![]()
ਸੀਮਾ ਦੇ ਘਰ ਬੜੇ ਸਾਲਾਂ ਬਾਅਦ ਇਕ ਬੇਟੀ ਨੇ ਜਨਮ ਲਿਆ। ਸਾਰਾ ਪਰਿਵਾਰ ਖੁਸ਼ ਸੀ ਤੇ ਬੜੇ ਪਿਆਰ ਨਾਲ ਉਸਦੀ ਦੇਖਭਾਲ ਹੋ ਰਹੀ ਸੀ। ਇਕ ਦਿਨ ਸ਼ਾਮ ਦੇ ਸਮੇਂ ਅਚਾਨਕ ਹੀ ਬੇਟੀ ਪੀਹੂ ਬਿਮਾਰ ਹੋ ਗਈ। ਥੋੜ੍ਹੇ ਘਰ ਨੁਸਖੇ ਜਿਹੇ ਕਰ ਕੇ ਵੇਖਿਆ, ਕੋਈ ਫਰਕ ਨਾ ਪਿਆ ਤਬੀਅਤ ਜ਼ਿਆਦਾ ਵਿਗੜਨ ਲੱਗੀ, ਡਾਕਟਰ ਕੋਲ ਵਿਖਾਉਣ ਲੈ ਗਏ, ਪਰ ਜਿਸ ਡਾਕਟਰ ਕੋਲ ਗਏ, ਉਹ ਨਹੀਂ ਮਿਲਿਆ, ਦੂਜੇ ਕੋਲ ਗਏ ਉਸਨੂੰ ਸਮਝ ਨਹੀਂ ਲੱਗੀ। ਉਸਨੇ ਬੱਚੀ ਨੂੰ ਪਟਿਆਲੇ ਰਜਿੰਦਰਾ ਹਸਪਤਾਲ ਲਿਜਾਣ ਲਈ ਕਿਹਾ। ਛੋਟੇ ਕਸਬਿਆਂ ਵਿਚ ਡਾਕਟਰ ਵੀ ਘੱਟ ਹੀ ਹੁੰਦੇ ਹਨ। ਇਸ ਤਰ੍ਹਾਂ ਕਰਦਿਆਂ-ਕਰਦਿਆਂ ਰਾਤ ਜ਼ਿਆਦਾ ਹੋ ਗਈ ਤੇ ਤਕਲੀਫ ਜ਼ਿਆਦਾ ਵਧਣ ਲੱਗੀ। ਸੀਮਾ ਦਾ ਪਤੀ ਵਿਕਾਸ ਟੈਕਸੀ ਸਟੈਂਡ ਗਿਆ। ਕੋਈ ਇਕ-ਅੱਧ ਬੰਦਾ ਸੀ ਜੋ ਪਟਿਆਲੇ ਜਾਣ ਲਈ ਨਹੀਂ ਮੰਨਿਆ। ਵਾਪਸ ਆਉਣ ਲੱਗੇ ਵਿਕਾਸ ਨੂੰ ਇਕ ਪਰਵਾਸੀ ਡਰਾਈਵਰ ਨੇ ਆਵਾਜ਼ ਮਾਰੀ... ਸਾਹਬ ਕਹਾਂ ਜਾਨਾ ਹੈ ਹਮ ਚਲੇਂਗੇ। ਵਿਕਾਸ ਨੂੰ ਖੁਸ਼ੀ ਤਾਂ ਹੋਈ ਪਰ ਹੈਰਾਨੀ ਵੀ ਹੋਈ ਕਿਉਂਕਿ ਉਹ ਪਰਵਾਸੀ ਮਜ਼ਦੂਰ ਜਿਹਾ ਲਗਦਾ ਸੀ ਜਿਵੇਂ ਹੁਣੇ ਹੀ ਕੰਮ ਤੋਂ ਆਇਆ ਹੋਵੇ, ਪਰ ਡੁੱਬਦੇ ਨੂੰ ਤਿਨਕੇ ਦਾ ਸਹਾਰਾ।
'ਹਮ ਲੋਗ ਤੋ ਕਾਮ ਕਰਨੇ ਆਏ ਹੈਂ ਅਗਰ ਕਾਮ ਨਹੀਂ ਕਰੇਂਗੇ ਤੋ ਖਾਏਂਗੇ ਕਹਾਂ ਸੇ ਸਾਹਬ... ਤੁਮ ਘਬਰਾਨਾ ਮਤ ਪਹਿਲੇ ਏਕ ਬਾਰ ਆਏ ਥੇ ਹਮ ਦਿਨ ਮੇ ਪਟਿਆਲਾ.... ਰਾਤ ਹੈ ਤੋ ਕਆ ਹੂਆ ਰਾਸਤਾ ਸਾਫ ਹੈ ਪਹੁੰਚ ਹੀ ਜਾਏਂਗੇ ਕੁਛ ਨਹੀਂ ਹੋਗਾ ਆਪਕੀ ਗੁਡੀਆ ਕੋ।' ਰਸਤੇ ਵਿਚ ਜਾਂਦਿਆ ਡਰਾਈਵਰ ਗੱਲਾਂ ਕਰ ਰਿਹਾ ਸੀ ਪਰ ਵਿਕਾਸ ਦਾ ਕੋਈ ਖਾਸ ਧਿਆਨ ਨਹੀਂ ਸੀ ਉਸ ਦੀਆਂ ਗੱਲਾਂ ਵਿਚ। ਉਸ ਨੂੰ ਸਿਰਫ ਪਟਿਆਲੇ ਪਹੁੰਚਣ ਦੀ ਕਾਹਲ ਸੀ। ਆਖਰ ਹਸਪਤਾਲ ਆ ਗਿਆ ਤੇ ਗੱਡੀ ਸਵਾਰੀਆਂ ਉਤਾਰ ਕੇ ਵਾਪਸ ਚਲੀ ਗਈ।
ਸਮਾਂ ਖੰਬ ਲਾ ਕੇ ਉੱਡਦਾ ਰਿਹਾ, 22-23 ਸਾਲਾਂ ਬਾਅਦ ਇਕ ਦਿਨ ਵਿਕਾਸ ਦਫਤਰ ਦੇ ਲੰਚ ਸਮੇਂ ਵਿਚ ਬਾਹਰ ਇਕ ਹੋਟਲ 'ਤੇ ਆਪਣੇ ਸਾਥੀਆਂ ਨਾਲ ਚਾਹ ਪੀ ਰਿਹਾ ਸੀ, ਇਕ ਗੱਡੀ ਆ ਕੇ ਰੁਕੀ ਜਿਸਨੂੰ ਇਕ ਪੰਜਾਬੀ ਚਲਾ ਰਿਹਾ ਸੀ। ਉਹ ਆਪ ਉਤਰ ਕੇ ਪਿਛਲੀ ਖਿੜਕੀ ਵੱਲ ਜਾ ਕੇ ਕਹਿ ਰਿਹਾ ਸੀ, ਸਾਹਬ ਕੁਝ ਖਾ-ਪੀ ਲਓ ਉਤਰਕੇ ਕੁਝ ਖੁੱਲ੍ਹੇ 'ਚ ਲੱਤਾਂ ਸਿੱਧੀਆਂ ਕਰ ਲਓ ਆਜੋ ਉਤਰ ਆਓ...ਸਫਰ ਹਾਲੇ ਬਹੁਤ ਹੈ ਥਕਾਵਟ ਮਹਿਸੂਸ ਨਹੀਂ ਹੋਵੇਗੀ ਜੇਕਰ ਥੋੜ੍ਹਾ ਰੁਕ ਜਾਂਵਾਗੇ ਤਾਂ। ਵਿਕਾਸ ਦਾ ਧਿਆਨ ਇਕਦਮ ਉਸ ਗੱਡੀ ਵੱਲ ਚਲਾ ਗਿਆ ਤੇ ਬੜੀ ਉਤਸੁਕਤਾ ਨਾਲ ਆਲੀਸ਼ਾਨ ਗੱਡੀ ਵੇਖਣ ਲੱਗਾ। ਗੱਡੀ ਵਿਚੋਂ ਜਿਹੜੀ ਜੋੜੀ ਬਾਹਰ ਆਈ ਉਹ ਪਹਿਰਾਵੇ ਤੇ ਬੋਲੀ ਤੋਂ ਪਰਵਾਸੀ ਲੱਗ ਰਹੇ ਸਨ ਜਿਨ੍ਹਾਂ ਨੂੰ ਵੇਖ ਕੇ ਵਿਕਾਸ ਬੜਾ ਹੈਰਾਨ ਹੋਇਆ ਤੇ 23 ਸਾਲ ਪਹਿਲਾਂ ਦੀ ਬੇਟੀ ਬਿਮਾਰ ਵਾਲੀ ਘਟਨਾ ਯਾਦ ਕਰਦਾ ਹੈ ਤੇ ਏਸ ਬਦਲਾਅ ਵਾਰੇ ਬੜੀ ਦੇਰ ਤੱਕ ਸੋਚਦਾ ਰਹਿੰਦਾ ਹੈ।
-(ਮੈਥ ਮਿਸਟ੍ਰੈਸ)
ਸ.ਕੰ.ਸ.ਸ.ਸ.ਨਿ.ਪਾ.ਹਾ.ਕ. ਪਟਿਆਲਾ।
ਮੋਬਾਈਲ : 94177-38737