ਮਲੋਟ, 11 ਮਈ (ਪਾਟਿਲ)-ਪ੍ਰਾਚੀਨ ਸ਼ਨੀ ਮੰਦਰ ਪਟੇਲ ਨਗਰ ਮਲੋਟ ਦੇ ਸੇਵਕ ਪੰਡਿਤ ਮਹਾਂਵੀਰ ਪ੍ਰਸ਼ਾਦ ਤੋਂ ਸ਼ਨੀ ਜਯੰਤੀ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਸਮਾਗਮ ਲਈ ਇਕੱਤਰ ਕੀਤੀ ਗਈ ਦਾਨ ਰਾਸ਼ੀ ਅਣਪਛਾਤੇ ਨੌਜਵਾਨਾਂ ਵਲੋਂ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਪੰਡਿਤ ਮਹਾਂਵੀਰ ਪ੍ਰਸ਼ਾਦ ਵਲੋਂ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੰਡਿਤ ਮਹਾਂਵੀਰ ਪ੍ਰਸ਼ਾਦ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਨੀ ਮਹਾਰਾਜ ਜੀ ਦੀ ਜਯੰਤੀ ਮੌਕੇ ਵਿਸ਼ਾਲ ਜਾਗਰਨ ਤੇ ਭੰਡਾਰਾ ਕਰਵਾਇਆ ਗਿਆ | ਇਸ ਸੰਬੰਧ ਵਿਚ ਉਹ ਮੇਨ ਬਾਜ਼ਾਰ ਵਿਚ ਸੱਦਾ ਪੱਤਰ ਤੇ ਕਾਰਡ ਵੰਡ ਰਹੇ ਸਨ ਅਤੇ ਨਾਲ ਹੀ ਸੰਗਤਾਂ ਵਲੋਂ ਦਿੱਤੀ ਜਾ ਰਹੀ ਸੇਵਾ ਰਾਸ਼ੀ ਇਕੱਤਰ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋ ਅਣਪਛਾਤੇ ਨੌਜਵਾਨ ਉਨ੍ਹਾਂ ਕੋਲ ਆਏ ਅਤੇ ਸਮਾਗਮ ਬਾਰੇ ਜਾਣਕਾਰੀ ਲੈਣ ਲੱਗੇ | ਨੌਜਵਾਨਾਂ ਨੇ ਆਪਣੇ-ਆਪ ਨੂੰ ਸੇਵਾ ਕਰਨ ਵਾਲੇ ਦੱਸਦਿਆਂ 100 ਰੁਪਏ ਦੀ ਪਰਚੀ ਕੱਟਣ ਲਈ ਕਿਹਾ | ਪੰਡਿਤ ਮਹਾਂਵੀਰ ਪ੍ਰਸ਼ਾਦ ਨੇ ਉਨ੍ਹਾਂ ਦੀ 100 ਰੁਪਏ ਦੀ ਪਰਚੀ ਕੱਟ ਦਿੱਤੀ, ਜਿਸ ਤੋਂ ਬਾਅਦ ਨੌਜਵਾਨਾਂ ਨੇ ਉਨ੍ਹਾਂ ਨੂੰ ਵੱਡੇ ਨੋਟ ਦਿੱਤੇ ਅਤੇ ਬਕਾਇਆ ਰਕਮ ਵਾਪਸ ਕਰਨ ਲਈ ਖੁੱਲ੍ਹੇ ਪੈਸੇ ਮੰਗੇ | ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਬੈਗ ਵਿਚੋਂ ਖੁੱਲ੍ਹੇ ਪੈਸੇ ਕੱਢਣ ਲੱਗੇ ਤਾਂ ਨੌਜਵਾਨਾਂ ਨੇ ਅਚਾਨਕ ਹੱਥ ਮਾਰ ਕੇ ਬੈਗ ਵਿਚ ਪਈ ਕਰੀਬ 8 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਖੋਹ ਲਈ ਅਤੇ ਮੋਟਰਸਾਈਕਲ 'ਤੇ ਫਰਾਰ ਹੋ ਗਏ | ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਅਤੇ ਖੋਹੀ ਗਈ ਦਾਨ ਰਾਸ਼ੀ ਵਾਪਸ ਦਿਵਾਈ ਜਾਵੇ | ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਇਹ ਰਕਮ ਉਨ੍ਹਾਂ ਦੀ ਨਿੱਜੀ ਨਹੀਂ, ਸਗੋਂ ਸੰਗਤਾਂ ਵਲੋਂ ਬਾਬਾ ਜੀ ਦੇ ਭੰਡਾਰੇ ਲਈ ਦਿੱਤੀ ਗਈ ਸੇਵਾ ਰਾਸ਼ੀ ਹੈ | ਉਨ੍ਹਾਂ ਦੋਸ਼ੀਆਂ ਨੂੰ ਅਪੀਲ ਕੀਤੀ ਕਿ ਉਹ ਮੰਦਰ ਵਿਚ ਆ ਕੇ ਰਕਮ ਵਾਪਸ ਜਮ੍ਹਾਂ ਕਰਵਾ ਦੇਣ, ਤਾਂ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕਰਵਾਈ ਜਾਵੇਗੀ |