ਕੰਡਕਟਰ ਵਲੋਂ ਦਿੱਤੀ ਟੁੱਟਵੀਂ ਸੀਟੀ ਨਾਲ ਬੱਸ ਰਫ਼ਤਾਰ ਫੜਨ ਲੱਗੀ | ਜਿੱਥੇ ਮੈਂ ਖੜ੍ਹਾ ਸੀ ਮੇਰੇ ਸੱਜੇ ਹੱਥ ਤਿੰਨਾਂ ਵਾਲੀ ਸੀਟ ਉੱਤੇ ਵਿਚਕਾਰ ਬੈਠੀ ਔਰਤ ਕਦੇ ਕਦਾਈਾ ਮੇਰੇ ਵੱਲ ਇਉਂ ਗਹੁ ਨਾਲ ਵੇਖ ਰਹੀ ਸੀ ਜਿਵੇਂ ਮੇਰੀ ਪਛਾਣ ਕਰ ਰਹੀ ਹੋਵੇ |

ਬੱਸ ਜਦੋਂ ਗੁਰੂਦੁਆਰਾ ਮੰਜੀ ਸਾਹਿਬ ਕੋਟਾਂ ਅੱਗੋਂ ਗੁਜ਼ਰ ਰਹੀ ਸੀ ਤਾਂ ਮੈਂ ਸ਼ਰਧਾ ਭਾਵਨਾ ਤਹਿਤ ਉੱਧਰ ਵੱਲ ਮੁੱਖ ਘੁਮਾ ਅਦਬ ਸਤਿਕਾਰ ਸਹਿਤ ਨਾਲ ਝੁਕਾਇਆ |
ਹੁਣ ਉਸ ਔਰਤ ਨੇ ਮੇਰੀ ਪੱਕੀ ਪਛਾਣ ਕਰ ਲਈ ਸੀ | ਉਹ ਆਪ ਥੋੜ੍ਹਾ ਖਿਸਕ ਕੇ ਨਾਲ ਬੈਠੇ ਨੌਜਵਾਨ ਨੂੰ ਬੋਲੀ - 'ਬੇਟਾ ਤੂੰ ਜ਼ਰਾ ਪਾਸਾ ਵੱਟ ਲੈ ਆਪਾਂ ਵੀਰ ਜੀ ਨੂੰ ਵੀ ਐਡਜਸਟ ਕਰ ਲੈਂਦੇ ਆਂ |' ਉਦੋਂ ਹੀ ਨੌਜਵਾਨ ਤੁਰੰਤ ਖੜ੍ਹਾ ਹੋ ਮੈਨੂੰ ਸੰਬੋਧਿਤ ਹੋ ਬੋਲਿਆ, 'ਬੈਠੋ ਅੰਕਲ ਜੀ ਮੇਰਾ ਤਾਂ ਅੱਡਾ ਆ ਗਿਆ ' ਤੇ ਉਹ ਉੱਠ ਕੇ ਤਾਕੀ ਵੱਲ ਹੋ ਤੁਰਿਆ |
ਮੇਰੇ ਸੀਟ ਉੱਤੇ ਬੈਠਦਿਆਂ ਹੀ ਉਸ ਬੀਬੀ ਨੇ ਗੁਰ-ਫ਼ਤਹਿ ਬੁਲਾ ਮੇਰਾ ਸਵਾਗਤ ਕੀਤਾ | ਮੈਂ ਵੀ ਨਿਮਰਤਾ ਸਹਿਤ ਹੱਥ ਜੋੜ ਉੱਤਰ ਦਿੱਤਾ |
'ਵੀਰ ਜੀ ਤੁਸੀਂ ਲੇਖਕ ਹੋ ਨਾ ---?' ਉਸ ਭਰੋਸੇ ਜਿਹੇ ਨਾਲ ਪੁੱਛਿਆ |
'ਭੈਣ ਜੀ ਕਦੇ-ਕਦਾਈਾ ਲਿਖ ਲੈਂਦਾ ਹਾਂ |' ਮੈਂ ਉੱਤਰ ਦਿੱਤਾ | ਉਸ ਗੱਲ ਅੱਗੇ ਤੋਰੀ 'ਮੈਂ ਪਿਛਲੇ ਐਤਵਾਰ ਅਖ਼ਬਾਰ ਵਿਚ ਤੁਹਾਡੀ ਕਹਾਣੀ 'ਮਾਂ ਦਾ ਕਰਜ਼' ਪੜ੍ਹੀ ਸੀ, ਨਾਲ ਹੀ ਤੁਹਾਡੀ ਫੋਟੋ ਵੀ ਛਪੀ ਹੋਈ ਸੀ | ਉਹ ਤਾਂ ਵੀਰ ਜੀ ਮੈਨੂੰ ਹੂ-ਬ-ਹੂ ਮੇਰੀ ਮਾਂ ਦੀ ਹੀ ਕਹਾਣੀ ਲੱਗੀ ਸੀ | ਇਉਂ ਹੀ ਮੇਰੀ ਮਾਂ ਵੀ ਮੇਰੀ ਗੋਦ ਵਿਚ ਹੀ ਰੱਬ ਨੂੰ ਪਿਆਰੀ ਹੋਈ ਸੀ | ਮੈਂ ਕਹਾਣੀ ਪੜ੍ਹਦਿਆਂ ਮਾਂ ਦੇ ਵਿਛੋੜੇ ਦੇ ਵੈਰਾਗ 'ਚ ਭਾਵੁਕ ਹੋ ਕਿੰਨਾ ਚਿਰ ਹੀ ਹੰਝੂ ਕੇਰ ਮਨ ਹੌਲਾ ਕਰਦੀ ਰਹੀ ਸੀ | ਮੈਂ ਉਦੋਂ ਤੁਹਾਡੀ ਕਲਮ ਦੀ ਸਲਾਮਤੀ ਅਤੇ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦਿਆਂ ਤੁਹਾਨੂੰ ਫ਼ੋਨ ਵੀ ਕੀਤਾ ਸੀ |'
'ਭੈਣ ਜੀ ਸ਼ੁੱਭਕਾਮਨਾਵਾਂ ਲਈ ਤੁਹਾਡਾ ਹਾਰਦਿਕ ਧੰਨਵਾਦ ਆਖ ਮੈਂ ਸਿਰ ਝੁਕਾਇਆ |
ਇੰਨੇ ਨੂੰ ਮੇਰਾ ਅੱਡਾ ਆ ਚੁੱਕਾ ਸੀ | ਮੈਂ ਸੀਟ ਤੋਂ ਉੱਠਿਆ ਤੇ ਉਸ ਨੇ ਵੀ ਨਾਲ ਬੈਠੀ ਮੁਟਿਆਰ ਦਾ ਹੱਥ ਫੜ ਉਠਾ ਕੇ ਮੇਰੇ ਪਿੱਛੇ ਹੀ ਉਤਰਨਾ ਸ਼ੁਰੂ ਕੀਤਾ, ਕਿਉਂਕਿ ਉਨ੍ਹਾਂ ਵੀ ਸਰਹਿੰਦ ਦੀਆਂ ਹੀ ਟਿਕਟਾਂ ਖਰੀਦੀਆਂ ਸਨ | ਹੁਣ ਉਹ ਅਪੱਣਤ ਜਿਹੀ ਪਝਗਟਾਉਂਦਿਆਂ ਸਹਿਜਤਾ ਨਾਲ ਬੋਲੀ |'
'ਆਓ ਵੀਰ ਜੀ ਹੁਣ ਘਰ ਨੂੰ ਚਲਦੇ ਆਂ, ਚਾਹ ਪੀ ਕੇ ਜਾਣਾ ਸਰਦੀ ਬਹੁਤ ਐ |' ਉਸ ਨੇ ਮੇਰੇ ਲੇਖਕ ਹੋਣ ਬਾਰੇ ਆਪਣੀ ਧੀ ਨੂੰ ਜਾਣ-ਪਛਾਣ ਕਰਵਾਉਂਦਿਆਂ ਸਾਹਮਣੇ ਦਿਸਦੇ ਚੁਬਾਰੇ ਵਾਲੇ ਘਰ ਵੱਲ ਇਸ਼ਾਰਾ ਕਰ ਆਪਣੇ ਘਰ ਦੀ ਪਛਾਣ ਵੀ ਦੱਸੀ |
'ਭੈਣ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਅੱਜ ਕੁਵੇਲਾ ਹੋ ਗਿਆ ਫੇਰ ਕਦੇ ਸਹੀ ' ਆਖ ਮੈਂ ਆਪਣੇ ਰਾਹ ਪੈ ਗਿਆ |
ਹੁਣ ਮੈਨੂੰ ਤੁਰੇ ਜਾਂਦੇ ਨੂੰ ਮੇਰੇ ਬੈਗ 'ਚ ਪਿਆ ਅੱਜ ਦੀ ਸਾਹਿਤਕ ਸਭਾ 'ਚ ਮਿਲਿਆ 'ਸਨਮਾਨ ਚਿੰਨ੍ਹ' ਤੁੱਛ ਮਾਤਰ ਜਾਪ ਰਿਹਾ ਸੀ, ਕਿਉਂਕਿ ਕਿਸੇ ਅਜਨਬੀ ਸ਼ਖ਼ਸੀਅਤ ਵਲੋਂ ਦਿੱਤਾ ਗਿਆ ਐਨਾ ਦਿਲੀ-ਪਿਆਰ/ਸਤਿਕਾਰ ਮੇਰੇ ਲਈ ਸਭ ਤੋਂ ਵੱਡਾ ਤੇ ਬੇਸ਼ਕੀਮਤੀ ਪੁਰਸਕਾਰ ਸੀ , ਜਿਸ ਨੇ ਮੇਰੀ ਰੂਹ ਨੂੰ ਧੁਰ ਅੰਦਰ ਤਕ ਸਰਸ਼ਾਰ ਕਰ ਦਿੱਤਾ ਸੀ |
-ਪਿੰਡ ਬਧੌਛੀ ਕਲਾਂ (ਫਤਹਿਗੜ੍ਹ ਸਾਹਿਬ)
ਫ਼ੋਨ 70098-78336