15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਦੋ ਮਿੰਨੀ ਕਹਾਣੀਆਂ

ਦੋ ਮਿੰਨੀ ਕਹਾਣੀਆਂ

ਅਜੀਤ ਡੈਸਕ 15-08-2026

ਆਪਣਾ ਆਪਣਾ ਸਵਰਗ
'ਮੈਂ ਜ਼ਰਾ ਉਧਰ, ਜਿਥੇ ਕੋਠੀ ਬਣ ਰਹੀ ਐ, ਚੱਕਰ ਮਾਰ ਆਵਾਂ, ਫਿਰ ਆ ਕੇ ਨਹਾਵਾਂਗਾ, ਤਿਆਰ ਹੋਵਾਂਗਾ', ਕਰਨਲ ਵਰਮਾ ਕਹਿ ਹੀ ਰਹੇ ਸੀ ਕਿ ਉਨ੍ਹਾਂ ਦੀ  ਪਤਨੀ ਕਹਿਣ ਲੱਗੀ, 'ਠੀਕ ਤਰ੍ਹਾਂ ਨਾਲ ਤਿਆਰ ਹੋ ਕੇ ਜਾਓ। ਗਰੀਨ ਐਵੇਨਿਊ ਪੌਸ਼ ਇਲਾਕਾ ਐ, ਅੱਛਾ ਨਹੀਂ ਲਗਦਾ।
'ਓਏ ਠੀਕ ਹੈ ਇਸੇ ਤਰ੍ਹਾਂ, ਉਥੇ ਧੂੜ ਉੱਡਦੀ ਐ, ਕਿਤੇ ਪਲਸਤਰ ਚੱਲ ਰਹੇ ਨੇ, ਕਿਧਰੇ ਫਰਸ਼ ਲੱਗ ਰਹੇ ਨੇ, ਸੋ ਮੈਂ ਹੋ ਕੇ ਆਇਆ। ਨਾਲੇ ਰਾਖੀ ਵਾਸਤੇ ਇਕ ਨਵਾਂ ਬੰਦਾ ਰੱਖਿਐ, ਫੈਮਿਲੀ ਵਾਲਾ, ਜ਼ਰਾ ਦੇਖਾਂ, ਠੀਕ ਸੈੱਟ ਹੋ ਗਿਐ?'
ਕਹਿ ਕੇ ਵਰਮਾ ਸਾਬ੍ਹ ਕਾਰ 'ਚ ਸਵਾਰ ਹੋ, ਜਿਥੇ ਕੋਠੀ ਦੀ ਉਸਾਰੀ ਚਲ ਰਹੀ ਸੀ, ਉਥੇ ਪਹੁੰਚ ਗਏ।
ਅੰਦਰ ਦਾਖਲ ਹੁੰਦਿਆਂ ਹੀ ਉਸ ਪਾਸੇ ਜਿੱਧਰ ਨਵੇਂ ਰੱਖੇ ਬੰਦੇ ਨੂੰ ਇਕ ਅੱਧ ਬਣੇ, ਪਰ ਪਲਸਤਰ ਹੋ ਚੁੱਕੇ ਕਮਰੇ 'ਚ ਸਮਾਨ ਰੱਖ ਲੈਣ ਲਈ ਇਜਾਜ਼ਤ ਦਿੱਤੀ ਸੀ, ਉਧਰੋਂ ਉਹਦੀ ਘਰ ਵਾਲੀ ਦੀ ਆਵਾਜ਼ ਆ ਰਹੀ ਸੀ। ਉਹ ਆਪਣੇ ਸਾਲ ਡੇਢ ਸਾਲ ਦੇ ਬੱਚੇ ਨੂੰ, ਤੁਰਦੇ ਦੇਖ ਕੇ, ਖਿਡਾਉਂਦਿਆਂ ਆਪਣੇ ਘਰ ਵਾਲੇ ਨੂੰ ਮੁਖਾਤਿਬ ਹੁੰਦਿਆਂ ਕਹਿ ਰਹੀ ਸੀ, 'ਹਮ ਤੋ ਗਾਓਂ ਸੇ ਆਏ, ਓਰ ਯੇ ਕੋਠੀ ਮਿਲ ਗਈ ਕਹਿਨੇ ਕੋ, ਮੁੰਨਾ ਕਿਤਨਾ ਭਾਗਸ਼ਾਲੀ ਹੈ। ਹਮ ਤੋ ਜਾਨੋ ਸਵਰਗ ਮੈਂ ਆ ਗਏ। ਪਹਿਲੇ ਵਾਲੀ ਜਗ੍ਹਾ ਤੋ ਕਾਮ ਕੀ ਨਾ ਥੀ।'
ਪਰਨਾਲਾ ਉਥੇ ਹੀ
ਅੱਜ ਮਾਤ ਭਾਸ਼ਾ ਦਿਵਸ ਸੀ। ਸੇਂਟ ਪਾਲ ਕਾਨਵੈਂਟ ਸਕੂਲ ਵਿਖੇ ਪਿਛਲੇ ਤਿੰਨ-ਚਾਰ ਦਿਨਾਂ ਤੋਂ ਮਾਤ ਭਾਸ਼ਾ ਪੰਜਾਬੀ ਦਿਵਸ ਮਨਾਉਣ ਲਈ ਖੂਬ ਤਿਆਰੀਆਂ ਚਲ ਰਹੀਆਂ ਸਨ। ਬੱਚਿਆਂ ਨੂੰ ਚਾਰਟ ਅਤੇ ਹੋਰ ਸਹਾਇਕ ਮਾਡਲ ਆਦਿ ਭਾਸ਼ਾ ਦੀ ਪ੍ਰਫੁੱਲਤਾ ਲਈ ਬਣਾ ਕੇ ਲਿਆਉਣ ਦੀਆਂ ਡਿਊਟੀਆਂ ਲਾਈਆਂ ਗਈਆਂ ਸਨ।
ਪੰਜਾਬੀ ਵਿਸ਼ਵ ਵਿਦਿਆਲਾ ਤੋਂ ਅੱਜ ਦੇ ਸਮਾਗਮ 'ਚ ਕੁੰਜੀਵਤ ਭਾਸ਼ਨ ਦੇਣ ਲਈ ਪੰਜਾਬੀ ਵਿਭਾਗ ਦੇ ਮੁਖੀ ਤੇ ਭਾਸ਼ਾ ਵਿਗਿਆਨੀ ਡਾ. ਐਮ.ਐਸ. ਆਨੰਦ ਜੀ ਨੂੰ ਸੱਦਿਆ ਗਿਆ ਸੀ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਡਾ. ਚੇਤਨ ਸ਼ਰਮਾ ਕਰ ਰਹੇ ਸਨ।
ਪ੍ਰਿੰਸੀਪਲ ਸਾਹਿਬ ਨੇ ਆਪਣੇ ਸਦਾਰਤੀ ਭਾਸ਼ਨ 'ਚ ਕੁੰਜੀਵਤ ਭਾਸ਼ਨ ਦੇਣ ਵਾਲੇ ਭਾਸ਼ਾ ਵਿਗਿਆਨੀ ਡਾ. ਆਨੰਦ ਵਲੋਂ ਮਾਂ-ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਸੁਝਾਏ ਸਾਰੇ ਮੁੱਦਿਆਂ ਪ੍ਰਤੀ ਪ੍ਰਤੀਬੱਧਤਾ ਜਤਾਉਂਦਿਆਂ ਹਰ ਹਾਲ ਯਤਨਸ਼ੀਲ ਹੋਣ ਦਾ ਵਿਸ਼ਵਾਸ ਦਿਵਾਇਆ। ਸਮਾਗਮ ਸਫਲਤਾ ਸਹਿਤ ਸੰਪੰਨ ਹੋਇਆ।
ਉਪਰੰਤ ਆਪਣੇ ਦਫਤਰ 'ਚ ਬੈਠੇ ਹੀ ਸੀ ਕਿ ਆਫਿਸ ਸੁਪਰਡੈਂਟ ਉਨ੍ਹਾਂ ਵਿਦਿਆਰਥੀਆਂ ਦੀ ਲਿਸਟ ਲੈ ਕੇ ਜੁਰਮਾਨਾ ਲਵਾਉਣ ਲਈ ਪ੍ਰਿੰਸੀਪਲ ਸਾਹਿਬ ਕੋਲ ਲਿਆਇਆ, ਜਿਹੜੇ ਗਏ ਹਫ਼ਤੇ ਸਕੂਲ 'ਚ ਪੀਰੀਅਡਾਂ ਦੌਰਾਨ ਪੰਜਾਬੀ ਬੋਲਦੇ ਦੇਖੇ ਗਏ ਸਨ। ਕਿਉਂਕਿ ਕਾਨਵੈਂਟ ਸਕੂਲ ਹੋਣ ਕਰਕੇ ਅੰਗਰੇਜ਼ੀ ਵਿਚ ਹੀ ਆਪਸ ਵਿਚ ਗੱਲਬਾਤ ਕਰਨ ਦੇ ਆਦੇਸ਼ ਸਨ।
ਪ੍ਰਿੰਸੀਪਲ ਸਾਹਿਬ ਨੇ ਨਿਝੱਕੇ ਹਰ  ਹਫਤੇ ਵਾਂਗ ਦੋਸ਼ੀ ਵਿਦਿਆਰਥੀਆਂ ਨੂੰ ਜੁਰਮਾਨਾ ਜੜ ਦਿੱਤਾ।
-ਮੋਬਾਈਲ : 98155-09390

ਪਿਛਲੀ ਖ਼ਬਰ ਸਮਾਂ ... ਅਗਲੀ ਖ਼ਬਰ ਪਿੰਡਾਂ ਆਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।