹੈ ਤੇ ਏਹ... ਵਾਰੀ-ਵਾਰੀ ਸਾਰਿਆਂ ਬਾਰੇ ਦੱਸਿਆ।
ਹੁਣ ਜਦੋਂ ਜ਼ਿੰਦਗੀ ਦੀਆਂ ਯਾਦਾਂ ਦੀ ਪਿਛਲੀ ਰੀਲ ਚੱਲੀ ਤਾਂ ਹੌਲੀ-ਹੌਲੀ ਮਾਸਟਰ ਜੀ ਦੀ ਯਾਦਾਸ਼ਤ ਦੀ ਸਾਰੀ ਰੀਲ ਸਾਫ ਹੋ ਗਈ। ਹੁਣ ਮਾਸਟਰ ਜੀ ਦੇ ਚਿਹਰੇ ਆਈ ਬੇਸ਼ੁਮਾਰ ਰੌਣਕ ਦੇਖਣ ਵਾਲੀ ਸੀ ਤੇ ਆਪਣੇ ਪੜ੍ਹਾਏ ਹੋਏ ਵਿਦਿਆਰਥੀਆਂ ਨੂੰ ਏਨੇ ਕਾਮਯਾਬ ਹੋਏ ਦੇਖ ਕੇ ਮਾਸਟਰ ਜੀ ਦਾ ਸੀਨਾ ਚੌੜਾ ਹੋ ਗਿਆ ਤੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਆਪਣੇ-ਆਪ ਹੀ ਖ਼ੁਸ਼ੀ ਦੇ ਹੰਝੂ ਵਗ ਪਏ। ਨਾਲ ਖੜ੍ਹੀ ਮਾਸਟਰ ਜੀ ਦੀ ਪਤਨੀ ਨੇ ਮਾਸਟਰ ਜੀ ਨੂੰ ਦਿਲਾਸਾ ਦੇ ਰਹੀ ਸੀ। ਇਹ ਸਭ ਨਜ਼ਾਰਾ ਕਮਰੇ ਦੇ ਬਾਹਰ ਖੜ੍ਹੀ ਮਾਸਟਰ ਜੀ ਦੀ ਵੱਡੀ ਨੂੰਹ ਸ਼ੰਕੁਤਲਾ ਵੀ ਦੇਖ ਰਹੀ ਸੀ ਪਰ ਸ਼ਰਮਿੰਦਗੀ ਨਾਲ ਭਰੀ ਆਪਣੇ ਸੱਸ-ਸਹੁਰੇ ਕੋਲ ਆਉਣ ਦੀ ਹਿੰਮਤ ਨਹੀਂ ਸੀ ਕਰ ਰਹੀ।
'ਸਰ, ਅਸੀਂ ਅੱਜ ਤੁਹਾਡੇ ਲਈ ਕੁਝ ਲੈ ਕੇ ਆਏ ਹਾਂ, ਵੈਸੇ ਤਾਂ ਜੋ ਤੁਸੀਂ ਸਾਨੂੰ ਦਿੱਤਾ ਹੈ ਉਸ ਬਦਲੇ ਤਾਂ ਅਸੀਂ ਆਪਣੀ ਸਾਰੀ ਜ਼ਿੰਦਗੀ ਹੀ ਥੋਨੂੰ ਕੁਝ ਨਹੀਂ ਦੇ ਸਕਦੇ ਪਰ ਅੱਜ ਤੁਹਾਡੀ ਜਨਮ ਦਿਨ ਹੈ, ਸੋ ਇਸ ਲਈ ਸਾਡੇ ਵੱਲੋ ਇਕ ਨਿਮਾਣੀ ਜਿਹੀ ਭੇਟ ਸਵੀਕਾਰ ਕਰਨੀ, ਉਸ ਨੇ ਗੇਟ ਦੇ ਬਾਹਰ ਖੜ੍ਹੀ ਨਵੀਂ ਐਕਟਿਵਾ ਸਕੂਟਰੀ ਵੱਲ ਇਸ਼ਾਰਾ ਕਰਦਿਆਂ ਕਿਹਾ।'
'ਉਹ ਬੱਚਿਓ, ਤੁਹਾਨੂੰ ਮੇਰਾ ਜਨਮ ਦਿਨ ਅੱਜ ਵੀ ਯਾਦ ਆ, ਏਨੇ ਸਾਲਾਂ ਬਾਅਦ ਵੀ', ਕਹਿ ਕੇ ਮਾਸਟਰ ਜੀ ਨੇ ਸਾਰਿਆਂ ਨੂੰ ਆਪਣੀ ਗਲਵਕੜੀ ਵਿਚ ਲੈ ਲਿਆ।
-ਖਰੜ (ਮੁਹਾਲੀ), ਮੋਬਾਈਲ : 94630-42416
ਜਨਮ ਦਿਨ
ਅਜੀਤ ਡੈਸਕ
26-07-2026