11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

11-10-2026

11-10-2026

ਅਜੀਤ ਡੈਸਕ 11-10-2026

ਖੁਸ਼ੀਆਂ 

ਵਾਲਾ ਰਾਹ 

ਲੇਖਕ : ਸੰਜੀਵ ਸਿੰਘ ਸੈਣੀ 

ਪ੍ਰਕਾਸ਼ਕ : ਪੁਲਾਂਘ ਪ੍ਰਕਾਸ਼ਨ ਬਰਨਾਲਾ

ਮੁੱਲ : 250 ਰੁਪਏ, ਸਫ਼ੇ : 120

  

ਸੰਪਰਕ : 78889-66168

 
 ਲੇਖਕ ਇਕ ਸਿਰੜੀ ਲੇਖਕ ਹੈ ਤੇ ਨਿਰੰਤਰ ਆਪਣੀ ਕਲਮ ਵਾਹ ਰਿਹਾ ਹੈ | ਇਸ ਪੁਸਤਕ ਵਿਚ ਉਸ ਆਪਣੇ 25 ਨਿੱਕੇ ਨਿੱਕੇ ਲੇਖਕ ਸ਼ਾਮਿਲ ਕੀਤੇ ਹਨ | ਸੰਘਰਸ਼ ਦਾ ਦੂਜਾ ਨਾਂ ਹੈ 'ਜ਼ਿੰਦਗੀ' ਪਾਠਕ ਦਾ ਧਿਆਨ ਖਿੱਚਦਾ ਹੈ ਤੇ ਆਪਣੇ ਸਿਰਲੇਖ ਵਾਂਗ ਹੀ ਹਰੇਕ ਵਿਅਕਤੀ ਨੂੰ  ਸੰਘਰਸ਼ ਲਈ ਪ੍ਰੇਰਦਾ ਹੈ |ਚੂੰਕਿ ਸੰਘਰਸ਼ ਹੀ ਜ਼ਿੰਦਗੀ ਹੈ | ਜਿਹੜਾ ਵੀ ਸ਼ਖ਼ਸ ਜ਼ਿੰਦਗੀ ਵਿਚ ਨਿਰੰਤਰ ਸੰਘਰਸ਼ ਕਰਦਾ ਹੈ, ਉਹ ਆਪਣੇ ਮਕਸਦ ਦੀ ਪੂਰਤੀ ਵਿਚ ਸਫਲ ਹੁੰਦਾ ਹੈ | ਕਿਸਮਤ ਤੇ ਮੁਕੱਦਰ ਜਿਹੇ ਲਫਜ਼ਾਂ ਨੂੰ  ਵੀ ਉਹ ਪੁੱਠਾ ਗੇੜ ਦੇ ਕੇ ਪੜਾਅ ਦਰ ਪੜਾਅ ਜੂਝਦਿਆਂ ਆਪਣੀ ਮੰਜ਼ਿਲ ਸਰ ਕਰ ਲੈਂਦਾ ਹੈ |
'ਜ਼ਿੰਦਗੀ ਜਿਊਣ ਦਾ ਚੱਜ' ਲੇਖ 'ਚ ਵੀ ਲੇਖਕ 'ਚੱਜ ਦੀਆਂ ਗੱਲਾਂ' ਕਰਨ ਦੇ ਯਤਨ ਵਿਚ ਰਹਿੰਦਾ ਹੈ | ਉਸ ਦਾ ਮੰਨਣਾ ਹੈ ਕਿ ਹਰੇਕ ਵਿਅਕਤੀ ਵਿਚ ਕੁਝ ਗੁਣ ਵੀ ਹੁੰਦੇ ਹਨ ਜਿਨ੍ਹਾਂ ਨੂੰ  ਪਛਾਣਨ ਦੀ ਜ਼ਰੂਰਤ ਹੁੰਦੀ ਹੈ | ਇਵੇਂ ਬੰਦਾ ਬਰਾਬਰ ਅੱਗੇ ਵਧਦਾ ਜਾਂਦਾ ਹੈ ਤੇ ਦੂਸਰੇ ਵੀ ਉਸ ਨੂੰ  ਪਿਆਰ ਤੇ ਇੱਜ਼ਤ ਦੇਣ ਲਗਦੇ ਹਨ | ਛੱਡ ਦਿੱਤਾ ਜ਼ਿੰਦਗੀ ਦਾ ਪੱਲਾ ਤੇ ਰੱਜ ਕੇ ਮਾਣੀਏ ਜ਼ਿੰਦਗੀ ਵੀ ਪਾਠਕ ਪੜ੍ਹ ਕੇ ਕੁਝ ਗ੍ਰਹਿਣ ਕਰ ਸਕਦੇ ਹਨ | ਸਾਰੇ ਹੀ ਲੇਖ ਕਲਮਕਾਰ ਦੀ ਸੱਚੀ ਸੁੱਚੀ ਆਸਥਾ ਦੇ ਲਖਾਇਕ ਹਨ | ਉਹ ਇੱਕ ਚੰਗਾ ਤੇ ਤੰਦਰੁਸਤ ਸਮਾਜ ਦੇਖਣ ਦਾ ਚਾਹਵਾਨ ਹੈ | ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਹੀ ਪਾਠਕ ਇਨ੍ਹਾਂ ਲੇਖਾਂ ਨੂੰ  ਪੜ੍ਹ ਲਵੇਗਾ ਤੇ ਕਝ ਨਾ ਕੁਝ ਹਾਸਲ ਵੀ ਕਰ ਸਕਦਾ ਹੈ |ਲੇਖਕ ਅੱਗਿਓਾ ਵੀ ਕੁਝ ਵਧੀਆ ਹੀ ਕਰੇਗਾ ਤੇ ਗੰਭੀਰਤਾ ਨਾਲ ਅੱਗੇ ਵਧੇਗਾ |
 
-ਮੋਬਾਈਲ : 98145-07693 

 

ਮੈਂ ਮਰਾਂ ਕਿ ਨਾ? 

ਲੇਖਕ : ਇੰਜੀ: ਇਕਬਾਲ ਸਿੰਘ 

ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ ਅੰਮਿ੍ਤਸਰ

ਮੁੱਲ : 200 ਰੁਪਏ, ਸਫ਼ੇ :  83

                                                                                                             

ਸੰਪਰਕ : 98552-29482

 
12 ਕਹਾਣੀਆਂ ਤੇ 12 ਮਿੰਨੀ ਕਹਾਣੀਆਂ ਦੇ ਇਸ ਸੰਗਿ੍ਹ ਵਿਚ ਲੇਖਕ ਆਪਣੀ ਪੁਸਤਕ ਰੂਪ ਵਿਚ ਹਾਜ਼ਰੀ ਲਗਾ ਰਿਹਾ ਹੈ | ਇਸ ਸੰਗਿ੍ਹ ਦੀ ਇਕ ਕਹਾਣੀ 'ਪੁਆੜੇ ਦੀ ਜੜ੍ਹ' ਇਕ ਅਜਿਹੇ ਯੁਵਕ ਦੀ ਕਹਾਣੀ ਹੈ ਜਿਹੜਾ ਕਿ ਮਾੜੀ ਸੰਗਤ ਵਿਚ ਪੈ ਕੇ ਨਸ਼ੇੜੀ ਬਣ ਜਾਂਦਾ ਹੈ ਤੇ ਇਕ ਘਿਨਾਉਣੀ ਸਾਜਿਸ਼ ਵੀ ਘੜ ਲੈਂਦਾ ਹੈ | ਟਾਈਟਲ ਕਹਾਣੀ ਇਕ ਅਜਿਹੇ ਪਿਤਾ ਦੀ ਕਹਾਣੀ ਹੈ ਜਿਸ ਨੂੰ  ਆਪਣੀ ਬੱਚਿਆਂ ਦਾ ਸੁੱਖ ਹਾਸਿਲ ਨਹੀਂ ਹੁੰਦਾ | ਇੱਕ ਕਹਾਣੀ ਡਾਕੂਆਂ ਨਾਲ ਵੀ ਸੰਬੰਧ ਰੱਖਦੀ ਹੈ ਜਿਹੜੀ ਇੱਕ ਅਜਿਹੀ ਮਿਲਟਰੀ ਮੈਨ ਦੀ ਦਲੇਰੀ ਪੇਸ਼ ਕਰਦੀ ਹੈ ਜਿਹੜਾ ਲੁਟੇਰਿਆਂ ਦਾ ਮੁਕਾਬਲਾ ਕਰਦਾ ਹੈ ਤੇ ਉਨ੍ਹਾਂ ਨੂੰ  ਮਾਰ ਸੁੱਟਦਾ ਹੈ | ਕਹਾਣੀਆਂ ਰਵਾਇਤੀ ਅੰਦਾਜ਼ ਵਿਚ ਲਿਖੀਆਂ ਗਈਆਂ ਹਨ ਤੇ ਪਾਠਕ ਨੂੰ  ਨਸੀਹਤ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ | ਮਿੰਨੀ ਕਹਾਣੀਆਂ ਵੀ ਲੇਖਕ ਦੇ ਜੀਵਨ ਤੇ ਉਸ ਦੇ ਆਲੇ-ਦੁਆਲੇ ਨਾਲ ਮੇਲ ਖਾਂਦੀਆਂ ਹਨ | 'ਕਾਂ ਦੀ ਸਿਆਣਪ' ਪਰੰਪਰਿਕ ਢੰਗ ਨਾਲ ਪੇਸ਼ ਹੁੰਦੀ ਹੈ ਤੇ 'ਸੱਚੀ ਮਾਂ ਝੂਠੀ ਮਾਂ' ਮਿੰਨੀ ਕਹਾਣੀ ਆਪਣੇ ਸਿਰਲੇਖ ਨਾਲ ਇੱਕਮਿੱਕ ਹੁੰਦੀ ਪਾਠਕ ਨੂੰ  ਮਨਾਉਣ ਦੇ ਆਹਰ ਵਿਚ ਰਹਿੰਦੀ ਹੈ | 'ਗੁੱਝੀ ਮਾਂ', 'ਮਿਹਨਤ ਦੀ ਕਦਰ' ਵਿਚ ਲੇਖਕ ਦੇ ਆਪਣ ੇ ਨਜ਼ਰੀਏ ਦਾ ਪੱਖ ਪੂਰਦੀਆਂ ਪਾਠਕ ਨੂੰ  ਪ੍ਰੇਰਿਤ ਕਰਦੀਆਂ ਹਨ | ਮੇਰੀ ਨਿੱਜੀ ਧਾਰਨਾ ਹੈ ਕਿ ਕਹਾਣੀਕਾਰ ਨੂੰ  ਕਹਾਣੀਆਂ ਤੇ ਮਿੰਨੀ ਕਹਾਣੀਆਂ ਵੱਖ-ਵੱਖ ਕਰਕੇ ਪੇਸ਼ ਕਰਨੀਆਂ ਚਾਹੀਦੀਆਂ ਸਨ | ਉਂਝ ਵੀ ਲੇਖਕ ਹਾਲੇ ਕਹਾਣੀ ਦੀ ਪਹਿਲੀ ਪੈਦਾਨ 'ਤੇ ਖੜ੍ਹਾ ਨਜ਼ਰ ਆਉਂਦਾ ਹੈ | ਭਵਿੱਖ ਵਿਚ ਉਹ ਨਿੱਠ ਕੇ ਅੱਜ ਦੀ ਮਿੰਨੀ ਕਹਾਣੀ ਤੇ ਕਹਾਣੀ ਨੂੰ  ਪੜ੍ਹੇਗਾ ਤੇ ਜਾਚੇਗਾ ਤੇ ਫੇਰ ਵਧੇਰੇ ਪ੍ਰਬਲਤਾ ਨਾਲ ਗੰਭੀਰ ਸੁਰ ਵਿਚ ਆਪਣੀ ਗੱਲ ਕਰੇਗਾ | ਪਾਠਕ ਵੀ ਇਨ੍ਹਾਂ ਕਹਾਣੀਆਂ ਨੂੰ  ਆਪਣੇ ਹਿਸਾਬ ਨਾਲ ਪੜ੍ਹਨ 'ਚ ਦਿਲਚਸਪੀ ਦਿਖਾਏਗਾ |
 

ਕਠਪੁਤਲੀ ਤੋਂ ਕ੍ਰਿਸ਼ਮੇ ਤੱਕ

ਲੇਖਿਕਾ : ਵਰਿੰਦਰ ਕੌਰ

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ

ਮੁੱਲ : 350 ਰੁਪਏ, ਸਫ਼ੇ : 174

                                                                                                             

ਸੰਪਰਕ : artistvarinder@gmail.com

 
'ਕਠਪੁਤਲੀ ਤੋਂ ਕ੍ਰਿਸ਼ਮੇ ਤੱਕ' ਵਰਿੰਦਰ ਕੌਰ ਜੋ ਕਿ ਕੈਨੇਡਾ ਦੇ ਐਡਮਿੰਟਨ ਵਿਖੇ ਰਹਿ ਰਹੇ ਹਨ, ਦੀ ਪਲੇਠੀ ਪੁਸਤਕ ਹੈ | ਲਗਭਗ 105 ਕਵਿਤਾਵਾਂ ਦੀ ਇਹ ਪੁਸਤਕ ਨਾਰੀ ਸੰਵੇਦਨਾ ਅਤੇ ਨਾਰੀ ਦੀਆਂ ਚੁਣੌਤੀਆਂ ਨੂੰ  ਸਹਿਜਤਾ ਨਾਲ ਰੂਪਮਾਨ ਕਰਦੀ ਹੈ | ਸ਼ਾਇਰਾ ਨੇ ਸਮਾਜ ਦੇ ਬੰਧਨਾਂ ਵਿਚ ਜਕੜੀਆਂ ਹੋਈਆਂ ਪਰੰਪਰਾਵਾਂ ਦੀਆਂ ਅੜਚਨਾਂ ਅਤੇ ਰੁਕਾਵਟਾਂ ਨਾਲ ਜੂਝ ਰਹੀ ਨਾਰੀ ਦੇ ਮਨੋ-ਭਾਵਾਂ ਨੂੰ  ਜਗਾਇਆ ਹੈ | ਉਸ ਦੀ ਪਹਿਲੀ ਕਵਿਤਾ ਨਵੀਂ ਉਡਾਣ ਵੇਖੀ ਜਾ ਸਕਦੀ ਹੈ:
ਇਸ ਬਚੀ ਜ਼ਿੰਦਗੀ ਨੂੰ  ਆਪਣੇ ਲਈ ਜਿਊਣਾ ਏ
ਆਪਣੀ ਕਲਾ ਨੂੰ  ਚਮਕਾਉਣਾ ਏ
ਤੇ ਇਹ ਤੇਰੇ ਆਪਣੇ ਹੱਥ ਏ
ਚੁੱਕ ਕਲਮ, ਮਸਲ ਸੁੱਟ ਖਿਆਲਾਂ ਨੂੰ 
ਜੋ ਤੈਨੂੰ ਤਕਲੀਫ਼ ਦਿੰਦੇ ਨੇ
ਤੇ ਹੁਣ ਨਵੀਂ ਉਡਾਣ ਦੇ
ਆਪਣੀ ਸੋਚ ਦੇ ਪਰਿੰਦੇ ਨੂੰ 
ਉਸ ਦੀਆਂ ਸਮੁੱਚੀਆਂ ਰਚਨਾਵਾਂ ਸਮਾਜ ਦੀ ਉਸ ਧਿਰ ਨੂੰ  ਸੰਬੋਧਿਤ ਹੈ ਜੋ ਔਰਤ ਦੀ ਆਜ਼ਾਦੀ ਅਤੇ ਮਨਮਰਜ਼ੀ ਨੂੰ  ਨਾਂਹਵਾਚੀ ਨਜ਼ਰੀਏ ਤੋਂ ਵੇਖਦੇ ਹਨ | ਉਹ ਆਪਣੀ ਅਗਲੀ ਪੀੜ੍ਹੀ ਨੂੰ  ਵੀ ਸੰਬੋਧਨ ਕਰਦੀ ਨਵੀਂ ਪੀੜ੍ਹੀ ਦੀਆਂ ਕੁੜੀਆਂ ਨੂੰ  ਸੰਦੇਸ਼ ਦਿੰਦੀ ਹੈ | ਉਹ ਆਪਣੀ ਧੀ ਦੇ ਨਾਲ-ਨਾਲ ਸਮੁੱਚੀ ਕੁੜੀਆਂ ਦੀ ਨਵੀਂ ਪੀੜ੍ਹੀ ਨੂੰ  ਸੂਟ, ਗਹਿਣੇ, ਚੂੜੀਆਂ, ਝਾਂਜਰਾਂ ਦੀ ਥਾਂ ਪੁਸਤਕਾਂ ਨਾਲ ਨੇਹ ਪਾਉਣ ਲਈ ਕਹਿੰਦੀ ਹੈ:
ਮੈਂ ਮੇਰੀ ਧੀ ਨੂੰ  ਦੇਵਾਂਗੀ
ਇਹ ਕਿਤਾਬਾਂ ਤਾਂਕਿ
ਉਹ ਜਾਗਦੀ ਰਵ੍ਹੇ ਉਹਦੀ ਕਵਿਤਾ ਜਾਗਦੀ ਰਵ੍ਹੇ
ਉਹਦੇ ਸੁਪਨੇ ਜਾਗਦੇ ਰਹਿਣ...
ਉਹ ਸਵੈ ਨੂੰ  ਦੋਸ਼ ਦਿੰਦੀ ਮੁਆਫ਼ੀਨਾਮਾ ਵੀ ਲਿਖਦੀ ਹੈ | ਉਹ ਵਰਤਮਾਨ ਦੌਰ ਵਿਚ ਸੋਸ਼ਲ ਮੀਡੀਏ ਦੇ ਰਾਹੀਂ ਵੀ ਨਾਰੀ ਦੇ ਭਾਵਾਂ ਨਾਲ ਹੁੰਦੀ ਛੇੜਛਾੜ ਨੂੰ  'ਡਿਜੀਟਲ ਸੀਟੀਆਂ' ਕਵਿਤਾਵਾਂ ਨਾਲ ਸਪੱਸ਼ਟ ਕਰਦੀ ਹੈ | ਨਾਰੀ ਸ਼ਕਤੀ ਦੇ ਨਾਲ ਨਾਰੀ ਦੀਆਂ ਚੁਣੌਤੀਆਂ ਨੂੰ  ਬਾਖ਼ੂਬੀ ਚਿਤਰਦੀ ਹੈ |
ਇਕਵੀਂ ਸਦੀ ਹੈ
ਹੁਣ ਗਲੀਆਂ 'ਚ ਸੀਟੀਆਂ ਨਹੀਂ ਮਾਰਦੇ
ਫੇਸਬੁੱਕ ਤੇ ਇੰਸਟਾ ਤੇ ਟਰਾਈਆਂ ਮਾਰਦੇ
ਭੀੜ ਭੜੱਕੇ 'ਚ ਚੂੰਢੀਆਂ ਨਹੀਂ ਵੱਢਦੇ
ਸਭਿਅਕ ਹੋਣ ਦਾ ਵਿਖਾਵਾ ਕਰਦੇ
ਇਨਬਾਕਸ ਮੈਸੇਜ ਕਰਕੇ ਜ਼ਿਹਨ 'ਤੇ ਚੂੰਢੀਆਂ ਵੱਢਦੇ
ਜ਼ਮਾਨਾ ਬਦਲ ਗਿਆ...
ਉਸ ਦੀ ਕਾਵਿ ਸਿਰਜਣਾ ਵਿਅੰਗਮਈ ਜੁਗਤ ਨਾਲ ਨਾਰੀ ਦੇ ਭਾਵਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਦੀ ਦਕਿਆਨੂਸੀ ਸੋਚ ਅਤੇ ਨਾਰੀ ਦੇ ਭਵਿੱਖ ਵੱਲ ਵਧਦੇ ਸਥਿਰ ਅਤੇ ਠੋਸ ਕਦਮਾਂ ਦੀ ਦਸਤਕ ਨਾਲ-ਨਾਲ ਚਲਦੇ ਹਨ | ਕਵਿਤਰੀ ਵਰਿੰਦਰ ਕੌਰ ਨੂੰ  ਮੁਬਾਰਕਵਾਦ |
 
-ਪ੍ਰੋ. ਕੁਲਜੀਤ ਕੌਰ ਅਠਵਾਲ
 

ਅੰਬੀ ਦਾ ਬੂਟਾ

ਲੇਖਕ : ਬਲਜਿੰਦਰ ਮਾਨ

ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ

ਮੁੱਲ : 150 ਰੁੁਪਏ, ਸਫ਼ੇ : 68

                                                                                                               

ਸੰਪਰਕ : 98150-18947

 
ਬਾਲ-ਕਹਾਣੀ ਦੇ ਮਾਧਿਅਮ ਦੁੁਆਰਾ ਬਾਲ-ਪਾਠਕ ਨੂੰ  ਉਸ ਦੇ ਚੌਗਿਰਦੇ ਬਾਰੇ ਬਹੁੁਪੱਖੀ ਵਾਕਫ਼ੀਅਤ ਇਸ ਵਿਧੀ ਰਾਹੀਂ ਕਰਵਾਈ ਜਾਂਦੀ ਹੈ ਕਿ ਕਹਾਣੀ ਰਾਹੀਂ ਦਿੱਤਾ ਗਿਆ ਉਪਦੇਸ਼ ਬਾਲ-ਮਾਨਸਿਕਤਾ ਲਈ ਬੋਝਲ ਅਤੇ ਸਮਝ ਤੋਂ ਬਾਹਰ ਦਾ ਨਾ ਹੋ ਕੇ, ਉਸ ਨੂੰ  ਸਹਿਜ-ਸੁੁਭਾਵਿਕ, ਦਿਲਚਸਪ ਅਤੇ ਜਿਗਿਆਸਾਮਈ ਢੰਗ ਨਾਲ ਜੀਵਨ-ਮੁੱਲਾਂ ਦੀ ਸੋਝੀ ਕਰਵਾਵੇ | ਇਸ ਮਕਸਦ ਨੂੰ  ਲੈ ਕੇ ਹੁੁਣੇ-ਹੁੁਣੇ ਮੰਜ਼ਰ-ਇ-ਆਮ 'ਤੇ ਆਇਆ ਬਲਜਿੰਦਰ ਮਾਨ ਰਚਿਤ ਬਾਲ-ਕਹਾਣੀ ਸੰਗ੍ਰਹਿ 'ਅੰਬੀ ਦਾ  ਬੂਟਾ' ਮੇਰੇ ਸਨਮੁੱਖ ਹੈ | ਇਸ ਪੁੁਸਤਕ ਦੀ ਪ੍ਰਥਮ ਕਹਾਣੀ 'ਅੰਬੀ ਦਾ ਬੂਟਾ' ਸ਼ਹਿਰ ਵਿਚ ਵੱਸਦੇ ਸਕੂਲੀ-ਵਿਦਿਆਰਥੀ ਰੋਹਿਤ ਉਪਰ ਕੇਂਦਰਿਤ ਹੈ ਜੋ ਆਪਣੇ ਪਿੰਡ ਦਾਦਕੇ ਜਾ ਕੇ ਬਾਗ਼ ਵਿਚ ਵਿਚਰਦਿਆਂ ਬਹੁੁਭਾਂਤੀ ਜਾਣਕਾਰੀ ਹਾਸਿਲ ਕਰਦਾ ਹੈ | ਕਹਾਣੀ ਦਾ ਬੁੁਨਿਆਦੀ ਤੱਤ-ਸਾਰ ਸ਼ੁੁੱਧ ਵਾਤਾਵਰਨ ਪੈਦਾ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਪਰਵਰਿਸ਼ ਕਰਨ ਨਾਲ ਸੰਬੰਧਿਤ ਹੈ ਤਾਂ ਜੋ ਵਿਰਾਸਤੀ ਬੂਟਿਆਂ, ਆਕਸੀਜਨ, ਲੱਕੜ, ਫਲ, ਜੜ੍ਹੀ-ਬੂਟੀਆਂ ਅਤੇ ਹੋਰ ਸੰਬੰਧਿਤ ਵਸਤਾਂ ਆਦਿ ਦੀ ਕਮੀ ਨਾ ਰਹੇ | 'ਆਪੋ ਆਪਣਾ ਫ਼ਰਜ਼' ਕਹਾਣੀ ਦਾ ਬਿਰਤਾਂਤ ਅੱਠਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਨੂੰ  ਕੇਂਦਰ-ਬਿੰਦੂ ਬਣਾ ਕੇ ਸਿਰਜਿਆ ਗਿਆ ਹੈ ਜੋ ਲੋਕਡਾਊਨ ਦੌਰਾਨ ਆਪਣੇ ਜਮਾਤੀਆਂ ਨੂੰ  ਆਨਲਾਈਨ ਪ੍ਰਣਾਲੀ ਰਾਹੀਂ ਵਿੱਦਿਆ ਦਾ ਚਾਨਣ ਫੈਲਾ ਕੇ ਪਰਉਪਕਾਰੀ ਕਾਰਜ ਕਰਦੀ ਹੈ | 'ਆਜ਼ਾਦੀ' ਕਹਾਣੀ ਦਰਸਾਉਂਦੀ ਹੈ ਕਿ ਸੰਵਿਧਾਨ ਅਨੁੁਸਾਰ ਸਭ ਧਰਮਾਂ ਦਾ ਬਰਾਬਰ ਸਤਿਕਾਰ ਹੋਣ ਅਤੇ ਸਭ ਨੂੰ  ਤਰੱਕੀ ਦੇ ਬਰਾਬਰ ਮੌਕੇ ਮਿਲਣ ਨਾਲ 'ਆਜ਼ਾਦੀ' ਦੀ ਅਸਲ ਭਾਵਨਾ ਕਾਇਮ ਰਹਿ ਸਕਦੀ ਹੈ | ਲੋਕ ਕਥਾ ਦੀ ਸ਼ੈਲੀ 'ਤੇ ਆਧਾਰਿਤ 'ਬੇਸਮਝ ਰਾਜ ਕੁੁਮਾਰ' ਕਹਾਣੀ ਵਿਅਕਤੀ ਨੂੰ  ਆਪਣੇ ਅੰਦਰ ਛੁੁਪੇ ਹੁੁਨਰ ਨੂੰ  ਵਕਤ ਸਿਰ ਵਰਤਣ ਦੀ ਪ੍ਰੇਰਣਾ ਦਿੰਦੀ ਹੈ ਜਦੋਂ ਕਿ 'ਬਹਾਦਰ ਕੁੁੜੀ' ਕਹਾਣੀ ਵਿਚ ਤੰਗੀਆਂ-ਤੁੁਰਸ਼ੀਆਂ ਨਾਲ ਜੂਝਦੀ ਲੜਕੀ ਕੰਬੀ ਆਪਣੀ ਸਖ਼ਤ ਮਿਹਨਤ ਤੇ ਅਨੁੁਸ਼ਾਸਨਪਸੰਦੀ ਦੇ ਗੁੁਣਾਂ ਦੀ ਬਦੌਲਤ ਰਾਜ ਪੱਧਰੀ ਅਥਲੈਟਿਕਸ ਮੁੁਕਾਬਲਿਆਂ ਵਿਚ ਅੱਵਲ ਹੀ ਨਹੀਂ ਆਉਂਦੀ ਸਗੋਂ ਬੁੁਰੀ ਨੀਅਤ ਰੱਖਣ ਵਾਲੇ ਬਿੱਲੇ ਵਰਗੇ ਕਿਰਦਾਰਾਂ ਨੂੰ  ਮੂੰਹ ਦੀ ਵੀ ਖੁੁਆਉਂਦੀ ਹੈ | 'ਹੈਰੀ ਦੀਆਂ ਜੁੁਗਤਾਂ' ਕਹਾਣੀ ਦਾ ਲਗਨਸ਼ੀਲ ਨਾਇਕ ਆਪਣੇ ਅੰਦਰ ਛੁੁਪੇ ਤਕਨੀਕੀ-ਹੁੁਨਰ ਸਦਕਾ ਕੰਪਨੀ ਦੇ ਸੀ.ਈ.ਓ ਦਾ ਰੁੁਤਬਾ ਹਾਸਿਲ ਕਰਦਾ ਹੈ | 'ਜੇਜੋਂ ਦੇ ਪੇੜੇ' ਕਹਾਣੀ ਜੇਜੋਂ ਪਿੰਡ ਦੇ ਪੇੜਿਆਂ ਦਾ ਵਿਖਿਆਨ ਕਰਨ ਵਾਲੀ ਸਧਾਰਨ ਕਥਾ ਹੈ | 'ਮਿੱਠੀਆਂ ਛੱਲੀਆਂ' ਕਹਾਣੀ ਲਾਲਚੀ-ਭਾਵਨਾ ਅਧੀਨ ਹੋਣ ਵਾਲੀ ਹਾਨੀ ਵੱਲ ਸੰਕੇਤ ਕਰਦੀ ਹੈ |'ਮੋਹ ਦੀਆਂ ਤੰਦਾਂ' ਕਹਾਣੀ ਦਰਸਾਉਂਦੀ ਹੈ ਕਿ ਗ਼ਰਜ਼ ਦੀ ਭਾਵਨਾ ਮਾਨਵੀ ਰਿਸ਼ਤਿਆਂ ਨੂੰ  ਖੇਰੂੰ-ਖੇਰੂੰ ਕਰ ਦਿੱਤਾ ਹੈ | 'ਸੰਗਤ ਦਾ ਅਸਰ' ਵਿਅਕਤੀ ਦੇ ਚੰਗੇ-ਮੰਦੇ ਵਿਵਹਾਰ ਨੂੰ  ਦਰਸਾਉਂਦੀ ਹੈ ਜਦੋਂ ਕਿ ਆਖ਼ਰੀ ਕਹਾਣੀ 'ਵਿਸ਼ਵ ਜੇਤੂ' ਸਕੂਲ ਵਿਚ ਪੜ੍ਹਦੇ ਵਿਦਿਆਰਥੀ ਰਾਜੂ ਦੇ ਮਾਧਿਅਮ ਦੁੁਆਰਾ ਇਹ ਸੁੁਨੇਹਾ ਸੰਚਾਰਿਤ ਹੁੰਦਾ ਹੈ ਕਿ ਨਿਰੰਤਰ ਅਭਿਆਸ ਤੇ ਸੰਘਰਸ਼ ਨਾਲ ਸਧਾਰਨ ਬਾਲਕ ਦੀ ਵਿਸ਼ਵ-ਨਾਇਕ ਦਾ ਖ਼ਿਤਾਬ ਹਾਸਿਲ ਕਰ ਸਕਦਾ ਹੈ |
ਇਸ ਪ੍ਰਕਾਰ ਇਹ ਬਾਲ ਕਹਾਣੀਆਂ ਬਾਲ ਮਨਾਂ ਵਿਚ ਛੁੁਪੇ ਹੁੁਨਰ ਅਤੇ ਗੁੁਣਾਂ ਨੂੰ  ਬਾਹਰ ਕੱਢ ਕੇ ਚਰਿੱਤਰ ਨਿਰਮਾਣ ਦੀ ਉਸਾਰੀ ਕਰਨ ਵਿਚ ਯਥਾਯੋਗ ਭੂਮਿਕਾ ਅਦਾ ਕਰਦੀਆਂ ਹਨ | ਪੁੁਸਤਕ ਦੀ ਡਿਜ਼ਾਈਨਿੰਗ ਅਤੇ ਵਿਚ ਸੁੁਖਮਨ ਸਿੰਘ ਅਤੇ ਕਮਲਜੀਤ ਨੀਲੋਂ ਦੀ ਚੰਗੀ ਭੂਮਿਕਾ ਹੈ ਪਰੰਤੂ ਉੱਚਿਤ ਹੁੰਦਾ ਜੇਕਰ ਪੁੁਸਤਕ ਦੇ ਟਾਈਟਲ ਉਪਰ ਵੀ ਇਨ੍ਹਾਂ ਕਹਾਣੀਆਂ ਦੇ ਸੰਪਾਦਕ ਮਨਮੋਹਨ ਸਿੰਘ ਦਾਊਾ ਦਾ ਨਾਂਅ ਦਿੱਤਾ ਜਾਂਦਾ | ਖ਼ੈਰ, ਇਹ ਪੁੁਸਤਕ ਪੜ੍ਹਨਯੋਗ ਹੈ |    
 
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703 

 

ਫ਼ੁਲਕਾਰੀ

ਸੰਪਾਦਕ: ਮਾਸਟਰ ਸ਼ਮਸ਼ੇਰ ਸਿੰਘ, ਸੰਗ੍ਰਹਿਕਰਤਾ : ਅਮਰਜੀਤ ਕੌਰ ਜੈਤੋ

ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ

ਮੁੱਲ : 160 ਰੁਪਏ, ਸਫ਼ੇ : 112

                                                                                                          

ਸੰਪਰਕ : 98555-40392

 
'ਹਥਲੀ “ਫ਼ੁਲਕਾਰੀ' ਪੁਸਤਕ ਪੰਜਾਬੀ ਲੋਕ-ਗੀਤਾਂ ਘੋੜੀਆਂ, ਸੁਹਾਗ ਅਤੇ ਬੋਲੀਆਂ ਦੀ ਬੜੀ ਸ਼ਾਨਦਾਰ ਸੱਭਿਆਚਾਰਕ ਪੁਸਤਕ ਹੈ | ਇਨ੍ਹਾਂ ਦੇ ਸੰਗ੍ਰਹਿਕਰਤਾ ਮਾਸਟਰ ਸ਼ਮਸ਼ੇਰ ਸਿੰਘ, ਅਮਰਜੀਤ ਕੌਰ ਜੈਤੋ ਅਤੇ ਸਰਬਜੋਤ ਸਿੰਘ ਪੁਰਬਾ ਨੇ ਬਹੁਤ ਮਿਹਨਤ ਨਾਲ ਇਹ ਵਿਲੱਖਣ ਪੁਸਤਕ ਤਿਆਰ ਕੀਤੀ ਹੈ | ਇਹ ਪੁਸਤਕ ਉਨ੍ਹਾਂ ਪੰਜਾਬੀ ਮਾਂ-ਬੋਲੀ ਦੇ ਲਾਡਲਿਆਂ ਨੂੰ  ਸਮਰਪਿਤ ਹੈ ਜੋ ਪੰਜਾਬੀ ਸੱਭਿਆਚਾਰ ਨੂੰ  ਅਥਾਹ ਪਿਆਰ ਕਰਦੇ ਹਨ | 'ਫ਼ੁਲਕਾਰੀ' ਕਿਤਾਬ ਦੇ ਸੰਪਾਦਕਾਂ ਨੇ ਇਕ ਵਿਸ਼ੇਸ਼ ਉਦੇਸ਼ ਨੂੰ  ਸਾਹਮਣੇ ਰੱਖ ਕੇ ਇਹ ਪੁਸਤਕ ਛਪਵਾਈ ਲਗਦੀ ਹੈ ਤਾਂ ਜੋ ਸਾਡੇ ਲੋਕ-ਗੀਤਾਂ ਅਤੇ ਬੋਲੀਆਂ ਦਾ ਅਮੁੱਲਾ ਸਰਮਾਇਆ ਸਾਂਭਿਆ ਰਹੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਲਾਭ ਲੈ ਸਕਣ | ਸਿਆਣੇ ਕਹਿੰਦੇ ਹਨ ਕਿ ਸੱਭਿਆਚਾਰ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ | ਜਿਹੜਾ ਸਮਾਜ ਆਪਣਾ ਸੱਭਿਆਚਾਰ ਭੁੱਲ ਜਾਂਦਾ ਹੈ, ਉਸ ਕੌਮ ਦਾ ਖ਼ਾਤਮਾ ਹੋਣਾ ਸੁਭਾਵਿਕ ਹੈ | ਇਸ ਪੁਸਤਕ ਵਿਚ ਮੁੰਡੇ-ਕੁੜੀ ਦੇ ਵਿਆਹ ਦੇ ਗੀਤ, ਸੁਹਾਗ, ਨਾਈ-ਧੋਈ ਦੇ ਗੀਤ, ਬਰਾਤ ਆਉਣ ਵੇਲੇ ਦੇ ਗੀਤ, ਲੰਮੀ ਹੇਕ ਵਾਲੇ ਗੀਤ, ਦੋਹੇ, ਵੱਖ-ਵੱਖ ਰਿਸ਼ਤਿਆਂ ਉੱਤੇ ਗੀਤ, ਬੋਲੀਆਂ ਆਦਿ ਸ਼ਾਮਿਲ ਹਨ |  ਬਹੁਤ ਹੀ ਸਰਲ ਅਤੇ ਠੇਠ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ | 
ਬੀਬੀ ਅਮਰਜੀਤ ਕੌਰ ਅਤੇ ਮਾਸਟਰ ਸ਼ਮਸ਼ੇਰ ਸਿੰਘ ਨੇ ਇਨ੍ਹਾਂ ਲੋਕ-ਗੀਤਾਂ ਨੂੰ  ਬਚਪਨ ਤੋਂ ਜਵਾਨੀ ਤੱਕ ਦੇ ਸਮੇਂ  ਵਿਚ ਹਾਜ਼ਰ ਮਨ ਨਾਲ ਸੁਣਿਆ, ਗਾਇਆ ਤੇ ਮਾਣਿਆ ਲਗਦਾ ਹੈ | ਅਜੋਕੇ ਦੌਰ ਵਿਚ ਜਿੱਥੇ ਹੁਣ ਏ.ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸੀ) ਦਾ ਜ਼ਮਾਨਾ ਹੈ, ਮਾਡਰਨ ਸੰਗੀਤ ਦਾ ਬੋਲਬਾਲਾ ਹੈ , ਦੁਨੀਆ ਦਾ ਨਵਾਂ ਪੋਚ ਪੁਰਾਣੇ ਲੋਕ-ਗੀਤਾਂ, ਰਸਮਾਂ- ਰਿਵਾਜਾਂ ਨੂੰ  ਭੁੱਲ ਰਿਹਾ ਹੈ ਤਾਂ ਸਾਡੇ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਨਵੀਂ ਪੀੜ੍ਹੀ ਦੇ ਹੱਥ ਵਿਚ ਅਜਿਹੀਆਂ ਕਿਤਾਬਾਂ ਦਈਏ ਤਾਂ ਜੋ ਉਨ੍ਹਾਂ ਨੂੰ  ਪੁਰਾਣੇ ਵਿਰਸੇ, ਭਾਈਚਾਰਕ ਸਾਂਝ ਅਤੇ ਸੱਭਿਆਚਾਰ ਨਾਲ ਜੋੜੀ ਰੱਖੀਏ  | ਨਵੀਂ ਪੀੜ੍ਹੀ ਨੂੰ  ਪਤਾ ਲੱਗੇ ਕਿ ਕਿਸ ਤਰ੍ਹਾਂ ਸਾਡੇ ਜੀਵਨ ਦੇ ਮਹੱਤਵਪੂਰਨ ਰਸਮਾਂ, ਕਾਰਜਾਂ ਵਿਚ ਮਾਮਿਆਂ, ਚਾਚਿਆਂ, ਤਾਇਆਂ, ਫੁੱਫੜਾਂ, ਭੈਣ-ਭਰਾਵਾਂ, ਭਾਬੀਆਂ ਦੀ ਮਹੱਤਵਪੂਰਨ ਲੋੜ ਰਹਿੰਦੀ ਹੈ | ਇਹ ਲੋਕ-ਗੀਤ ਕਿਵੇਂ ਲੋਰੀਆਂ ਤੋਂ ਲੈ ਕੇ ਵੈਣਾਂ ਤੱਕ ਮਨੁੱਖ ਦੇ ਨਾਲ -ਨਾਲ ਚੱਲਦੇ ਹਨ | ਅਸੀਂ ਭਾਵੇਂ ਕਿੰਨੇ ਵੀ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਬਣ ਜਾਈਏ ਪਰ ਸਾਨੂੰ ਆਪਣਾ ਪੁਰਾਤਨ ਵਿਰਸਾ ਲੋਕ-ਗੀਤ, ਲੋਕ-ਖੇਡਾਂ ਅਤੇ ਬਹੁਮੁੱਲੇ ਸੱਭਿਆਚਾਰ ਨੂੰ  ਸਦਾ ਯਾਦ ਰੱਖਣਾ ਚਾਹੀਦਾ ਹੈ ਅਤੇ ਇਸ ਤੋਂ ਸੇਧ ਲੈ ਕੇ ਹੀ ਅਜੋਕੇ ਯੁੱਗ ਵਿਚ ਸਫ਼ਲਤਾਪੂਰਵਕ ਵਿਚਰਨਾ ਚਾਹੀਦਾ ਹੈ | ਸੋ, ਇਸ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੀ ਪੁਸਤਕ 'ਫ਼ੁਲਕਾਰੀ' ਦਾ ਪੰਜਾਬੀ ਸਾਹਿਤ ਜਗਤ ਵਿਚ ਮੈਂ ਭਰਪੂਰ ਸਵਾਗਤ ਕਰਦਾ ਹੋਇਆ ਵਿਲੱਖਣ ਪ੍ਰਾਪਤੀ ਤੇ ਦੋਨਾਂ ਸੰਪਾਦਕਾਂ ਨੂੰ  ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹਾਂ  |
 
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
 

ਫ਼ਰੀਦਕੋਟ

(ਜ਼ਿਲ੍ਹੇ ਦੇ ਪਿੰਡਾਂ ਦਾ ਨਾਮਕਰਨ ਤੇ ਇਤਿਹਾਸ)

ਲੇਖਿਕਾ : ਪਰਮਜੀਤ ਕੌਰ ਸਰਾਂ, ਕੋਟਕਪੂਰਾ 

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ

ਮੁੱਲ : 399 ਰੁਪਏ, ਸਫ਼ੇ : 268  

                                                                                                          

ਸੰਪਰਕ : 99140-33058

 
ਇਸ ਪੁਸਤਕ ਦਾ ਵਿਸ਼ਾ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ ਹੈ | ਪਰ ਮੇਰਾ ਧਿਆਨ ਫ਼ਰੀਦਕੋਟ ਦੇ ਪਿੰਡਾਂ ਦੇ ਵਸਣ ਦੇ ਇਤਿਹਾਸ ਨਾਲੋਂ ਇਨ੍ਹਾਂ ਦੇ ਨਾਮਕਰਨ ਨੇ ਜ਼ਿਆਦਾ ਖਿੱਚਿਆ | ਭਾਵੇਂ ਕਿ ਇਨ੍ਹਾਂ ਦੇ ਮੌੜ੍ਹੀ ਗੱਡਣ ਅਤੇ ਵਿਗਸਣ ਦੀ ਗਾਥਾ ਵੀ ਟੁੰਬਵੀਂ ਹੈ | ਲੇਖਿਕਾ ਮੁਤਾਬਿਕ, ''ਮੈਂ ਆਪਣੇ ਸਕੂਲ ਦੇ ਪਿੰਡ 'ਦੁਆਰੇਆਣਾ' ਦੇ ਨਾਮਕਰਨ ਬਾਰੇ ਸਕੂਲ ਦੇ ਰਸਾਲੇ ਵਿਚ ਲਿਖਿਆ ਤਾਂ ਪਤਾ ਲੱਗਿਆ ਕਿ 99% ਪਿੰਡ ਵਾਸੀਆਂ ਨੂੰ  ਵੀ ਆਪਣੇ ਪਿੰਡ ਦੇ ਪਿਛੋਕੜ ਅਤੇ ਨਾਮਕਰਨ ਦਾ ਪਤਾ ਨਹੀਂ ਸੀ |''
ਹਰ ਪਿੰਡ ਦੇ ਨਾਮਕਰਨ ਪਿੱਛੇ ਮੌੜ੍ਹੀ ਗੱਡਣ ਵਾਲੇ ਆਗੂ ਜਾਂ ਪਿੰਡ ਦੇ ਨਾਇਕ ਦਾ ਕੋਈ ਵਿਸ਼ੇਸ਼ ਗੁਣ, ਉੱਘੀ ਸਰਗਰਮੀ ਜਾਂ ਸੰਘਰਸ਼, ਪਿੰਡ ਦਾ ਕੋਈ ਖਾਸ ਪਰਛਾਵਾਂ ਜਾਂ ਸਿਫ਼ਤ, ਕੁਦਰਤੀ ਪਛਾਣ ਜਾਂ ਨਿਆਮਤ, ਮੁੱਕਦੀ ਗੱਲ ਕੋਈ ਨਾ ਕੋਈ ਹਕੀਕੀ ਤੇ ਚਿਰ ਸਥਾਈ ਇਤਿਹਾਸਕ ਕ੍ਰਮ ਹੁੰਦਾ ਸੀ/ਹੈ | ਕਿਸੇ ਵੀ ਪਿੰਡ ਵਿਸ਼ੇਸ਼ ਨੂੰ , ਉਸ ਨੂੰ  ਬਹੁਪਰਤੀ ਸੁਰੱਖਿਆ ਅਤੇ ਪ੍ਰਫੁਲਤਾ ਪ੍ਰਦਾਨ ਕਰਾ ਸਕਣ ਵਾਲਾ, ਕੋਈ ਸੂਰਮਾ, ਕੁਨਬੇ-ਕਬੀਲੇ ਦਾ ਉੱਘਾ ਆਗੂ ਜਾਂ ਕੂਟਨੀਤਿਕ ਬੰਦਾ ਜਾਂ ਵਿਸ਼ੇਸ਼ ਕੁਨਬਾ ਹੀ ਵਸਾ ਸਕਦਾ ਸੀ | ਸਿਫ਼ਤੀ ਸਥਾਪਤੀ ਉਪਰੰਤ ਜਿਸ ਦੇ ਨਾਂਅ ਹੀ ਅਕਸਰ ਪਿੰਡ ਦਾ ਨਾਂ ਪੱਕ-ਪਕਾਅ ਜਾਂਦਾ ਸੀ | ਹਾਂ; ਮਗਰੋਂ, ਢੇਰ ਸਮਾਂ ਪਹਿਲਾਂ, ਕਈ ਉੱਘੀਆਂ ਵਸੇਬਾਂ ਜਾਂ ਪਿੰਡਾਂ ਦਾ ਨਾਂਅ ਧਾੜਵੀਆਂ ਜਾਂ ਹੁਕਮਰਨਾਂ ਨੇ ਬਦਲਿਆ ਜਾਂ ਆਪਣੇ ਨਾਂਅ ਵੀ ਕੀਤਾ | ਹੁਣ, ਇਹ ਨਾਂਅ ਏਨੇ ਪੀਢੇ, ਗੂੜ੍ਹੇ ਅਤੇ ਲੋਕ ਮਨਾਂ 'ਤੇ ਉੱਕਰ ਚੁੱਕੇ ਹਨ ਕਿ ਜੇ ਹਾਕਮ ਜਮਾਤਾਂ ਵੀ ਚਾਹੁਣ, ਤਦ ਵੀ, ਇਨ੍ਹਾਂ ਨੂੰ , ਕਦਾਚਿਤ ਮੇਸਿਆ ਨਹੀਂ ਜਾ ਸਕਦਾ |
ਪ੍ਰੌੜ੍ਹ ਇਤਿਹਾਸਕਾਰ ਸੁਭਾਸ਼ ਪਰਿਹਾਰ ਜੀ ਨੇ ਇਹ ਪੁਸਤਕ ਪੜ੍ਹਦਿਆਂ ਇਵੇਂ ਕਲਮਬੱਧ ਕੀਤਾ, '...ਇਹ ਨਾਮ ਅਕਸਰ ਬਿਨਾਂ ਕਿਸੇ ਦਾਅਵੇ ਦੇ ਸਦੀਆਂ ਦਾ ਇਤਿਹਾਸ ਆਪਣੇ ਵਿਚ ਸਮੋਏ ਬੈਠੇ ਹੁੰਦੇ ਹਨ | ...ਕਦੇ ਕਿਸੇ ਭੂਗੋਲਿਕ ਲੱਛਣ ਵਜੋਂ, ਕਦੇ ਕਿਸੇ ਵਿਅਕਤੀ, ਜਾਤੀ ਜਾਂ ਪੇਸ਼ੇ ਦੀ ਯਾਦ ਵਜੋਂ ਅਤੇ ਕਦੇ ਕਿਸੇ ਇਤਿਹਾਸਕ ਘਟਨਾ ਦੇ ਪਰਛਾਵੇਂ ਵਜੋਂ |'' ਲੇਖਕਾਂ ਨੇ ਗਜ਼ਟੀਅਰਾਂ, ਇਤਿਹਾਸਕ ਦਸਤਾਵੇਜ਼ਾਂ ਅਤੇ ਲਿਖਤੀ ਸਰੋਤਾਂ ਸਮੇਤ ਸਥਾਨਕ ਲੋਕਾਂ ਦੀ ਸੀਨਾ-ਬ-ਸੀਨਾ ਯਾਦ ਨੂੰ  ਵੀ ਅਹਿਮ ਸ੍ਰੋਤ ਵਜੋਂ ਲਿਆ | ਦਰ-ਹਕੀਕਤ; ਲੋਕਾਂ ਦੀ ਵੇਖੀ, ਸੁਣੀ ਜਾਂ ਪਰਿ੍ਹਆਂ-ਸੱਥਾਂ ਵਿਚ ਤੁਰਦੀਆਂ ਆਉਂਦੀਆਂ ਚਿਰ-ਸਥਾਈ ਗੱਲਾਂ, ਭਾਵ ਮੌਖਿਕ ਇਤਿਹਾਸ ਵੀ, ਅਜਿਹੀਆਂ ਪੁਸਤਕਾਂ ਦਾ ਸਿੱਕੇਬੰਦ ਬਾਨਣੂੰ ਹੁੰਦਾ ਹੈ | ਪਿੰਡਾਂ ਦੀ ਤਵਾਰੀਖ ਵਿਚ ਦਿਲਚਪਸੀ ਰੱਖਣ ਵਾਲਿਆਂ ਸਮੇਤ, ਨਵੇਂ ਖੋਜਕਾਰਾਂ ਨੂੰ  ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ |   
 
-ਵਿਜੈ ਬੰਬੇਲੀ 
ਮੋਬਾਈਲ : 94634-39075  
 

ਸਿਮਰਤੀ 

ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਸੰਪਾਦਕ : ਗੁਰਭਜਨ ਗਿੱਲ

ਪ੍ਰਕਾਸ਼ਕ : ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ

ਮੁੱਲ : 250 ਰੁਪਏ, ਸਫ਼ੇ : 128

                                                                                                         

ਸੰਪਰਕ : 98726-31199

 
ਕਿਸੇ ਸਟੀਕ ਖੋਜੀ-ਵਿਦਵਾਨ, ਕਾਨੂੰਨਦਾਨ, ਅਧਿਆਪਕ, ਲੋਕ-ਹਿਤਕਾਰੀ, ਵਿਰਾਸਤ ਦਾ ਰਾਖਾ, ਰਾਹ ਦਸੇਰਾ, ਇਤਿਹਾਸ ਦੇ ਪੰਨਿਆਂ ਨੂੰ  ਸੰਗ੍ਰਹਿਣਾ, ਉੱਚ-ਦੁਮਾਲੜੀ ਸ਼ਖ਼ਸੀਅਤ ਅਤੇ ਕਰਮਯੋਗੀ ਮਨੁੱਖ ਦੇ ਤੁਰ ਜਾਣ ਪਿੱਛੋਂ ਕੁਝ ਮਹੀਨਿਆਂ ਦੀ ਸੁਚਾਰੂ ਮਿਹਨਤ ਕਰਕੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਭਰਪੂਰ ਜੀਵਨ ਬਾਰੇ 'ਸਿਮਰਤੀ' ਦੇ ਰੂਪ ਵਿਚ ਗੁਰਭਜਨ ਗਿੱਲ ਨੇ ਸੰਪਾਦਕ ਵਜੋਂ ਇਕ ਚਮਤਕਾਰੀ ਕਾਰਜ ਕਰਕੇ ਸੱਚੀ ਸੁੱਚੀ ਮੁਹੱਬਤ ਕਰ ਵਿਖਾਈ ਹੈ | ਗੁਰਭਜਨ ਗਿੱਲ ਦੀ ਸਾਹਿਤ-ਰਚਨਾਤਮਿਕਤਾ ਅਤੇ ਸਾਹਿਤ-ਸਮਾਗਮ ਪ੍ਰਬੰਧਨ ਦਾ ਲੇਖਾ-ਜੋਖਾ ਅਦੁੱਤੀ ਤੇ ਪੈੜਾਂ ਪਾਉਣ ਵਾਲਾ ਹੈ | ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਉਸ ਦੀ ਰਗ-ਰਗ 'ਚ ਅਤੇ ਸ਼ਾਇਰੀ ਲਈ ਉਸ ਦੇ ਲਹੂ ਦੀ ਬੂੰਦ ਤੜਪਦੀ ਰਹਿੰਦੀ ਹੈ | ਰੀਵਿਊ ਅਧੀਨ ਪੁਸਤਕ ਦੇ ਮੁੱਖ ਪਾਤਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਇਕ ਯੁੱਗ ਪੁਰਸ਼ ਬਣ ਕੇ ਜੀਵਿਆ | ਪਿਛੋਕੜ ਲਹਿੰਦੇ ਪੰਜਾਬ ਦੇ ਜ਼ਹੀਨ ਪਰਿਵਾਰ ਦੇ ਪੁਰਖਿਆਂ ਦਾ ਹੈ, ਜਿਸ ਨੂੰ  ਪੜ੍ਹ ਕੇ ਪਾਠਕ ਸੁੰਨ ਹੋ ਜਾਂਦਾ ਹੈ | ਪ੍ਰੋ. ਵੜੈਚ ਦੇ ਕੀਤੇ ਮਹਾਨ ਕੰਮਾਂ ਵਿਚ ਪਿੰਡ ਸਰਾਭਾ ਅੰਦਰ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਤੇ ਮੈਡੀਕਲ ਕਾਲਜ ਉਸਾਰਨ 'ਚ ਯੋਗਦਾਨ, ਮਲੇਰਕੋਟਲਾ ਵਿਖੇ ਗੋਰੀ ਹਕੂਮਤ ਵਲੋਂ 66 ਕੂਕਿਆਂ ਦੀ ਸ਼ਹਾਦਤ ਦੀ ਸੂਚੀ ਤਿਆਰ ਕਰਨੀ, ਗ਼ਦਰ ਲਹਿਰ ਦੇ ਇਤਿਹਾਸ 'ਚ ਸੋਧ, ਜਲਿ੍ਹਆਂਵਾਲਾ ਬਾਗ਼ ਦੇ ਸ਼ਹੀਦਾਂ ਲਈ ਕਾਨੂੰਨੀ ਲੜਾਈ ਲੜਨਾ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਦੇ ਉਜਲੇ ਭਵਿੱਖ ਲਈ ਅਧਿਆਪਨ ਕਾਰਜ ਦਾ ਪ੍ਰਕਾਸ਼/ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਡੂੰਘੀ ਸਹਾਨਭੂਤੀ ਦਾ ਕਾਰਜ, ਕਿੰਨੀਆਂ ਪੁਸਤਕਾਂ ਦੇ ਲਕਾਇਕ, ਲਗਭਗ 62 ਪੁਸਤਕਾਂ ਦੇ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਅਨੁਵਾਦ, ਆਜ਼ਾਦੀ ਸੰਗਰਾਮ ਦੀਆਂ ਲਹਿਰਾਂ ਦੀ ਜਾਣਕਾਰੀ ਦੇ 41 ਵੱਡ ਅਕਾਰੀ ਪੈਨਲ ਅਤੇ ਹੋਰ ਵੱਡੇ ਖੋਜ-ਪੱਤਰ, ਪ੍ਰੋ. ਵੜੈਚ ਦੀ ਜੀਵਨ ਭਰ ਦੀ ਕਮਾਈ ਗਿਣੀ-ਮਿਣੀ ਨਹੀਂ ਜਾ ਸਕਦੀ | ਅਜਿਹੇ ਮਨੁੱਖ ਨੂੰ  ਸਮਾਜ ਦਾ ਉਸਰੱਈਆ ਕਹਿਣਾ ਉੱਚਿਤ ਹੈ | ਪੁਸਤਕ ਦੀ ਸਮੱਗਰੀ ਨੂੰ  ਵੱਖ-ਵੱਖ ਸਿਰਲੇਖਾਂ ਨਾਲ ਸੰਜੋਇਆ ਗਿਆ ਜਿਹੜੇ ਪਾਠਕ ਨੂੰ  ਆਕਰਸ਼ਿਤ ਕਰਦੇ ਹਨ | ਲੇਖਕ ਹਨ : ਡਾ. ਮਿੰਨਾ ਜਾਖੜ (ਬੇਟੀ), ਪ੍ਰੋ. ਜਗਮੋਹਨ ਸਿੰਘ, ਵਰਿਆਮ ਸਿੰਘ ਸੰਧੂ, ਡਾ. ਸਵਰਾਜਬੀਰ, ਜਸਵੰਤ ਸਿੰਘ ਗਿੱਲ, ਸੀਤਾ ਰਾਮ ਬਾਂਸਲ, ਸਾਂਵਲ ਧਾਮੀ, ਡਾ. ਸ.ਪ. ਸਿੰਘ, ਡਾ. ਕਰਨਬੀਰ ਸਿੰਘ, ਪ੍ਰੋ. ਸੁਖਵੰਤ ਸਿੰਘ ਗਿੱਲ, ਦਰਸ਼ਨ ਖਟਕੜ, ਅਮੋਲਕ ਸਿੰਘ, ਕਮਲਦੀਪ ਸਿੰਘ ਬਰਾੜ, ਸਵਰਨ ਸਿੰਘ ਵਿਰਕ, ਅਵਤਾਰ ਸਿੰਘ, ਗਗਨਦੀਪ ਸਿੰਘ ਵਿਰਕ, ਉਜਾਗਰ ਸਿੰਘ, ਡਾ. ਨਵਤੇਜ ਸਿੰਘ, ਡਾ. ਗੁਰਦੇਵ ਸਿੰਘ ਸਿੱਧੂ, ਡਾ. ਜਗਰੂਪ ਸਿੰਘ, ਬਲਜੀਤ ਬੱਲੀ, ਯਸ਼ਪਾਲ, ਡਾ. ਸੁਰਿੰਦਰ ਧੰਜਲ, ਗੁਰਿੰਦਰਜੀਤ, ਦਰਸ਼ਨ ਨੱਤ, ਉਜਾਗਰ ਸਿੰਘ ਕੰਵਲ, ਡਾ. ਸਹਿਜਪਾਲ ਸਿੰਘ | ਅੰਤ ਵਿਚ ਅੰਗਰੇਜ਼ੀ 'ਚ ਲਿਖਣ ਵਾਲੇ ਹਰੀਸ਼ ਜੈਨ, ਅਮਰਜੀਤ ਚੰਦਨ, ਡਾ. ਚਮਨ ਲਾਲ, ਪਵਨੀਰ ਸਿੰਘ ਮਿਨਹਾਸ, ਬਲਦੇਵ ਸਿੰਘ ਸਰਾਂ, ਡਾ. ਮੁਕੇਸ਼ ਸੈਮਲ ਅਤੇ ਹਿੰਦੀ ਵਿਚ ਸੁਧੀਰ ਵਿਦਿਆਰਥੀ | ਪੰਜਾਬ ਦੇ ਇਤਿਹਾਸ ਦੀ ਮੂੰਹ ਬੋਲਦੀ ਖੋਜ-ਪੁਸਤਕ ਦਾ ਭਰਪੂਰ ਸੁਆਗਤ ਹੈ |
 
-ਮੋਬਾਈਲ : 98151-23900
 

ਕਾਵਿਲੋਕ

ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ

ਪ੍ਰਕਾਸ਼ਕ : ਕਾਵਿਲੋਕ ਪਬਲਿਸ਼ਰ, ਜਲੰਧਰ

ਮੁੱਲ : 200 ਰੁਪਏ, ਸਫ਼ੇ : 180

                                                                                                           

ਸੰਪਰਕ : 94171-94812

 
ਪਿਛਲੇ ਕੁਝ ਸਾਲਾਂ ਤੋਂ ਡਾ. ਲਖਵਿੰਦਰ ਸਿੰਘ ਜੌਹਲ ਦੀ ਸੰਪਾਦਨਾ ਕਾਰਜ ਸਦਕਾ 'ਕਾਵਿਲੋਕ' ਤ੍ਰੈ-ਮਾਸਿਕ ਪੰਜਾਬੀ ਰਸਾਲਾ ਪ੍ਰਕਾਸ਼ਿਤ ਹੋ ਰਿਹਾ ਹੈ, ਜਿਸ ਨੇ ਆਪਣੀ ਪਛਾਣ ਬਣਾਈ ਹੈ | ਕੁਝ ਮਿੱਤਰਾਂ ਦੇ ਫ਼ੈਸਲੇ ਅਨੁਸਾਰ ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ ਤਿਆਰ ਕੀਤਾ ਗਿਆ, ਜਿਸ ਦੀ ਸੰਪਾਦਨ ਕਰਨ ਦੀ ਜ਼ਿੰਮੇਵਾਰੀ ਰਾਮਪੁਰ ਪਿੰਡ ਦੇ ਸ਼ਾਇਰ/ਕਹਾਣੀਕਾਰ ਸੁਰਿੰਦਰ ਰਾਮਪੁਰੀ ਨੂੰ  ਓਟੀ ਗਈ | ਕਿਸੇ ਲੇਖਕ ਦੇ ਵਿਦਾ ਹੋਣ ਤੋਂ ਬਾਅਦ ਉਸ ਬਾਰੇ ਵਿਸ਼ੇਸ਼-ਅੰਕ ਕੱਢਣੇ ਜਾਂ ਕੋਈ ਯਾਦਗਾਰੀ ਸਮਾਗਮ ਆਯੋਜਿਤ ਕਰਨੇ, ਸਲਾਹੁਣਯੋਗ ਪ੍ਰਯੋਜਨ ਹੁੰਦੇ ਹਨ | ਸ਼ਾਇਦ ਤੁਹਾਨੂੰ ਯਾਦ ਹੋਵੇ ਮੁੱਖ ਸੰਪਾਦਕ ਈਸ਼ਰ ਸਿੰਘ ਅਟਾਰੀ ਦੀ ਰਹਿਨੁਮਾਈ ਥੱਲੇ ਮਈ, 1984 'ਚ ਸੁਰਜੀਤ ਰਾਮਪੁਰੀ ਅਭਿਨੰਦਨ ਸਮਿ੍ਤੀ ਰਾਜਪੁਰਾ (ਪਟਿਆਲਾ) ਨੇ 'ਗਾਉਂਦਾ ਦਰਿਆ ਪੰਜਾਬੀ ਕਾਵਿ ਦਾ ਮਾਣ-ਸੁਰਜੀਤ ਰਾਮਪੁਰੀ' ਵੀ ਪ੍ਰਕਾਸ਼ਿਤ ਕੀਤਾ ਸੀ | ਇਸ ਕਾਲ ਦੇ ਦੌਰਾਨ ਰਾਮਪੁਰ ਸਕੂਲ ਆਫ਼ ਪੋਇਟਰੀ ਦਾ ਮੁੱਲ ਪਾਉਂਦਿਆਂ 'ਕਾਵਿਲੋਕ' ਦਾ ਜੁਲਾਈ-ਸਤੰਬਰ, 2026 ਅੰਕ ਪ੍ਰਗਤੀਵਾਦੀ-ਰੁਮਾਂਸਵਾਦੀ ਸੁਰਜੀਤ ਰਾਮਪੁਰੀ ਦੀ ਪਹਿਲੀ ਜਨਮ ਸ਼ਤਾਬਦੀ 12 ਜੂਨ, 2026 ਨੂੰ  ਇਕ ਵਿਸ਼ੇਸ਼ ਸਮਾਗਮ ਰਾਹੀਂ ਲੁਧਿਆਣਾ ਲੋਕ-ਅਰਪਣ ਕੀਤਾ ਗਿਆ | ਸੁਰਿੰਦਰ ਰਾਮਪੁਰੀ ਦੀ ਕੀਤੀ ਕਰੜੀ ਮਿਹਨਤ ਨੇ ਰੰਗ ਵਿਖਾਇਆ ਤੇ ਵਿਸ਼ੇਸ਼-ਅੰਕ ਨਾਲ 'ਕਾਵਿਲੋਕ' ਦੀ ਪੈਂਠ ਹੋਰ ਬੱਝੀ | ਜਿਨ੍ਹਾਂ ਵੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਭੇਜੀਆਂ, ਉਨ੍ਹਾਂ ਦੀਆਂ ਫੋਟੋਆਂ ਨਾਲ 'ਕਾਵਿਲੋਕ' ਦਾ ਥਾਲ ਦੀਵਿਆਂ ਵਾਂਗ ਰੌਸ਼ਨੀ ਬਖੇਰਨ ਲੱਗਿਆ | ਸੁਰਜੀਤ ਰਾਮਪੁਰੀ ਦੇ ਮੁੱਖ ਕਵਰ 'ਤੇ ਸਕੈੱਚ ਪਾਕਿਸਤਾਨੀ ਮਿੱਤਰ-ਕਲਾਕਾਰ ਦਾ ਬੜਾ ਪ੍ਰਭਾਵਸ਼ਾਲੀ ਹੈ, ਉੱਥੇ ਸੁਰਜੀਤ ਰਾਮਪੁਰੀ ਦੀ ਹੱਥ ਲਿਖਤ ਅਤੇ ਅੰਦਰ ਯਾਦਗਾਰੀ ਤਸਵੀਰਾਂ ਬੀਤੇ ਇਤਿਹਾਸ ਨੂੰ  ਚੇਤੇ ਕਰਾਉਣ ਵਾਲੀਆਂ ਹਨ | ਇੰਝ ਇਹ ਵਿਸ਼ੇਸ਼-ਅੰਕ ਇਕ ਮੀਲ ਪੱਥਰ ਦਾ ਕੰਮ ਕਰਦਾ ਜਾਪਦਾ ਹੈ | ਸੁਰਜੀਤ ਰਾਮਪੁਰੀ ਅਮਨ ਲਹਿਰ ਦਾ ਅਲੰਬਰਦਾਰ, ਧੀਮੀ ਸੁਰ ਵਾਲਾ, ਨਿੰਮਾ-ਨਿੰਮਾ ਮੁਸਕਾਉਣ ਵਾਲਾ ਤੇ ਰੁਮਾਂਟਿਕ ਕਵਿਤਾ ਦਾ ਮੁਹੱਬਤੀ ਸ਼ਾਇਰ ਸੀ | ਜਿਹੜਾ ਵੀ ਮੇਰੇ ਪਿੰਡ ਦੀ ਨਹਿਰ ਦਾ ਪਾਣੀ ਪੀ ਲੈਂਦਾ, ਸ਼ਾਇਰ ਬਣ ਜਾਂਦਾ—ਇਸ ਗੱਲ ਦੀ ਪੁਸ਼ਟੀ ਹੈ ਇਸ ਪਿੰਡ ਕਲਮਕਾਰ ਗੁਰਚਰਨ ਰਾਮਪੁਰੀ, ਸੁਖਮਿੰਦਰ ਰਾਮਪੁਰੀ, ਹਰਨੇਕ ਰਾਮਪੁਰੀ, ਮਹਿੰਦਰ ਰਾਮਪੁਰੀ, ਸੁਰਿੰਦਰ ਰਾਮਪੁਰੀ ਤੇ ਹਰਬੰਸ ਰਾਮਪੁਰੀ | ਉਸ ਦੀ ਬੇਟੀ ਕਮਲਪ੍ਰੀਤ ਕੌਰ ਦੀ ਲਿਖਤ ਮੇਰੇ ਪਿਤਾ ਮੇਰੇ ਬ੍ਰਹਮਾ ਦਿਲ ਨੂੰ  ਧੂਅ ਪਾਉਣ ਵਾਲੀ | ਉਸ ਦੇ ਭਰਾ ਹਰਨੇਕ ਰਾਮਪੁਰੀ ਦੀ ਰਚਨਾ ਮੋਹ ਭਿੱਜੀ ਹੈ | ਰਾਮਪੁਰੀ ਦੀਆਂ ਚੋਣਵੀਆਂ ਕਵਿਤਾਵਾਂ, ਜੀਵਨ ਪੰਧ ਦਾ ਸਫ਼ਰ ਤੇ ਜੀਵਨ ਬਿਓਰਾ ਇਕ ਮੁਕੰਮਲ ਸੰਪਾਦਨਾ ਦਾ ਪ੍ਰਮਾਣ ਹੈ | ਇਸ ਖੋਜਨੁਮਾ ਅੰਕ 'ਚ ਉੱਚ ਪਾਏ ਦੇ ਲੇਖਕਾਂ ਦੀਆਂ ਕਾਵਿਕ ਅਤੇ ਗਲਪੀ ਕਿਰਤਾਂ ਸ਼ਾਮਿਲ ਹਨ : ਗੁਰਬਚਨ ਸਿੰਘ ਭੁੱਲਰ, ਡਾ. ਵਨੀਤਾ, ਡਾ. ਪਰਮਿੰਦਰ ਸਿੰਘ ਬੈਨੀਪਾਲ, ਮਨਮੋਹਨ ਸਿੰਘ ਦਾਊਾ, ਡਾ. ਸਿਮਰਨਜੀਤ ਸਿੰਘ, ਪ੍ਰੋ. ਗੁਰਭਜਨ ਗਿੱਲ, ਡਾ. ਸਰਬਜੀਤ ਸਿੰਘ, ਡਾ. ਸੁਖਪਾਲ ਕੌਰ ਸਮਰਾਲਾ, ਰਾਮ ਸਰੂਪ ਅਣਖੀ, ਡਾ. ਰਣਧੀਰ ਸਿੰਘ ਚੰਦ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਸਰਦੂਲ ਸਿੰਘ ਔਜਲਾ, ਕਰਤਾਰ ਸਿੰਘ ਕਾਲੜਾ, ਡਾ. ਆਤਮ ਹਮਰਾਹੀ, ਧਰਮ ਸਿੰਘ ਕੰਮੇਆਣਾ, ਪਿ੍ੰ. ਤਖ਼ਤ ਸਿੰਘ, ਤੇਲੂ ਰਾਮ ਕੁਹਾੜਾ, ਭੂਪਿੰਦਰ ਸਿੰਘ ਪੀ.ਸੀ.ਐਸ., ਡਾ. ਬਲਜੀਤ ਕੌਰ ਰਿਆੜ, ਜਸਵੰਤ ਸਿੰਘ ਕੰਵਲ, ਭਗਵੰਤ ਸਿੰਘ ਅਜਾਇਬ ਚਿੱਤਰਕਾਰ, ਅਮਰ ਹਾਂਡਾ, ਗੁਰਦਿਆਲ ਦਲਾਲ, ਇੰਦਰਜੀਤ ਹਸਨਪੁਰੀ, ਦਲਜੀਤ ਕੌਰ ਚਾਨਾ, ਪ੍ਰੋ. ਸੁਲੱਖਣ ਮੀਤ, ਡਾ. ਸ. ਨ. ਸੇਵਕ, ਉਲਫ਼ਤ ਬਾਜਵਾ, ਸਤੀਸ਼ ਗੁਲਾਟੀ, ਹਰਭਜਨ ਸਿੰਘ ਮਾਂਗਟ, ਗੁਰਸੇਵਕ ਸਿੰਘ ਢਿੱਲੋਂ, ਰਵਿੰਦਰ ਭੱਠਲ ਤੇ ਗਗਨਦੀਪ ਸ਼ਰਮਾ | ਅੰਕ ਨੂੰ  ਸ਼ਰਬਤੀ ਘੁੱਟ ਦੇਣ ਲਈ ਕਿਤੇ-ਕਿਤੇ ਰਾਮਪੁਰੀ ਦੀ ਸ਼ਾਇਰੀ ਦੀਆਂ ਕਾਵਿ-ਟੁਕੜੀਆਂ ਚੱਖਣ ਨੂੰ  ਮਿਲਦੀਆਂ | ਜਿੱਥੇ ਰਾਮਪੁਰੀ ਦੀ ਸ਼ਾਇਰੀ ਦੀ ਸਮੀਖਿਆ ਮੁੱਲਵਾਨ ਹੈ, ਉਥੇ ਰਾਮਪੁਰੀ ਬਾਰੇ ਲਿਖੀਆਂ ਕਵਿਤਾਵਾਂ ਤੇ ਕਾਵਿ-ਚਿੱਤਰ ਗਹਿਰਾਈ ਵਾਲੇ ਹਨ | ਕਿਹਾ ਜਾ ਸਕਦਾ ਹੈ ਇਹ ਵਿਸ਼ੇਸ਼-ਅੰਕ ਹੋਰ ਰਸਾਲਿਆਂ ਨੂੰ  ਵਿਸ਼ੇਸ਼-ਅੰਕ ਕੱਢਣ ਲਈ ਸੇਧ ਦੇਵੇਗਾ | ਸ਼ਾਇਰੀ ਦਾ ਧਰੂ-ਤਾਰਾ ਸੁਰਜੀਤ ਰਾਮਪੁਰੀ ਚਮਕਦਾ ਰਹੇ | ਆਮੀਨ!
 

 

ਅਜੀਬ ਪਾਤਰਾਂ ਦੀ ਦਾਸਤਾਨ 

ਸੰਪਾਦਕ : ਬੂਟਾ ਸਿੰਘ ਚੌਹਾਨ

ਪ੍ਰਕਾਸ਼ਕ : ਸਪਤਰਿਸ਼ੀ ਪਬਲਿਸ਼ਰ ਚੰਡੀਗੜ੍ਹ

ਕੀਮਤ : 250 ਰੁਪਏ, ਸਫ਼ੇ : 156

                                                                                                           

ਸੰਪਰਕ”: 98143-80749

 
ਇਹ ਪੁਸਤਕ 14 ਨਾਮਵਰ ਲਿਖਾਰੀਆਂ ਦੇ ਉਨ੍ਹਾਂ ਅਨੋਖੇ ਪਾਤਰਾਂ ਦੀ ਦਾਸਤਾਨ ਹੈ ਜਿਨ੍ਹਾਂ ਨੂੰ  ਉਨ੍ਹਾਂ ਨੇ ਆਪਣੇ ਨਿੱਜੀ ਜੀਵਨ ਅਤੇ ਆਲੇ-ਦੁਆਲੇ ਵਿਚ ਵੇਖਿਆ, ਪਰਖਿਆ ਅਤੇ ਮਹਿਸੂਸ ਕੀਤਾ | ਹਰ ਲਿਖਾਰੀ ਨੇ ਉਸ ਪਾਤਰ ਦੇ ਨਾਂਅ ਨਾਲ ਹੀ ਉਸ ਦੀਆਂ ਕੁਦਰਤੀ ਆਦਤਾਂ, ਵਿਹਾਰ ਅਤੇ ਨਿੱਤ-ਪ੍ਰਤੀ ਜੀਵਨ ਵਿਚ ਦੂਜਿਆਂ ਦੇ ਕੰਮ ਆਉਣ ਦੇ ਕਿੱਸੇ, ਸ਼ਬਦੀ ਰੂਪ ਵਿਚ ਪੇਸ਼ ਕੀਤੇ ਹਨ | ਇਹ ਰਚਨਾਵਾਂ ਸਿਰਫ਼ ਸਾਹਿਤਕ ਰੂਪ ਹੀ ਨਹੀਂ, ਸਗੋਂ ਸਾਡੇ ਲਈ ਸੰਦੇਸ਼ ਵੀ ਹਨ | ਇਨ੍ਹਾਂ ਨੂੰ  ਪੜ੍ਹ ਕੇ ਅਸੀਂ ਉਨ੍ਹਾਂ ਪਾਤਰਾਂ ਦੀ ਸਹਿਜਤਾ, ਸਬਰ, ਸ਼ੁਕਰਾਨੇ, ਸਮਰਪਣ ਅਤੇ ਨਿਰਸਵਾਰਥ ਮੋਹ ਵਰਗੇ ਗੁਣਾਂ ਦਾ ਅਨੁਕਰਨ ਕਰ ਕੇ ਆਪਣੇ ਜੀਵਨ ਵਿਚ ਵੀ ਨਿਸ਼ਕਾਮ ਕਰਮਾਂ ਨੂੰ  ਅਪਣਾ ਸਕਦੇ ਹਾਂ | ਇਹ ਪਾਤਰ ਬਾਹਰੋਂ ਭਾਵੇਂ ਮਜਬੂਰ ਅਤੇ ਆਰਥਿਕ ਤੰਗੀ ਦੇ ਸ਼ਿਕਾਰ ਜਾਪਦੇ ਹਨ, ਪਰ ਅੰਦਰੋਂ ਚੇਤੰਨ ਅਤੇ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ | ਜਿਸ ਪਰਿਵਾਰ ਵਿਚ ਇਹ ਵਿਚਰਦੇ ਹਨ, ਉਸੇ ਦੇ ਅੰਗ ਬਣ ਜਾਂਦੇ ਹਨ ਅਤੇ ਵਿਛੋੜੇ ਤੋਂ ਬਾਅਦ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ |
'ਕਿਸ਼ਨ ਸਿੰਘ' ਤੋਂ ਸ਼ੁਰੂ ਹੋ ਕੇ 'ਓਏ ਸਦੀਕ ਓਏ' ਤੱਕ ਦੇ 14 ਪਾਤਰ ਆਪਣੇ-ਆਪਣੇ ਤੌਰ 'ਤੇ ਪ੍ਰਭਾਵਸ਼ਾਲੀ ਹਨ | ਸਾਰੇ ਲਿਖਾਰੀਆਂ ਨੇ ਸ਼ਬਦਾਂ ਦੀ ਸੰਵੇਦਨਾ ਕਾਇਮ ਰੱਖਦੇ ਹੋਏ ਮਨੁੱਖੀ ਰਿਸ਼ਤਿਆਂ, ਯਾਰਾਂ-ਦੋਸਤਾਂ ਅਤੇ ਪਰਿਵਾਰ ਨਾਲ ਜੁੜੇ ਪਲਾਂ ਨੂੰ  ਬੜੇ ਸਹਿਜ ਢੰਗ ਨਾਲ ਸਾਡੇ ਸਾਹਮਣੇ ਰੱਖਿਆ ਹੈ | ਕਾਮਰੇਡ ਜ਼ੋਰਾ ਸਿੰਘ, ਕਰਤਾਰਾ ਕਰੈਕ, ਗੋਪਾਲ, ਭੂਆ ਏਮਨਾ ਵਰਗੇ ਕਿਰਦਾਰ ਇਸ ਪੁਸਤਕ ਨੂੰ  ਇਕ ਵੱਖਰੀ ਉਚਾਈ ਪ੍ਰਦਾਨ ਕਰਦੇ ਹਨ |
ਇਹ ਸਭ ਪਾਤਰ ਸਮੇਂ ਦੀ ਚਾਲ ਬਦਲ ਕੇ ਸਿਆਣਿਆਂ ਨੂੰ  ਵੀ ਸੋਚਣ ਲਈ ਮਜਬੂਰ ਕਰ ਰਹੇ ਹਨ ਕਿ ਕਿਸ ਤਰ੍ਹਾਂ ਮਨੁੱਖੀ ਜੀਵਨ ਦੀਆਂ ਤੰਗੀਆਂ ਨੂੰ  ਸਹਾਰਦੇ ਹੋਏ, ਖਾਹਿਸ਼ਾਂ ਨੂੰ  ਵਿਸਾਰ ਕੇ ਅਨੰਦਮਈ ਜੀਵਨ ਬਤੀਤ ਕੀਤਾ ਜਾ ਸਕਦਾ ਹੈ |  ਬੂਟਾ ਸਿੰਘ ਚੌਹਾਨ ਜੀ ਨੇ ਇਨ੍ਹਾਂ ਵਾਰਤਕ ਰਚਨਾਵਾਂ ਨੂੰ  ਬੜੀ ਸੰਜੀਦਗੀ ਨਾਲ ਸੰਪਾਦਿਤ ਕਰ ਕੇ ਸਿਰਫ਼ ਇਕ ਪੁਸਤਕ ਹੀ ਨਹੀਂ, ਸਗੋਂ ਇਕ ਜੀਵਨ-ਜਾਚ ਸਾਡੇ ਸਾਹਮਣੇ ਰੱਖੀ ਹੈ | ਸਮੁੱਚੇ ਤੌਰ 'ਤੇ ਇਹ ਪੁਸਤਕ ਸਾਨੂੰ ਸਿਖਾਉਂਦੀ ਹੈ ਕਿ ਤੰਗੀਆਂ ਸਹਾਰਦੇ ਹੋਏ ਵੀ ਕਿਵੇਂ ਅਨੰਦਮਈ ਜੀਵਨ ਜੀਵਿਆ ਜਾ ਸਕਦਾ ਹੈ | 
 
-ਡਾ. ਇੰਦਰ ਪਾਲ ਸਿੰਘ
ਮੋਬਾਈਲ : 97795-84235
 

ਧਰਤੀ ਪੁੱਤਰ

ਲੇਖਕ : ਜੋਰਾ ਸਿੰਘ ਮੰਡੇਰ 

ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ 

ਮੁੱਲ : 350 ਰੁਪਏ, ਸਫ਼ੇ : 143

                                                                                                         

ਸੰਪਰਕ : 94179-69201

 
ਉੱਘੇ ਸਾਹਿਤਕਾਰ ਜੋਰਾ ਸਿੰਘ ਮੰਡੇਰ ਦੁਆਰਾ ਰਚਿਤ ਨਾਵਲ 'ਧਰਤੀ ਪੁੱਤਰ' ਪੰਜਾਬ ਦੀ ਕਿਸਾਨੀ, ਪੇਂਡੂ ਸਮਾਜਿਕ ਤਾਣੇ-ਬਾਣੇ ਅਤੇ ਬਦਲਦੀਆਂ ਆਰਥਿਕ ਪਰਿਸਥਿਤੀਆਂ ਦਾ ਇਕ ਬਹੁਤ ਹੀ ਸੰਜੀਦਾ ਅਤੇ ਚੇਤੰਨ ਦਸਤਾਵੇਜ਼ ਹੈ | ਇਹ ਨਾਵਲ ਮੁੱਖ ਤੌਰ 'ਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਹੋਂਦ ਵਿਚ ਆਇਆ ਹੈ | ਲੇਖਕ ਨੇ ਇਸ ਰਚਨਾ ਰਾਹੀਂ ਕਾਰਪੋਰੇਟ ਨੀਤੀਆਂ ਦੁਆਰਾ ਕਿਸਾਨਾਂ ਦੀ ਹੁੰਦੀ ਲੁੱਟ, ਖੇਤੀ ਲਾਗਤਾਂ ਦੇ ਵਧਣ ਅਤੇ ਫ਼ਸਲਾਂ ਦੇ ਵਾਜਬ ਭਾਅ ਨਾ ਮਿਲਣ ਦੀਆਂ ਸਮੱਸਿਆਵਾਂ ਨੂੰ  ਪਾਤਰਾਂ ਦੇ ਸੰਵਾਦਾਂ ਰਾਹੀਂ ਬੜੀ ਖੂਬਸੂਰਤੀ ਨਾਲ ਉਭਾਰਿਆ ਹੈ |  ਨਾਵਲ ਦੀ ਕਹਾਣੀ ਲਾਇਲਪੁਰ ਦੀ ਉਪਜਾਊ ਜ਼ਮੀਨ ਛੱਡ ਕੇ ਦੇਸ਼ ਵੰਡ ਤੋਂ ਬਾਅਦ ਪਿੰਡ ਸ਼ਤਰਾਣਾ (ਪਟਿਆਲਾ ਖੇਤਰ) ਵਿਚ ਆ ਕੇ ਵਸੇ ਬਖਤੌਰ ਸਿੰਘ ਦੇ ਪਰਿਵਾਰ ਦੁਆਲੇ ਘੁੰਮਦੀ ਹੈ | ਬਖਤੌਰ ਸਿੰਘ ਅਣਥੱਕ ਮਿਹਨਤ ਨਾਲ ਰੇਤੀਲੇ ਟਿੱਬਿਆਂ ਨੂੰ  ਵਾਹੀਯੋਗ ਬਣਾਉਂਦਾ ਹੈ | ਉਸ ਦਾ ਪੁੱਤਰ ਪਿਆਰਾ ਸਿੰਘ  ਅੱਠਵੀਂ ਜਮਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ ਪਿੰਡ ਅਤੇ ਕਿਸਾਨੀ ਮਸਲਿਆਂ ਵਿਚ ਸਰਗਰਮ ਭੂਮਿਕਾ ਨਿਭਾਉਂਦਾ ਹੈ | ਉਸ ਦੀ ਸੂਝ-ਬੂਝ ਕਰਕੇ ਪਿੰਡ ਵਾਸੀ ਉਸ ਨੂੰ  ਸਰਬਸੰਮਤੀ ਨਾਲ ਸਰਪੰਚ ਵੀ ਚੁਣਦੇ ਹਨ | ਪਿਆਰਾ ਸਿੰਘ ਆਪਣੀ ਧੀ ਹਰਦੀਪ ਨੂੰ  ਐੱਮ. ਬੀ. ਬੀ. ਐੱਸ. ਕਰਵਾ ਕੇ ਡਾਕਟਰ ਬਣਾਉਂਦਾ ਹੈ, ਜੋ ਸਮਾਜਿਕ ਤਰੱਕੀ ਦੀ ਪ੍ਰਤੀਕ ਹੈ | 'ਧਰਤੀ ਪੁੱਤਰ' ਕੇਵਲ ਜੱਟ ਕਿਸਾਨੀ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਪੰਜਾਬ ਦੇ ਹੋਰਨਾਂ ਰਵਾਇਤੀ ਵਰਗਾਂ ਦੇ ਦੁਖੜਿਆਂ ਨੂੰ  ਵੀ ਬਿਆਨ ਕਰਦਾ ਹੈ | ਲੇਖਕ ਨੇ ਆਰਥਿਕ ਮੰਦਹਾਲੀ ਅਤੇ ਹਰੀ ਕ੍ਰਾਂਤੀ/ਮਸ਼ੀਨੀਕਰਨ ਕਾਰਨ ਬੇਰੋਜ਼ਗਾਰ ਹੋਏ ਦਸਤਕਾਰਾਂ (ਗੱਡੀਆਂ ਵਾਲੇ ਲੁਹਾਰਾਂ) ਦੇ ਜੀਵਨ ਦਾ ਦਰਦ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਹੈ | ਇਸ ਦੇ ਨਾਲ ਹੀ ਨਾਵਲ ਵਿਚ ਜੱਟਾਂ ਅਤੇ ਮਹਾਜਨਾਂ  ਦੇ ਆਪਸੀ ਪੀੜ੍ਹੀ ਦਰ ਪੀੜ੍ਹੀ ਚੱਲਦੇ ਸੁਖਾਵੇਂ ਸੰਬੰਧਾਂ ਅਤੇ ਭਾਈਚਾਰਕ ਸਾਂਝ ਨੂੰ  ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ | ਇਹ ਨਾਵਲ ਮਾਲਵਾ ਖੇਤਰ (ਸ਼ਤਰਾਣਾ, ਦਾਨਗੜ੍ਹ, ਬੜਬਰ, ਪਟਿਆਲਾ) ਦੀ ਆਂਚਲਿਕਤਾ ਨੂੰ  ਆਪਣੇ ਵਿਚ ਸਮੋਈ ਬੈਠਾ ਹੈ | ਨਾਵਲਕਾਰ ਦੀ ਭਾਸ਼ਾ ਸਰਲ, ਠੇਠ ਪੰਜਾਬੀ ਅਤੇ ਪਾਤਰਾਂ ਦੇ ਅਨੁਕੂਲ ਹੈ | ਨਾਵਲ ਦੀ ਇੱਕ ਵੱਡੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਕੋਈ ਸਪੱਸ਼ਟ ਖਲਨਾਇਕ ਜਾਂ ਨਾਇਕ ਨਜ਼ਰ ਨਹੀਂ ਆਉਂਦਾ, ਸਗੋਂ ਸਾਰੇ ਪਾਤਰ ਕੁਦਰਤੀ ਰੂਪ ਵਿਚ ਆਪਣਾ ਜੀਵਨ ਜਿਊਾਦੇ ਹਨ | 'ਧਰਤੀ ਪੁੱਤਰ' ਕਿਸਾਨ ਅੰਦੋਲਨ, ਪੰਜਾਬੀਅਤ ਅਤੇ ਬਦਲ ਰਹੇ ਪੰਜਾਬੀ ਸਮਾਜ ਉੱਤੇ ਲਿਖਿਆ ਗਿਆ ਇੱਕ ਬਹੁਤ ਹੀ ਸਫਲ ਅਤੇ ਕਲਾਤਮਕ ਨਾਵਲ ਹੈ | ਜੋਰਾ ਸਿੰਘ ਮੰਡੇਰ ਦੀ ਇਹ ਗਲਪੀ ਸੂਝ ਪੰਜਾਬੀ ਸਾਹਿਤ ਵਿਚ ਇੱਕ ਸਾਰਥਕ ਯੋਗਦਾਨ ਪਾਉਂਦੀ ਹੈ | 
 
-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-42244

 

ਜਿੱਥੇ ਲਿਖਤ ਸਾਹ ਲੈਂਦੀ ਹੈ

ਲੇਖਕ : ਡਾ. ਪਰਮਜੀਤ ਢੀਂਗਰਾ 

ਪ੍ਰਕਾਸ਼ਕ : ਰੀਥਿੰਕ ਬੁੱਕਸ ਸੰਗਰੂਰ 

ਮੁੱਲ : 499 ਰੁਪਏ, ਸਫ਼ੇ : 290 

                                                                                                              

ਸੰਪਰਕ : 94648-95424

 
ਪਰਮਜੀਤ ਢੀਂਗਰਾ ਮੁੱਖ ਤੌਰ 'ਤੇ ਇਕ ਭਾਸ਼ਾ ਵਿਗਿਆਨੀ ਹੈ | ਉਹਦਾ 'ਸ਼ਬਦੋ ਵਣਜਾਰਿਓ' ਕਾਲਮ ਇਕ ਪੰਜਾਬੀ ਅਖ਼ਬਾਰ ਵਿਚ ਛਪਦਾ ਰਿਹਾ ਹੈ | ਉਸ ਨੇ 2 ਕਹਾਣੀ ਸੰਗ੍ਰਹਿ, 7 ਵਾਰਤਕ ਸੰਗ੍ਰਹਿ, 7 ਅਨੁਵਾਦ ਤੇ ਕੁਝ ਆਲੋਚਨਾ ਪੁਸਤਕਾਂ ਵੀ ਲਿਖੀਆਂ ਹਨ | ਰੀਵਿਊ ਅਧੀਨ ਕਿਤਾਬ ਵਿਚ ਤਤਕਰਾ ਤਾਂ ਗ਼ੈਰ-ਹਾਜ਼ਰ ਹੈ ਪਰ ਇਸ ਵਿਚ ਛੋਟੇ-ਛੋਟੇ 108 ਲੇਖ ਸ਼ਾਮਿਲ ਹਨ | ਇਹ ਸਾਰੇ ਲੇਖ ਵੱਖ-ਵੱਖ ਵਿਸ਼ਿਆਂ ਬਾਰੇ ਹਨ ਤੇ ਇਨ੍ਹਾਂ ਨੂੰ  ਇਕੋ ਪੈਰੇ ਵਿਚ ਸਮੇਟਿਆ ਗਿਆ ਹੈ | ਇਹ ਪੈਰੇ 66 ਪੰਕਤੀਆਂ ਤੱਕ ਵੀ ਚਲੇ ਗਏ ਹਨ | ਹਰ ਲੇਖ ਦੇ ਅੰਤ ਵਿਚ ਪੋਸਟ ਸਕਿ੍ਪਟ ਵੀ ਦਿੱਤੀ ਗਈ ਹੈ | ਕਿਤੇ-ਕਿਤੇ ਦੋ-ਦੋ ਪੋਸਟ ਸਕਿ੍ਪਟਾਂ ਵੀ ਆਈਆਂ ਹਨ | ਇਨ੍ਹਾਂ ਲੇਖਾਂ ਵਿਚ ਲੇਖਕ ਨੇ ਪੜ੍ਹੀਆਂ/ਵਾਚੀਆਂ ਕਿਤਾਬਾਂ 'ਚੋਂ ਬਹੁਤ ਸਾਰੀ ਮਹੱਤਵਪੂਰਨ ਸਮੱਗਰੀ ਵੀ ਸਾਂਝੀ ਕੀਤੀ ਹੈ | ਕੁਝ ਲੇਖ ਵਿਛੜੇ ਕਲਾਕਾਰਾਂ ਨੂੰ  ਸ਼ਰਧਾਂਜਲੀ ਵਜੋਂ ਹਨ (ਬਿਸਮਿੱਲਾ ਸ਼ਹਿਨਾਈ ਦਾ ਜਾਦੂ, ਹਾਸਿਆਂ ਦਾ ਵਣਜਾਰਾ-ਅਸਰਾਨੀ, ਬੇਦੀ ਜਿਸੇ ਕਹਤੇ ਹੈਂ, ਤਬਲੇ ਦੀ ਥਾਪ-ਵਾਹ ਉਸਤਾਦ! ਵਾਹ, ਅਲਵਿਦਾ! ਯਾਮਿਨੀ ਕਿ੍ਸ਼ਨਾਮੂਰਤੀ, ਕਿਸ਼ੋਰ ਕੁਮਾਰ, ਸਿਆਲਕੋਟੀ ਮੁੰਡਾ-ਫ਼ੈਜ਼ ਅਹਿਮਦ ਫ਼ੈਜ਼, ਸਲਿਲ ਚੌਧਰੀ, ਮੰਟੋ ਆਦਿ) | ਸੁਪਨਿਆਂ ਨਾਲ ਸੰਬੰਧਿਤ ਕਈ ਲੇਖ ਹਨ-ਕੁਦਰਤ ਤੇ ਕਿਤਾਬਾਂ ਜਾਗਦੀਆਂ ਅੱਖਾਂ ਦੇ ਸੁਪਨੇ ਹਨ, ਸੁਪਨਿਆਂ ਦੀ ਹਕੀਕਤ, ਅੱਜ ਦਾ ਸੁਪਨਾ- ਕੱਲ੍ਹ ਦੀ ਹਕੀਕਤ, ਦਿ੍ਸ਼ਟੀਹੀਨਾਂ ਦਾ ਸੁਪਨ ਸੰਸਾਰ) | ਕੁਝ ਇਕ ਲੇਖਾਂ ਦੀ ਲੰਬਾਈ ਕਰਕੇ ਸਿਰਫ਼ ਇਕੋ ਪੰਕਤੀ ਅਗਲੇ ਪੰਨੇ 'ਤੇ ਪ੍ਰਕਾਸ਼ਿਤ ਹੋਈ ਹੈ ਤੇ ਬਾਕੀ ਸਾਰਾ ਪੰਨਾ ਖਾਲੀ ਰਹਿ ਗਿਆ ਹੈ (ਪੰੰਨਾ 115, 159, 162, 165, 256)-ਇਸ ਤੋਂ ਬਚਣਾ ਚਾਹੀਦਾ ਹੈ | ਕੁਝ ਲੇਖ ਅਖ਼ਬਾਰੀ ਖ਼ਬਰਾਂ ਨੂੰ  ਮੁੱਖ ਰੱਖ ਕੇ ਲਿਖੇ ਗਏ ਹਨ (ਮੋਬਾਈਲ ਚੋਰਾਂ ਦੇ ਕਾਰਨਾਮੇ) | ਲੇਖਕ ਨੇ ਨਵੇਂ ਅੱਖਰਜੋੜ ਘੜਨ ਦੀ ਕੋਸ਼ਿਸ਼ ਵੀ ਕੀਤੀ ਹੈ-ਸੁਨ੍ਹੈਰੀ (ਸੁਨਹਿਰੀ), ਬ੍ਹੇਤਰ (ਬਿਹਤਰ) ਆਦਿ | ਕੁਝ ਲੇਖਾਂ ਦੇ ਸਿਰਲੇਖ ਸਧਾਰਨ ਪੱਧਰ ਦੇ ਜਾਪਦੇ ਹਨ ਪਰ ਉਨ੍ਹਾਂ ਵਿਚ ਗੰਭੀਰਤਾ ਤੇ ਡੂੰਘਾਈ ਸਮੁੰਦਰ ਜਿਹੀ ਹੈ | ਹਰ ਲੇਖ ਵਿਚ ਅਜਿਹੇ ਸੁਹਜ-ਆਤਮਿਕ ਵਾਕ ਜ਼ਰੂਰ ਮਿਲ ਜਾਣਗੇ ਜੋ ਮਾਣਨਯੋਗ ਵੀ ਹਨ ਤੇ ਪੜ੍ਹਨਯੋਗ ਵੀ :
* ਜਿਹੜੇ ਲੋਕ ਘੱਟ ਜਾਣਦੇ ਹਨ ਉਹ ਜ਼ਿਆਦਾ ਗਾਲੜੀ ਹੁੰਦੇ ਹਨ ਤੇ ਜਿਹੜੇ ਜ਼ਿਆਦਾ ਜਾਣਦੇ ਹੁੰਦੇ ਹਨ, ਉਹ ਘੱਟ ਬੋਲਦੇ ਨੇ | (36)
* ਜ਼ਮੀਨ 'ਤੇ ਅਸੀਂ ਇੰਜ ਤੁਰੀਏ ਜਿਵੇਂ ਉਹ ਸਾਡੇ ਪੈਰਾਂ ਹੇਠ ਸਾਹ ਲੈ ਰਹੀ ਹੋਵੇ | (60)
* ਜੇ ਅਸੀਂ ਨਿੰਮ ਦਾ ਇਕ ਰੁੱਖ ਲਾ ਲਈਏ ਤਾਂ ਇਹ ਇਕ ਸਾਲ ਵਿਚ ਸਾਨੂੰ ਸਾਢੇ ਸੱਤ ਲੱਖ ਰੁਪਏ ਦੀ ਆਕਸੀਜਨ ਦਿੰਦਾ ਹੈ | (70)
* ਮਨੁੱਖ ਨੂੰ  ਆਪਣੇ ਕੋਲ ਬੈਠਣ ਦੀ ਹਸਰਤ ਤੇ ਜ਼ਿੰਦਗੀ ਜਿਊਣ ਦਾ ਸਲੀਕਾ ਭੁੱਲਦਾ ਜਾ ਰਿਹਾ ਹੈ | (228)
ਆਮ ਪਾਠਕ ਦੇ ਸਮਝ ਵਿਚ ਆਉਣ ਵਾਲੀ ਸਾਫ਼, ਸਪੱਸ਼ਟ ਸ਼ੈਲੀ/ਸ਼ਬਦਾਵਲੀ ਵਿਚ ਲਿਖੇ ਹੋਏ ਹਨ ਸਾਰੇ ਲੇਖ |
 
-ਪ੍ਰੋ. ਨਵ ਸੰਗੀਤ ਸਿੰਘ 
ਮੋਬਾਈਲ : 94176-92015  

 

ਪਿਛਲੀ ਖ਼ਬਰ ਗ੍ਰੀਕ ਰੋਮਨ ਪਰੰਪਰਾਵਾਂ ਨੂੰ ਪੁਨਰ ਜਨਮ ਦੇਣ ਵਾਲੀ ਅਗਲੀ ਖ਼ਬਰ 'ਨਾਸਿਰ' ਕਾਜ਼ਮੀ (08 ਦਸੰਬਰ 1925 ਤੋਂ 02 ਮਾਰਚ 1972 ਤੱਕ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।